ਚੰਡੀਗੜ੍ਹ : ਜਲੰਧਰ ਕੈਂਟ ਤੋਂ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਦੀ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ, ਜਿਸ ਵਿਚ ਉਨ੍ਹਾਂ ਨੇ ਕੈਪਟਨ ਸਰਕਾਰ ਦੀ ਤਿੰਨ ਸਾਲ ਦੀ ਕਾਰਗੁਜ਼ਾਰੀ 'ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਇਸ ਚਾਰ ਸਫ਼ਿਆਂ ਦੇ ਪੱਤਰ ਵਿਚ ਮੁੱਖ ਮੰਤਰੀ ਨੂੰ ਸੰਬੋਧਨ ਕਰਦਿਆਂ ਪਰਗਟ ਸਿੰਘ ਨੇ ਕਿਹਾ ਹੈ ਕਿ ਕੀਤੇ ਵਾਅਦੇ ਮੁਤਾਬਕ ਸੂਬੇ ਅੰਦਰ ਨਸ਼ਿਆਂ ਦੇ ਚਲਨ ਨੂੰ ਠੱਲ੍ਹਣ 'ਚ ਅਸੀਂ ਸਫ਼ਲ ਨਹੀਂ ਹੋਏ। ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਅਤੇ ਰੇਤ, ਟਰਾਂਸਪੋਰਟ ਤੇ ਸ਼ਰਾਬ ਮਾਫੀਏ ਉੱਪਰ ਸ਼ਿਕੰਜਾ ਕੱਸਣ ਦੀ ਗੱਲ ਤਾਂ ਸ਼ੁਰੂ ਨਹੀਂ ਹੋ ਸਕੀ। ਅਕਾਲੀ-ਭਾਜਪਾ ਸਰਕਾਰ ਵਲੋਂ ਅਨਾਜ ਖ਼ਰੀਦ 'ਚੋਂ 31 ਹਜ਼ਾਰ ਕਰੋੜ ਰੁਪਏ ਦੇ ਕਸਾਰੇ ਨੂੰ ਕਰਜ਼ੇ 'ਚ ਬਦਲਣ ਦੇ ਵੱਡੇ ਘੁਟਾਲੇ ਦੀ ਜਾਂਚ ਤੋਂ ਵਾਅਦੇ ਉੱਪਰ ਵੀ ਅਮਲ ਹੋਣਾ ਅਜੇ ਬਾਕੀ ਹੈ। ਨਿੱਜੀ ਬਿਜਲੀ ਕੰਪਨੀਆਂ ਨਾਲ ਹੋਏ ਸਮਝੌਤਿਆਂ ਬਾਰੇ ਲਾਏ ਵੱਡੇ ਦੋਸ਼ਾਂ ਬਾਰੇ ਤਾਂ ਚੁੱਪ ਹੀ ਧਾਰੀ ਹੋਈ ਹੈ। ਉਨ੍ਹਾਂ ਲਿਖਿਆ ਹੈ ਕਿ 77 ਸੀਟਾਂ ਜਿਤਾ ਕੇ ਤੁਹਾਡੀ ਸਰਕਾਰ ਬਣਾਉਣ ਵਾਲੇ ਪੰਜਾਬੀ ਅਫ਼ਸੋਸ ਦੀ ਗੱਲ ਹੈ ਕਿ ਤੁਹਾਡੀ ਅਗਵਾਈ ਵਾਲੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੋ ਰਹੇ ਹਨ। ਉਨ੍ਹਾਂ ਲਿਖਿਆ ਹੈ ਕਿ ਕਾਂਗਰਸ ਦੀ ਸਰਕਾਰ ਬਣਨ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੇ ਸਭ ਤੋਂ ਵੱਧ ਹਿੱਸਾ ਪਾਇਆ ਸੀ। ਉਨ੍ਹਾਂ ਸਵਾਲ ਕੀਤਾ ਹੈ ਕਿ ਬੇਅਦਬੀ ਦੇ ਮੁਜਰਮਾਂ ਨੂੰ ਕਟਹਿਰੇ 'ਚ ਖੜ੍ਹਾ ਕਰਨ ਅਤੇ ਜ਼ੁਲਮ ਕਰਨ ਵਾਲੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ 'ਚ ਖੜ੍ਹਾ ਕਰਨ ਲਈ ਸਾਡੀ ਸਰਕਾਰ ਦੇ ਯਤਨ ਲੋਕ ਮਨਾਂ 'ਚ ਸ਼ੱਕ ਦੇ ਘੇਰੇ ਵਿਚ ਕਿਉਂ ਆ ਰਹੇ ਹਨ?
ਪਰਗਟ ਸਿੰਘ ਨੇ ਕਿਹਾ ਕਿ 'ਮੈਂ ਤੁਹਾਨੂੰ ਨਿੱਜੀ ਹੈਸੀਅਤ 'ਚ ਪੱਤਰ ਲਿਖ ਰਿਹਾ ਹਾਂ ਕਿਉਂਕਿ ਮੈਨੂੰ ਪੰਜਾਬ ਨਾਲ ਪਿਆਰ ਹੈ ਤੇ ਤੁਹਾਡੇ ਲਈ ਸਤਿਕਾਰ ਹੈ।' ਉਨ੍ਹਾਂ ਚੋਣਾਂ ਸਮੇਂ ਕੀਤੇ ਵਾਅਦਿਆਂ ਦੀ ਗੱਲ ਕਰਦਿਆਂ ਕਿਹਾ ਹੈ ਕਿ ਨਸ਼ਿਆਂ ਦੇ ਚਲਨ ਨੂੰ ਕੋਈ ਠੱਲ੍ਹ ਨਹੀਂ ਪੈ ਰਹੀ। ਬਾਦਲਾਂ ਦੇ ਰਾਜ ਸਮੇਂ ਖ਼ਜ਼ਾਨਾ ਲੁੱਟਣ ਲਈ ਰੱਖੀਆਂ ਚੋਰ ਮੋਰੀਆਂ ਬੰਦ ਕਰਨ ਵੱਲ ਧਿਆਨ ਕੇਂਦਰਤ ਨਹੀਂ ਕੀਤਾ ਗਿਆ। ਸ਼ਰਾਬ ਤੇ ਰੇਤੇ ਦੇ ਵਪਾਰ 'ਚ ਸਰਕਾਰੀ ਕਾਰਪੋਰੇਸ਼ਨ ਬਣਾਉਣ ਲਈ ਸਾਨੂੰ ਮੁੜ ਸੋਚਣ ਦੀ ਲੋੜ ਹੈ। ਉਨ੍ਹਾਂ ਲਿਖਿਆ ਹੈ ਕਿ ਰੇਤੇ ਤੋਂ ਪੈਸੇ ਤਾਂ ਬਹੁਤ ਕਮਾਇਆ ਜਾ ਰਿਹਾ ਹੈ ਪਰ ਇਹ ਸਰਕਾਰ ਦਾ ਖ਼ਜ਼ਾਨਾ ਭਰਨ ਦੀ ਬਜਾਏ ਨਿੱਜੀ ਹੱਥਾਂ ਵਿਚ ਜਾ ਰਿਹਾ ਹੈ।
ਦੂਜੇ ਪਾਸੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਵਿਧਾਇਕ ਪਰਗਟ ਸਿੰਘ ਵਲੋਂ ਇਹ ਚਿੱਠੀ ਹੁਣ ਨਹੀਂ ਸਗੋਂ ਦੋ ਮਹੀਨੇ ਪਹਿਲਾਂ ਮੁੱਖ ਮੰਤਰੀ ਨੂੰ ਲਿਖੀ ਗਈ ਸੀ ਪਰ ਇਹ ਹੁਣ ਅਚਾਨਕ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਇਸ ਚਿੱਠੀ ਦੇ ਮੀਡੀਆ ਵਿਚ ਆਉਣ ਤੋਂ ਬਾਅਦ ਜਦੋਂ ਪੱਤਰਕਾਰਾਂ ਵਲੋਂ ਪਰਗਟ ਸਿੰਘ ਨੂੰ ਇਸ ਬਾਬਤ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੇ ਸਟੈਂਡ 'ਤੇ ਅੱਜ ਵੀ ਕਾਇਮ ਹਨ ਅਤੇ ਉਹ ਮੁੱਖ ਮੰਤਰੀ ਦੇ ਸਾਹਮਣੇ ਆਪਣੀ ਗੱਲ ਰੱਖਣਗੇ। ਉਨ੍ਹਾਂ ਨੂੰ ਉਮੀਦ ਹੈ ਕਿ ਮੁੱਖ ਮੰਤਰੀ ਉਨ੍ਹਾਂ ਵੱਲ ਗੌਰ ਕਰਨਗੇ।
ਫਿਰੋਜ਼ਪੁਰ ਦੇ ਕਸਬਾ ਜ਼ੀਰਾ ਵਿਖੇ ਹੋਈ 11 ਲੱਖ ਦੀ ਲੁੱਟ
NEXT STORY