ਚੰਡੀਗੜ੍ਹ (ਅਸ਼ਵਨੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਦੇ ਦੰਗਿਆਂ ਦੇ ਸੰਬੰਧ ਵਿਚ ਸੁਖਬੀਰ ਬਾਦਲ ਦੇ ਬਿਆਨਾਂ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਜਦੋਂ ਇਹ ਹਿੰਸਾ ਸ਼ੁਰੂ ਹੋਈ, ਉਸ ਸਮੇਂ ਅਕਾਲੀ ਦਲ ਦਾ ਪ੍ਰਧਾਨ ਆਪਣਾ ਬੋਰੀ-ਬਿਸਤਰਾ ਬੰਨ੍ਹ ਕੇ ਅਮਰੀਕਾ ਭੱਜ ਗਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਉਹ ਖੁਦ ਇਨ੍ਹਾਂ ਘਟਨਾਵਾਂ ਦੇ ਚਸ਼ਮਦੀਦ ਹਨ ਅਤੇ ਉਨ੍ਹਾਂ ਨੇ ਮੌਕੇ 'ਤੇ ਹੀ ਇਸ ਸਬੰਧ ਵਿਚ ਸੂਚਨਾ ਪ੍ਰਾਪਤ ਕੀਤੀ ਸੀ ਜਦਕਿ ਇਸ ਗੜਬੜ ਦੌਰਾਨ ਬਾਦਲ ਮੌਕੇ ਤੋਂ ਖਿਸਕ ਗਏ ਸਨ। ਕੈਪਟਨ ਨੇ ਕਿਹਾ ਕਿ ਦੰਗਿਆਂ ਲਈ ਗਾਂਧੀ ਪਰਿਵਾਰ 'ਤੇ ਦੋਸ਼ ਮੜ੍ਹਨ ਦਾ ਸੁਖਬੀਰ ਦਾ ਬਿਆਨ ਪੂਰੀ ਤਰ੍ਹਾਂ ਆਧਾਰਹੀਣ ਅਤੇ ਬੇਤੁਕਾ ਹੈ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਦਾ ਇਸ ਨਾਲ ਕੋਈ ਵਾਸਤਾ ਨਹੀ ਹੈ। ਉਨ੍ਹਾਂ ਕਿ ਬਾਦਲ ਘਟਨਾਵਾਂ ਦੇ ਸਮੇਂ ਉੱਥੇ ਹਾਜ਼ਰ ਹੀ ਨਹੀ ਸੀ ਅਤੇ ਉਹ ਆਪਣੇ ਪੂਰੀ ਤਰ੍ਹਾਂ ਬੇਜ਼ਾਨ ਹੋ ਚੁੱਕੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਜਨਤਾ 'ਚ ਉਭਾਰਨ ਲਈ ਗਾਂਧੀ ਪਰਿਵਾਰ ਦਾ ਨਾਂ ਦੰਗਿਆਂ 'ਚ ਘੜੀਸ ਰਿਹਾ ਹੈ। ਮੁੱਖ ਮੰਤਰੀ ਨੇ ਸੁਖਬੀਰ ਦੇ ਉਸ ਬਿਆਨ ਨੂੰ ਮੁੱਢੋਂ ਰੱਦ ਕੀਤਾ ਜਿਸ 'ਚ ਉਸ ਨੇ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਕੁਰਸੀ ਬਚਾਉਣ ਲਈ ਗਾਂਧੀ ਪਰਿਵਾਰ ਦਾ ਬਚਾਅ ਕਰ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪੰਜਾਬ 'ਚ ਕਾਂਗਰਸ ਦੇ ਚੁਣੇ ਹੋਏ ਆਗੂ ਹਨ ਅਤੇ ਉਹ ਆਮ ਸਹਿਮਤੀ ਨਾਲ ਮੁੱਖ ਮੰਤਰੀ ਚੁਣੇ ਹੋਏ ਹਨ। ਉਨ੍ਹਾਂ ਨੂੰ ਨਾ ਕੇਵਲ ਸੂਬੇ ਦੇ ਲੋਕਾਂ ਦਾ ਫਤਵਾ ਹਾਸਲ ਹੈ ਸਗੋਂ ਉਨ੍ਹਾਂ ਦੀ ਪਾਰਟੀ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਲਟ ਕਾਂਗਰਸ ਜਮਹੂਰੀ ਪ੍ਰਣਾਲੀ ਦੇ ਆਧਾਰ 'ਤੇ ਕੰਮ ਕਰਦੀ ਹੈ ਨਾ ਕਿ ਆਪਣੀ ਲੀਡਰਸ਼ਿਪ ਦੀ ਮਰਜ਼ੀ ਤੇ ਇਛਾ ਨਾਲ। ਉਨ੍ਹਾਂ ਕਿਹਾ ਕਿ ਉਹ ਆਪਣੀ ਨਿੱਜੀ ਜਾਣਕਾਰੀ ਦੇ ਆਧਾਰ 'ਤੇ ਗਾਂਧੀ ਪਰਿਵਾਰ ਦੇ ਹੱਕ 'ਚ ਹਨ ਜੋ ਕਿ ਉਨ੍ਹਾਂ ਨੇ ਦੰਗਿਆਂ ਦੌਰਾਨ ਵੱਖ-ਵੱਖ ਪਨਾਹ ਕੈਂਪਾਂ ਦਾ ਦੌਰਾ ਕਰਕੇ ਹਾਸਲ ਕੀਤੀ ਸੀ।
ਨਸ਼ੇ ਦੀ ਓਵਰਡੋਜ਼ ਕਾਰਨ ਮਾਂਪਿਆਂ ਦੇ ਇਕਲੌਤੇ ਪੁੱਤ ਦੀ ਮੌਤ
NEXT STORY