ਮਾਛੀਵਾੜਾ ਸਾਹਿਬ (ਟੱਕਰ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਨ ਸਭਾ ਚੋਣਾਂ ਦੌਰਾਨ ਕੀਤਾ ਐਲਾਨ ਕਿ ਸੂਬੇ ਵਿਚ ਕਿਤੇ ਵੀ ਨਜਾਇਜ਼ ਮਾਈਨਿੰਗ ਨਹੀਂ ਹੋਣ ਦੇਵਾਂਗਾ, ਉਹ ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਦੇ ਬਾਵਜੂਦ ਵੀ ਸਿਰਫ ਐਲਾਨ ਹੀ ਰਹਿ ਗਿਆ ਹੈ। ਮਾਛੀਵਾੜਾ ਨੇੜੇ ਵਗਦੇ ਸਤਲੁਜ ਦਰਿਆ 'ਚ ਰੇਤੇ ਦੀ ਨਿਕਾਸੀ ਹੋਣ ਕਾਰਨ ਰੋਜ਼ਾਨਾ ਨਜਾਇਜ਼ ਮਾਈਨਿੰਗ ਜ਼ੋਰਾਂ 'ਤੇ ਹੈ ਅਤੇ ਇਹ ਸਭ ਕੁੱਝ ਪੁਲਸ ਪ੍ਰਸਾਸ਼ਨ ਤੇ ਸੱਤਾਧਿਰ ਦੇ ਆਗੂਆਂ ਦੀ ਮਿਲੀਭੁਗਤ ਤੋਂ ਬਿਨ੍ਹਾਂ ਸੰਭਵ ਨਹੀਂ ਹੈ। ਜਾਣਕਾਰੀ ਅਨੁਸਾਰ ਮਾਛੀਵਾੜਾ ਨੇੜੇ ਵਗਦੇ ਸਤਲੁਜ ਦਰਿਆ ਦੇ ਨਵਾਂਸ਼ਹਿਰ ਜ਼ਿਲੇ ਦੀ ਹਦੂਦ 'ਚ ਸਰਕਾਰ ਵਲੋਂ ਬੋਲੀ ਰਾਹੀਂ 2 ਮਾਨਤਾ ਪ੍ਰਾਪਤ ਖੱਡਾਂ ਬੈਰਸਾਲ ਤੇ ਮੰਢਾਲਾ ਸ਼ੁਰੂ ਕੀਤੀਆਂ ਸਨ। ਇਨ੍ਹਾਂ ਰੇਤ ਦੀਆਂ ਖੱਡਾਂ 'ਚੋਂ ਨਿਕਾਸੀ ਜ਼ੋਰਾਂ 'ਤੇ ਚੱਲਦੀ ਰਹੀ ਪਰ ਠੇਕੇਦਾਰਾਂ ਵਲੋਂ ਖੱਡਾਂ ਇੰਨੀਆਂ ਮਹਿੰਗੀਆਂ ਲੈ ਲਈਆਂ ਕਿ ਕਿਸ਼ਤਾਂ ਦੀ ਅਦਾਇਗੀ ਵੀ ਸੰਭਵ ਨਾ ਹੋ ਸਕੀ।
ਨਵਾਂਸ਼ਹਿਰ ਜ਼ਿਲੇ ਦੀ ਖੱਡ ਬੈਰਸਾਲ ਜੋ ਕਿ 4 ਕਰੋੜ ਰੁਪਏ ਹੋਈ ਜਦਕਿ ਮੰਢਾਲਾ ਸਾਢੇ 3 ਕਰੋੜ ਪ੍ਰਤੀ ਸਾਲ ਦੇ ਹਿਸਾਬ ਨਾਲ ਨਿਲਾਮ ਹੋਈ। ਇਨ੍ਹਾਂ ਖੱਡਾਂ 'ਚ ਬਰਸਾਤੀ ਸੀਜ਼ਨ ਤੋਂ ਪਹਿਲਾਂ 30 ਸਤੰਬਰ ਤੱਕ ਰੇਤੇ ਦੀ ਨਿਕਾਸੀ ਹੁੰਦੀ ਰਹੀ ਪਰ ਮੁੜ ਸ਼ੁਰੂ ਨਾ ਹੋ ਸਕੀਆਂ ਜਿਸ ਦਾ ਮੁੱਖ ਕਾਰਨ ਇਹ ਹੈ ਕਿ ਠੇਕੇਦਾਰਾਂ ਵੱਲ ਸਰਕਾਰ ਦਾ ਕਰੋੜਾਂ ਰੁਪਏ ਬਕਾਇਆ ਹੈ। ਨਵਾਂਸ਼ਹਿਰ ਮਾਈਨਿੰਗ ਅਧਿਕਾਰੀ ਰਵਿੰਦਰ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਕਿ ਬੈਰਸਾਲ ਤੇ ਮੰਢਾਲਾ ਰੇਤ ਦੀਆਂ ਖੱਡਾਂ ਦੇ ਠੇਕੇਦਾਰਾਂ ਵੱਲ ਕਰੀਬ 1-1 ਕਰੋੜ ਤੋਂ ਵੱਧ ਅਦਾਇਗੀ ਬਕਾਇਆ ਹੈ, ਜਦੋਂ ਤੱਕ ਉਹ ਬਣਦੀ ਰਾਸ਼ੀ ਵਿਭਾਗ ਕੋਲ ਜਮ੍ਹਾਂ ਨਹੀਂ ਕਰਵਾ ਦਿੰਦੇ ਇਥੋਂ ਨਿਕਾਸੀ ਸੰਭਵ ਨਹੀਂ। ਮਾਈਨਿੰਗ ਵਿਭਾਗ ਵਲੋਂ ਮਾਨਤਾ ਪ੍ਰਾਪਤ ਖੱਡਾਂ ਤੋਂ ਨਿਕਾਸੀ ਬੰਦ ਕਰਵਾ ਦਿੱਤੀ ਪਰ ਹੁਣ ਦਰਿਆ ਵਿਚ ਰੋਜ਼ਾਨਾ ਨਜਾਇਜ਼ ਮਾਈਨਿੰਗ ਜ਼ੋਰਾਂ 'ਤੇ ਹੈ ਅਤੇ ਜ਼ਿਲਾ ਨਵਾਂਸ਼ਹਿਰ ਦੀ ਹਦੂਦ ਅੰਦਰ ਪੁਲਸ ਪ੍ਰਸਾਸ਼ਨ ਦੀ ਮਿਲੀਭੁਗਤ ਨਾਲ ਰੋਜ਼ਾਨਾ ਮਸ਼ੀਨਾਂ ਰਾਹੀਂ ਰਾਤ ਹਨੇਰੇ ਵਿਚ ਰੇਤ ਦੇ ਟਿੱਪਰ, ਟਰਾਲੀਆਂ ਭਰੇ ਜਾਂਦੇ ਹਨ ਅਤੇ ਦਿਨ ਚੜ੍ਹਦੇ ਸਾਰ ਹੀ ਚਿੱਟੇ ਸੋਨੇ ਦੀ ਤਸਕਰੀ ਦਾ ਕੰਮ ਬੰਦ ਹੋ ਜਾਂਦਾ ਹੈ। ਦਰਿਆ 'ਚੋਂ ਰੇਤੇ ਦੀ ਨਜਾਇਜ਼ ਮਾਈਨਿੰਗ ਕਰ ਜ਼ਿਆਦਾਤਰ ਸਪਲਾਈ ਲੁਧਿਆਣਾ ਜ਼ਿਲੇ ਵੱਲ ਹੁੰਦੀ ਹੈ ਪਰ ਰਾਤ ਦੇ ਹਨੇਰੇ ਵਿਚ ਨਜਾਇਜ਼ ਮਾਈਨਿੰਗ ਕਰਨ ਵਾਲੇ ਆਪਣੀਆਂ ਟਰਾਲੀਆਂ ਤੇ ਟਿੱਪਰਾਂ ਅੱਗੇ ਵਾਹਨ ਲਗਾ ਕੇ ਪੁਲਸ ਤੋਂ ਬਚਾਅ ਵਾਲੇ ਖੂਫ਼ੀਆ ਰਸਤਿਆਂ ਤੋਂ ਲੰਘ ਕੇ ਲੋਕਾਂ ਨੂੰ ਮਹਿੰਗਾ ਰੇਤਾ ਵੇਚਣ 'ਚ ਕਾਮਯਾਬ ਹੋ ਰਹੇ ਹਨ ਪਰ ਪੁਲਸ ਦੇ ਹੱਥ ਖਾਲੀ ਰਹਿ ਜਾਂਦੇ ਹਨ।
ਮਾਨਤਾ ਪ੍ਰਾਪਤ ਨਵੀਆਂ ਰੇਤ ਖੱਡਾਂ ਚੱਲਣ 'ਚ ਅਜੇ ਦੇਰੀ
ਨਵਾਂਸ਼ਹਿਰ ਮਾਈਨਿੰਗ ਵਿਭਾਗ ਦੇ ਰਵਿੰਦਰ ਸਿੰਘ ਨੇ ਦੱਸਿਆ ਕਿ ਸਤਲੁਜ ਦਰਿਆ 'ਚ 3 ਰੇਤ ਦੀਆਂ ਨਵੀਆਂ ਖੱਡਾਂ ਬੁਰਜ ਟਹਿਲ ਦਾਸ, ਰੈਲ ਬਰਾਮਦ, ਬੇਗੋਵਾਲ ਦੀ ਨਿਲਾਮੀ ਹੋ ਚੁੱਕੀ ਹੈ ਅਤੇ ਤਿੰਨਾਂ ਖੱਡਾਂ ਇਕ ਕੰਪਨੀ ਵਲੋਂ ਹੀ ਨਿਲਾਮੀ 'ਤੇ ਲਈਆਂ ਹਨ। ਉਨ੍ਹਾਂ ਦੱਸਿਆ ਕਿ ਨਵੀਆਂ ਰੇਤ ਖੱਡਾਂ ਸ਼ੁਰੂ ਕਰਨ ਲਈ ਕਾਫ਼ੀ ਪ੍ਰਕਿਰਿਆ 'ਚੋਂ ਲੰਘਣਾ ਪੈਂਦਾ ਹੈ, ਇਸ ਲਈ ਅਜੇ ਕੁੱਝ ਦੇਰੀ ਹੋ ਸਕਦੀ ਹੈ ਪਰ ਉਨ੍ਹਾਂ ਨਾਲ ਇਹ ਵੀ ਕਿਹਾ ਕਿ ਸਤਲੁਜ ਦਰਿਆ 'ਚ ਰੇਤੇ ਦੀ ਕੋਈ ਵੀ ਮਾਨਤਾ ਪ੍ਰਾਪਤ ਖੱਡ ਨਹੀਂ ਚੱਲ ਰਹੀ ਅਤੇ ਜੇਕਰ ਕੋਈ ਨਜਾਇਜ਼ ਮਾਈਨਿੰਗ ਕਰਦਾ ਹੈ, ਉਸ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।
ਮਾਛੀਵਾੜਾ ਪੁਲਿਸ ਨੇ ਰੇਤ ਦੇ ਭਰੇ 3 ਟ੍ਰੈਕਟਰ-ਟਰਾਲੀ ਜ਼ਬਤ ਕੀਤੇ
ਮਾਛੀਵਾੜਾ ਪੁਲਸ ਵਲੋਂ ਬੀਤੀ ਰਾਤ ਰੇਤੇ ਦੀ ਨਜਾਇਜ਼ ਮਾਈਨਿੰਗ ਕਰਕੇ ਆ ਰਹੇ 3 ਟ੍ਰੈਕਟਰ-ਟਰਾਲੀ ਜ਼ਬਤ ਕੀਤੇ ਜਿਨ੍ਹਾਂ ਦੇ ਚਾਲਕਾਂ ਖਿਲਾਫ਼ ਮਾਮਲਾ ਦਰਜ਼ ਕੀਤਾ। ਥਾਣਾ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਸਤਲੁਜ ਦਰਿਆ 'ਚੋਂ ਨਜਾਇਜ਼ ਮਾਈਨਿੰਗ ਕਰਨ 'ਤੇ ਮਨਿੰਦਰ ਸਿੰਘ ਵਾਸੀ ਬੌਂਦਲ ਨੂੰ ਰੇਤੇ ਦੀ ਭਰੀ ਟ੍ਰੈਕਟਰ-ਟਰਾਲੀ ਸਮੇਤ ਗ੍ਰਿਫ਼ਤਾਰ ਕਰ ਮਾਮਲਾ ਦਰਜ ਕਰ ਲਿਆ ਗਿਆ। ਇਸ ਤੋਂ ਇਲਾਵਾ ਗੁਪਤ ਸੂਚਨਾ ਦੇ ਅਧਾਰ 'ਤੇ 2 ਹੋਰ ਟ੍ਰੈਕਟਰ-ਟਰਾਲੀਆਂ ਜਾਂਚ ਲਈ ਰੋਕੀਆਂ ਗਈਆਂ ਜਿਨ੍ਹਾਂ ਦੇ ਚਾਲਕ ਪੁਲਸ ਨੂੰ ਦੇਖ ਕੇ ਰੇਤ ਦੀਆਂ ਭਰੀਆਂ ਟਰਾਲੀਆਂ ਛੱਡ ਫ਼ਰਾਰ ਹੋ ਗਏ ਜਿਸ ਤਹਿਤ 2 ਅਣਪਛਾਤੇ ਵਿਅਕਤੀਆਂ ਖਿਲਾਫ਼ ਵੀ ਮਾਮਲਾ ਦਰਜ਼ ਕਰ ਲਿਆ ਹੈ।
Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
NEXT STORY