ਜਲੰਧਰ (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਦੀਆਂ ਜੜ੍ਹਾਂ ਪਿੰਡ-ਪਿੰਡ 'ਚ ਹਨ। ਇਸ ਲਈ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਕਾਂਗਰਸ ਇਸ ਵਾਰ ਲੋਕ ਸਭਾ ਚੋਣਾਂ 'ਚ ਕੇਂਦਰ 'ਚ ਵਾਪਸੀ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਨੂੰ ਕਦੀ ਵੀ ਖਤਮ ਕਰਨ ਦਾ ਹੋਰ ਪਾਰਟੀਆਂ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ ਕਿਉਂਕਿ ਇਹ 100 ਸਾਲ ਪੁਰਾਣੀ ਪਾਰਟੀ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਭਾਵੇਂ ਪਿਛਲੇ 5 ਸਾਲਾਂ 'ਚ ਕਾਂਗਰਸ ਨੂੰ ਸਿਆਸੀ ਤੌਰ 'ਤੇ ਖਤਮ ਕਰਨ ਲਈ ਭਰਪੂਰ ਕੋਸ਼ਿਸ਼ਾਂ ਕੀਤੀਆਂ ਪਰ ਉਸ ਦੇ ਬਾਵਜੂਦ ਕਾਂਗਰਸ ਨੇ ਜ਼ੋਰਦਾਰ ਢੰਗ ਨਾਲ ਵਾਪਸੀ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ 'ਚ ਦੇਸ਼ 5 ਸਾਲਾਂ 'ਚ ਅੱਗੇ ਨਹੀਂ ਵਧ ਸਕਿਆ। ਦੇਸ਼ 'ਚ ਇਕ ਤਰ੍ਹਾਂ ਆਰਥਿਕ ਠਹਿਰਾਅ ਹੀ ਆ ਗਿਆ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਜਿਸ ਤਰ੍ਹਾਂ ਕਾਂਗਰਸ ਨੇ ਜ਼ੋਰਦਾਰ ਢੰਗ ਨਾਲ ਵਾਪਸੀ ਕੀਤੀ ਸੀ, ਉਸੇ ਤਰ੍ਹਾਂ ਕਾਂਗਰਸ ਦੇ ਲੋਕ ਸਭਾ ਚੋਣਾਂ 'ਚ ਵਾਪਸੀ ਦੇ ਆਸਾਰ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਕ ਸਮਾਂ ਸੀ ਜਦੋਂ ਭਾਜਪਾ ਦੇ ਲੋਕ ਸਭਾ 'ਚ ਸਿਰਫ 2 ਸੰਸਦ ਮੈਂਬਰ ਹੋਇਆ ਕਰਦੇ ਸਨ ਪਰ ਹੁਣ ਓਹੀ ਪਾਰਟੀ ਕੇਂਦਰ 'ਚ ਸੱਤਾ 'ਚ ਕੰਮ ਕਰ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਿਆਸਤ ਉਤਾਰ-ਚੜਾਵਾਂ ਦਾ ਹੀ ਨਾਂ ਹੈ। ਇਸ 'ਚ ਕਦੀ ਵੀ ਕੋਈ ਹਮੇਸ਼ਾ ਲਈ ਖਤਮ ਨਹੀਂ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ਵਿਚਾਰਧਾਰਾ ਹਰ ਪਿੰਡ ਅਤੇ ਕਸਬੇ 'ਚ ਪਾਈ ਜਾਂਦੀ ਹੈ। ਇੰਨੀ ਪੁਰਾਣੀ ਪਾਰਟੀ ਦੀਆਂ ਜੜ੍ਹਾਂ ਹਰ ਪਿੰਡ 'ਚ ਹੋਣਾ ਸੁਭਾਵਿਕ ਹੈ ਕਿਉਂਕਿ ਕਾਂਗਰਸ ਨੇ ਹੀ ਆਜ਼ਾਦੀ 'ਚ ਸਭ ਤੋਂ ਵੱਡਾ ਯੋਗਦਾਨ ਪਾਇਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ 'ਚ ਮੋਦੀ ਸਰਕਾਰ ਆਪਣਾ ਪ੍ਰਭਾਵ ਦਿਖਾਉਣ 'ਚ ਅਸਫਲ ਰਹੀ ਹੈ ਅਤੇ ਉਸ ਨੇ ਜੋ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਹੋ ਸਕੇ। ਇਸ ਲਈ ਹੁਣ ਬਦਲਾਅ ਦਾ ਸਮਾਂ ਦਿਖਾਈ ਦੇ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਭਾਜਪਾ ਸਰਕਾਰ ਨੂੰ ਕੇਂਦਰ ਤੋਂ ਅਲਵਿਦਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਨਾ ਤਾਂ ਦੇਸ਼ ਦੀ ਵਿਦੇਸ਼ ਨੀਤੀ 'ਚ ਕੋਈ ਬਦਲਾਅ ਆਵੇਗਾ ਅਤੇ ਨਾ ਹੀ ਜਨਤਾ ਨੂੰ ਕੋਈ ਤਬਦੀਲੀ ਦੇਖਣ ਨੂੰ ਮਿਲੇਗੀ। ਵਿਰੋਧੀ ਧਿਰ ਵਲੋਂ ਪੰਜਾਬ 'ਚ ਕਾਂਗਰਸ ਸਰਕਾਰ 'ਤੇ ਕੀਤੇ ਜਾ ਰਹੇ ਹਮਲਿਆਂ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 2 ਸਾਲਾਂ 'ਚ ਲਗਭਗ 10.25 ਲੱਖ ਕਿਸਾਨਾਂ ਦਾ 6000 ਕਰੋੜ ਦਾ ਖੇਤੀਬਾੜੀ ਸਬੰਧੀ ਕਰਜ਼ਾ ਮੁਆਫ ਕਰ ਦਿੱਤਾ ਹੈ ਜਦੋਂ ਕਿ ਸਾਬਕਾ ਅਕਾਲੀ ਸਰਕਾਰ ਤਾਂ ਆਪਣੇ 10 ਸਾਲਾਂ ਦੇ ਸਾਸ਼ਨਕਾਲ 'ਚ ਇਕ ਵੀ ਕਿਸਾਨ ਦਾ ਕਰਜ਼ਾ ਮੁਆਫ ਨਹੀਂ ਕਰ ਸਕੀ ਸੀ। ਲੋਕ ਸਭਾ ਚੋਣਾਂ ਤੋਂ ਬਾਅਦ ਸਰਕਾਰ ਮੁੜ ਕਰਜ਼ਾ ਮੁਆਫੀ ਦਾ ਚੱਕਰ ਸ਼ੁਰੂ ਕਰ ਦੇਵੇਗੀ।
ਚੀਫ ਖਾਲਸਾ ਦੀਵਾਨ ਦੇ ਵਟਸਐਪ ਗਰੁੱਪ 'ਚ ਮੈਂਬਰ ਨੇ ਪਾਈਆਂ ਅਸ਼ਲੀਲ ਤਸਵੀਰਾਂ (ਵੀਡੀਓ)
NEXT STORY