ਮੁੱਲਾਂਪੁਰ, ਦਾਖਾ (ਕਾਲੀਆ)- ਕੈਪਟਨ ਸਰਕਾਰ ਨੇ ਸੱਤਾ 'ਚ ਆਉਂਦਿਆਂ ਗਰੀਬਾਂ ਦੇ ਮੂੰਹੋਂ ਆਟਾ-ਦਾਲ ਤਾਂ ਖੋਹੀ ਸੀ, ਹੁਣ ਪਾਣੀ ਦਾ ਬਿੱਲ 75 ਤੋਂ 125 ਰੁਪਏ ਕਰਨ ਉਪਰੰਤ ਗਰੀਬਾਂ ਦੇ ਗਿਲਾਸਾਂ 'ਚੋਂ ਪਾਣੀ ਵੀ ਖੋਹ ਲਿਆ ਹੈ, ਜਿਸ ਦੀ ਤਾਜ਼ਾ ਉਦਾਹਰਣ ਅੱਜ ਪਿੰਡ ਰਕਬਾ ਵਿਖੇ ਬਿਜਲੀ ਬੋਰਡ ਵਿਭਾਗ ਵੱਲੋਂ ਜਲ ਸਪਲਾਈ ਟੈਂਕੀ ਦਾ ਕੁਨੈਕਸ਼ਨ ਕੱਟਣ ਤੋਂ ਬਾਅਦ ਬੂੰਦ-ਬੂੰਦ ਪਾਣੀ ਨੂੰ ਤਰਸਦੇ ਪਿੰਡ ਵਾਸੀਆਂ ਨੂੰ ਦੇਖਣ ਤੋਂ ਮਿਲੀ।
ਜਾਣਕਾਰੀ ਮੁਤਾਬਕ ਜਲ ਸਪਲਾਈ ਮਹਿਕਮੇ ਵੱਲੋਂ ਸਾਫ-ਸੁਥਰਾ ਪਾਣੀ ਪਿੰਡ ਵਾਸੀਆਂ ਨੂੰ ਮੁਹੱਈਆ ਕਰਵਾਉਣ ਲਈ ਪਿੰਡ ਰਕਬਾ ਦੇ 400 ਘਰਾਂ ਨੂੰ ਜਲ ਸਪਲਾਈ ਕੁਨੈਕਸ਼ਨ ਦਿੱਤਾ ਗਿਆ ਹੈ ਤੇ ਉਨ੍ਹਾਂ ਤੋਂ ਪਾਣੀ ਬਦਲੇ 75 ਰੁਪਏ ਪ੍ਰਤੀ ਮਹੀਨਾ ਉਗਰਾਹੀ ਕੀਤੀ ਜਾਂਦੀ ਹੈ। ਬੀਤੇ ਮਹੀਨੇ ਤੋਂ ਇਹ ਬਿੱਲ 75 ਤੋਂ ਵਧਾ ਕੇ 125 ਰੁਪਏ ਪ੍ਰਤੀ ਕੁਨੈਕਸ਼ਨ ਕਰ ਦਿੱਤਾ ਗਿਆ ਹੈ ਤੇ ਇਹ ਕੁਨੈਕਸ਼ਨ ਜ਼ਿਆਦਾਤਰ ਪਿੰਡ ਦੇ ਲੋੜਵੰਦ ਲੋਕ ਵਰਤਦੇ ਹਨ। ਜਲ ਸਪਲਾਈ ਵਿਭਾਗ ਵੱਲੋਂ ਬਿਜਲੀ ਦਾ ਬਿੱਲ ਨਹੀਂ ਭਰਿਆ ਗਿਆ ਜਿਸ ਕਰ ਕੇ ਬਿਜਲੀ ਬੋਰਡ ਨੇ ਜਲ ਸਪਲਾਈ ਟੈਂਕੀ ਦਾ 26 ਫਰਵਰੀ ਨੂੰ ਕੁਨੈਕਸ਼ਨ ਕੱਟ ਦਿੱਤਾ ਜਿਸ ਕਾਰਨ ਪਿੰਡ ਵਾਸੀਆਂ 'ਚ ਪਾਣੀ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ ਤੇ ਉਹ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ।
ਪਿੰਡ ਵਾਸੀ ਰਛਪਾਲ ਸਿੰਘ, ਹਰਪਾਲ ਸਿੰਘ, ਹਰਮਿੰਦਰ ਸਿੰਘ, ਜਗਰੂਪ ਸਿੰਘ, ਕੁਲਵੰਤ ਸਿੰਘ, ਜਸਵੰਤ ਸਿੰਘ, ਹਰਨੇਕ ਸਿੰਘ, ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਜਲ ਸਪਲਾਈ ਮਹਿਕਮੇ ਵੱਲੋਂ ਪਿੰਡ ਵਾਸੀਆਂ ਵੱਲੋਂ ਪਾਣੀ ਦੇ ਬਿੱਲ ਹਰ ਮਹੀਨੇ ਉਗਰਾਹੇ ਜਾਂਦੇ ਹਨ ਪਰ ਬਿਜਲੀ ਬੋਰਡ ਵਿਭਾਗ ਕੋਲ ਜਮ੍ਹਾ ਨਹੀਂ ਕਰਵਾਏ ਜਾਂਦੇ ਜਿਸ ਕਰ ਕੇ ਬਿਜਲੀ ਬੋਰਡ ਵਿਭਾਗ ਨੇ ਜਲ ਸਪਲਾਈ ਟੈਂਕੀ ਦਾ ਕੁਨੈਕਸ਼ਨ ਕੱਟ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਣੀ ਨਾ ਮਿਲਣ ਕਰ ਕੇ ਪਸ਼ੂ ਵੀ ਪਾਣੀ ਤੋਂ ਪਿਆਸੇ ਹਨ ਤੇ ਜਿਨ੍ਹਾਂ ਦੇ ਘਰਾਂ 'ਚ ਸਬਮਰਸੀਬਲ ਪੰਪ ਲੱਗੇ ਹੋਏ ਹਨ, ਉਨ੍ਹਾਂ ਤੋਂ ਪਾਣੀ-ਪੀਣ ਲਈ ਲਿਆ ਕੇ ਡੰਗ ਟਪਾਉਣਾ ਪੈ ਰਿਹਾ ਹੈ, ਜਦੋਂਕਿ ਅਸੀਂ ਦੋ ਦਿਨਾਂ ਤੋਂ ਨਹਾਉਣ ਤੋਂ ਵੀ ਵਾਂਝੇ ਪਏ ਹਨ। ਉਨ੍ਹਾਂ ਸਬੰਧਤ ਵਿਭਾਗ ਦੇ ਉੱਚ-ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਜਲ ਸਪਲਾਈ ਮੁਹੱਈਆ ਕਰਵਾਈ ਜਾਵੇ, ਨਹੀਂ ਤਾਂ ਸਾਨੂੰ ਮਜਬੂਰਨ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਵੇਗਾ।
ਕੀ ਕਹਿਣਾ ਬਿਜਲੀ ਬੋਰਡ ਦੇ ਐੱਸ. ਡੀ. ਓ. ਦਾ?
ਬਿਜਲੀ ਬੋਰਡ ਅੱਡਾ ਦਾਖਾ ਦੇ ਐੱਸ. ਡੀ. ਓ. ਜਗਦੀਪ ਸਿੰਘ ਗਰਚਾ ਨੇ ਕਿਹਾ ਕਿ ਜਲ ਸਪਲਾਈ ਵਿਭਾਗ ਵੱਲੋਂ ਰਕਬਾ ਟੈਂਕੀ ਦਾ ਕਰੀਬ 10 ਲੱਖ ਰੁਪਏ ਬਕਾਇਆ ਬਿੱਲ ਅਦਾ ਨਾ ਕਰਨ ਦੀ ਸੂਰਤ 'ਚ ਬਿਜਲੀ ਦਾ ਕੁਨੈਕਸ਼ਨ ਕੱਟਿਆ ਹੈ। ਉਨ੍ਹਾਂ ਕਿਹਾ ਕਿ ਹੋਰ ਵੀ ਪਿੰਡਾਂ ਦੀਆਂ ਜਲ ਸਪਲਾਈ ਟੈਂਕੀਆਂ ਦੇ ਬਿੱਲ ਜਮ੍ਹਾ ਨਹੀਂ ਕਰਵਾਏ ਗਏ ਜੋ ਜਲਦ ਹੀ ਬਿੱਲ ਨਾ ਭਰਨ ਦੀ ਸੂਰਤ 'ਚ ਉਨ੍ਹਾਂ ਦੇ ਬਿਜਲੀ ਕੁਨੈਕਸ਼ਨ ਵੀ ਕੱਟ ਦਿੱਤੇ ਜਾਣਗੇ।
ਸਾਰੀ ਦੁਨੀਆ ਦਾ ਬੋਝ ਚੁੱਕਣ ਵਾਲੇ ਕੁਲੀ ਬੈਠੇ ਹੜਤਾਲ 'ਤੇ
NEXT STORY