ਹੁਸ਼ਿਆਰਪੁਰ, (ਅਸ਼ਵਨੀ)- ਖਿਡੌਣਾ ਪਿਸਤੌਲ ਦਿਖਾ ਕੇ ਇਕ ਵਿਅਕਤੀ ਕੋਲੋਂ ਨਕਦੀ ਲੁੱਟਣ ਵਾਲੇ ਲੁਟੇਰੇ ਨੂੰ ਲੋਕਾਂ ਨੇ ਕਾਬੂ ਕਰ ਕੇ ਪੁਲਸ ਦੇ ਹਵਾਲੇ ਕਰ ਦਿੱਤਾ।
ਜੁਝਾਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਗਹੂਨ, ਥਾਣਾ ਬਲਾਚੌਰ, ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਕਿਹਾ ਕਿ ਉਹ ਆਪਣੀ ਪਤਨੀ ਦਰਸ਼ਨ ਕੌਰ ਨਾਲ ਬੀਤੇ ਦਿਨੀਂ ਆਪਣੇ ਮੋਟਰਸਾਈਕਲ 'ਤੇ ਗੁਰੂਆਂ ਦੇ ਅਸਥਾਨ 'ਤੇ ਮੱਥਾ ਟੇਕਣ ਗਿਆ ਸੀ। ਜਦੋਂ ਉਹ ਸਵੇਰੇ ਕਰੀਬ 10 ਵਜੇ ਪਚਨੰਗਲਾਂ ਦੀ ਨਹਿਰ ਪਟੜੀ ਨੇੜੇ ਪਹੁੰਚਿਆ ਤਾਂ ਇਕ ਨੌਜਵਾਨ ਸੜਕ ਵਿਚਕਾਰ ਮੋਟਰਸਾਈਕਲ ਲਾ ਕੇ ਖੜ੍ਹਾ ਸੀ।
ਉਸ ਨੇ ਮੈਨੂੰ ਪਿਸਤੌਲ ਵਰਗਾ ਹਥਿਆਰ ਦਿਖਾ ਕੇ ਕਿਹਾ ਕਿ ਜੋ ਕੁਝ ਹੈ ਮੇਰੇ ਹਵਾਲੇ ਕਰ ਦੇ, ਨਹੀਂ ਤਾਂ ਗੋਲੀ ਮਾਰ ਦੇਵਾਂਗਾ। ਇਸ ਦੌਰਾਨ ਉਸ ਨੇ ਮੇਰੀ ਜੇਬ ਵਿਚੋਂ ਜ਼ਬਰਦਸਤੀ 3500 ਰੁਪਏ ਕੱਢ ਲਏ ਅਤੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਫ਼ਰਾਰ ਹੋ ਗਿਆ।
ਕਿੱਤਣਾ ਅੱਡੇ ਕੋਲ ਲੋਕਾਂ ਨੇ ਕੀਤਾ ਕਾਬੂ : ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਘਟਨਾ ਬਾਰੇ ਥੋੜ੍ਹੀ ਦੂਰ ਸਥਿਤ ਕਿੱਤਣਾ ਅੱਡੇ 'ਤੇ ਖੜ੍ਹੇ ਲੋਕਾਂ ਨੂੰ ਜਾਣਕਾਰੀ ਦਿੱਤੀ, ਜਿਨ੍ਹਾਂ ਲੁਟੇਰੇ ਦਾ ਪਿੱਛਾ ਕਰ ਕੇ ਉਸ ਨੂੰ ਕਾਬੂ ਕਰ ਲਿਆ।
ਏ. ਐੱਸ. ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਜਿਸ ਦੀ ਪਛਾਣ ਕੁਲਵੀਰ ਸਿੰਘ ਪੁੱਤਰ ਬੁੱਕਣ ਸਿੰਘ ਵਾਸੀ ਪਿੰਡ ਮੋਇਲਾ ਵਾਹਿਦਪੁਰ ਥਾਣਾ ਗੜ੍ਹਸ਼ੰਕਰ ਵਜੋਂ ਹੋਈ ਹੈ, ਨੂੰ ਧਾਰਾ 379-ਬੀ ਤਹਿਤ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਦੇ ਕਬਜ਼ੇ ਵਿਚੋਂ ਲੁੱਟੇ 3500 ਰੁਪਏ ਅਤੇ ਵਾਰਦਾਤ 'ਚ ਵਰਤਿਆ ਖਿਡੌਣਾ ਪਿਸਤੌਲ ਬਰਾਮਦ ਕਰ ਲਿਆ ਹੈ। ਪੁਲਸ ਅਨੁਸਾਰ ਪੁੱਛਗਿੱਛ ਦੌਰਾਨ ਦੋਸ਼ੀ ਕੋਲੋਂ ਲੁੱਟ-ਖੋਹ ਦੀਆਂ ਹੋਰ ਵਾਰਦਾਤਾਂ ਦਾ ਸੁਰਾਗ ਲੱਗਣ ਦੀ ਵੀ ਸੰਭਾਵਨਾ ਹੈ।
ਨਸ਼ੀਲੇ ਪਦਾਰਥਾਂ ਸਮੇਤ 2 ਗ੍ਰਿਫਤਾਰ
NEXT STORY