ਫਿਰੋਜ਼ਪੁਰ (ਮਲਹੋਤਰਾ) : ਯੋਜਨਾ ਬਣਾ ਕੇ ਕਾਰ ਅਤੇ ਪਲਾਟ ਖਰੀਦਣ ਦਾ ਲਾਰਾ ਲਗਾ ਕੇ ਰਿਸ਼ਤੇਦਾਰੀ ਵਿਚ ਲੱਗਦੇ ਜੀਜੇ ਨਾਲ ਠੱਗੀ ਮਾਰਨ ਵਾਲੇ ਵਿਅਕਤੀ ਖ਼ਿਲਾਫ ਪੁਲਸ ਨੇ ਜਾਂਚ ਤੋਂ ਬਾਅਦ ਪਰਚਾ ਦਰਜ ਕੀਤਾ ਹੈ। ਥਾਣਾ ਕੈਂਟ ਦੀ ਐੱਸ.ਆਈ. ਗੁਰਦੀਪ ਕੌਰ ਨੇ ਦੱਸਿਆ ਕਿ ਹਰਜਿੰਦਰ ਸਿੰਘ ਪਿੰਡ ਮਹਮੂਦ ਖਾਨੇਕੇ ਜ਼ਿਲ੍ਹਾ ਫਾਜ਼ਿਲਕਾ ਨੇ ਅਕਤੂਬਰ ਮਹੀਨੇ ਵਿਚ ਜ਼ਿਲ੍ਹਾ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਰਿਸ਼ਤੇਦਾਰੀ ਵਿਚ ਉਸਦੇ ਸਾਲੇ ਯਾਦਵਿੰਦਰ ਸਿੰਘ ਵਾਸੀ ਅੰਮ੍ਰਿਤਸਰ ਨੇ ਉਸ ਨੂੰ ਇਸ ਲਾਰੇ ਵਿਚ ਲੈ ਲਿਆ ਕਿ ਉਸ ਨੂੰ ਸਸਤੇ ਰੇਟਾਂ ਵਿਚ ਕਾਰ ਅਤੇ ਪਲਾਟ ਮਿਲ ਰਿਹਾ ਹੈ ਅਤੇ ਇਸ ਲਈ ਪੈਸੇ ਦੀ ਜ਼ਰੂਰਤ ਹੈ।
ਸ਼ਿਕਾਇਤ ਕਰਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਯਾਦਵਿੰਦਰ ਸਿੰਘ ’ਤੇ ਭਰੋਸਾ ਕਰਦੇ ਹੋਏ ਉਸ ਨੂੰ 6.50 ਲੱਖ ਰੁਪਏ ਦੇ ਦਿੱਤੇ ਪਰ ਬਾਅਦ ਵਿਚ ਉਸ ਨੂੰ ਪਤਾ ਲੱਗਾ ਕਿ ਯਾਦਵਿੰਦਰ ਸਿੰਘ ਨੇ ਨਾ ਤਾਂ ਕੋਈ ਕਾਰ ਖਰੀਦੀ ਹੈ ਅਤੇ ਨਾ ਹੀ ਕੋਈ ਪਲਾਟ। ਉਸ ਨੇ ਜਦੋਂ ਆਪਣੇ ਪੈਸਿਆਂ ਦੀ ਵਾਪਸੀ ਦੀ ਮੰਗ ਕੀਤੀ ਤਾਂ ਯਾਦਵਿੰਦਰ ਸਿੰਘ ਪੈਸੇ ਮੋੜਣ ਤੋਂ ਵੀ ਮੁੱਕਰ ਗਿਆ। ਐੱਸ.ਆਈ. ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਵਿਚ ਦੋਸ਼ ਸਹੀ ਪਾਏ ਜਾਣ ਉਪਰੰਤ ਯਾਦਵਿੰਦਰ ਸਿੰਘ ਖ਼ਿਲਾਫ ਧੋਖਾਧੜੀ ਦਾ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
'ਸਮਾਰਟ ਸਿਟੀ' ਜਲੰਧਰ ਦੇ ਖਾਤੇ ’ਚ ਪਏ ਕਰੋੜਾਂ ਰੁਪਏ ਦੇ ਫੰਡ ਕੇਂਦਰ ਸਰਕਾਰ ਨੇ ਮੰਗਵਾ ਲਏ ਵਾਪਸ
NEXT STORY