ਜਲੰਧਰ, (ਮਾਹੀ)— ਥਾਣਾ ਮਕਸੂਦਾਂ ਅਧੀਨ ਆਉਂਦੇ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜਮਾਰਗ 'ਤੇ ਸਥਿਤ ਪਿੰਡ ਰਾਓਵਾਲੀ ਸੜਕ 'ਤੇ ਇਕ ਹੀ ਐਕਟਿਵਾ 'ਤੇ ਸਵਾਰ 4 ਸਕੂਲੀ ਵਿਦਿਆਰਥਣਾਂ ਦੀ ਸੜਕ ਪਾਰ ਕਰਨ ਦੌਰਾਨ ਤੇਜ਼ ਰਫਤਾਰ ਕਾਰ ਦੀ ਲਪੇਟ ਵਿਚ ਆਉਣ ਦੀ ਸੂਚਨਾ ਪ੍ਰਾਪਤ ਹੋਈ ਹੈ। ਹਾਦਸੇ ਵਿਚ ਵਿਦਿਆਰਥਣਾਂ ਗੰਭੀਰ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਵਿਚੋਂ ਇਕ ਦੀ ਇਲਾਜ ਦੌਰਾਨ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਨੂਰਪੁਰ ਸਰਕਾਰੀ ਸਕੂਲ ਵਿਚ 9ਵੀਂ ਦੀ ਵਿਦਿਆਰਥਣ ਪ੍ਰਿਯਾ ਪੁੱਤਰੀ ਪੁਰਸ਼ੋਤਮ ਲਾਲ ਵਾਸੀ ਗਲੀ ਨੰਬਰ 2 ਨੂਰਪੁਰ ਕਾਲੋਨੀ (ਮ੍ਰਿਤਕ), ਪ੍ਰਿਯਾ ਦੀ ਛੋਟੀ ਭੈਣ ਸਾਰਿਕਾ (12), ਕਿਰਨ (15) ਪੁੱਤਰੀ ਸਤਨਾਮ ਸਿੰਘ ਵਾਸੀ ਪੰਜਾਬੀ ਬਾਗ ਤੇ ਇਸ਼ਾ (16) ਪੁੱਤਰੀ ਕਸ਼ਮੀਰ ਸਿੰਘ ਅੱਜ ਸਕੂਲ ਵਿਚ ਪ੍ਰੀਖਿਆ ਦੇਣ ਤੋਂ ਬਾਅਦ ਕਿਰਨ ਦੀ ਐਕਟਿਵਾ 'ਤੇ ਉਸਦੇ ਘਰ ਪੰਜਾਬੀ ਬਾਗ ਗਈਆਂ ਸਨ, ਜਦੋਂ ਵਾਪਸ ਜਾਣ ਦੌਰਾਨ ਪੰਜਾਬੀ ਬਾਗ ਪਠਾਨਕੋਟ ਚੌਕ ਜਲੰਧਰ ਹਾਈਵੇ 'ਤੇ ਰਾਓਵਾਲੀ ਪਿੰਡ ਵੱਲ ਜਾਣ ਲਈ ਸੜਕ ਪਾਰ ਕਰ ਰਹੀਆਂ ਸਨ ਤਾਂ ਉਨ੍ਹਾਂ ਨੂੰ ਤੇਜ਼ ਰਫਤਾਰ ਕਾਰ ਪੀ. ਬੀ. 07 ਏ. ਵਾਈ. 9320 ਨੇ ਲਪੇਟ ਵਿਚ ਲੈ ਲਿਆ। ਘਟਨਾ ਦੌਰਾਨ ਤੇਜ਼ ਰਫਤਾਰ ਕਾਰ ਪ੍ਰਿਯਾ ਨੂੰ ਕੁਝ ਦੂਰੀ ਤੱਕ ਘੜੀਸਦੀ ਹੋਈ ਲੈ ਗਈ। ਹਾਦਸੇ ਦੇ ਤੁਰੰਤ ਬਾਅਦ ਕਾਰ ਚਾਲਕ ਚੰਦਰ ਮੋਹਨ ਪੁੱਤਰ ਅਵਤਾਰ ਕ੍ਰਿਸ਼ਨ ਵਾਸੀ ਸੁਭਾਸ਼ ਨਗਰ ਤਲਵਾੜਾ ਹੁਸ਼ਿਆਰਪੁਰ ਕਾਰ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਇਲਾਕਾ ਵਾਸੀਆਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਭੋਗਪੁਰ ਥਾਣਾ ਇੰਚਾਰਜ ਸੁਰਜੀਤ ਸਿੰਘ ਦੀ ਮੁਸਤੈਦੀ ਨਾਲ ਕਾਰ ਚਾਲਕ ਨੂੰ ਕਾਬੂ ਕਰ ਲਿਆ ਗਿਆ।
ਕਿਰਨ ਦੀ ਮਾਤਾ ਪਰਮਜੀਤ ਨੇ ਕਿਹਾ ਕਿ ਪ੍ਰੀਖਿਆ ਦੇਣ ਤੋਂ ਬਾਅਦ ਉਹ ਚਾਰੋਂ ਘਰ ਆਈਆਂ ਸਨ ਅਤੇ ਕੁਝ ਸਮਾਂ ਬੀਤਣ ਤੋਂ ਬਾਅਦ ਉਹ ਮੁੜ 1.20 ਵਜੇ ਵਾਪਸ ਜਾਣ ਲੱਗੀਆਂ ਤਾਂ ਮੈਂ ਉਨ੍ਹਾਂ ਨੂੰ ਐਕਟਿਵਾ ਨਾ ਲਿਜਾਣ ਬਾਰੇ ਕਿਹਾ ਪਰ ਉਹ ਨਾ ਮੰਨੀਆਂ ਅਤੇ ਹਾਦਸੇ ਦੀਆਂ ਸ਼ਿਕਾਰ ਹੋ ਗਈਆਂ। ਉਥੇ ਹੀ ਪ੍ਰਿਯਾ ਦੀ ਮਾਤਾ ਪਰਮਜੀਤ ਕੌਰ ਸ਼ੋਕ 'ਚ ਡੁੱਬੀ ਹੋਈ ਹੈ। ਪ੍ਰਿਯਾ ਦੇ ਭਰਾ ਰਿਤਿਕ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਇਕ ਮਹੀਨੇ ਤੋਂ ਕੰਮ ਲਈ ਦੁਬਈ ਗਏ ਹੋਏ ਹਨ। ਮਾਮਲਾ ਥਾਣਾ ਮਕਸੂਦਾਂ ਅਧੀਨ ਹੈ। ਮਕਸੂਦਾਂ ਥਾਣਾ ਵਿਚ ਤਾਇਨਾਤ ਡਿਊਟੀ ਅਫਸਰ ਬਲਵਿੰਦਰ ਕੁਮਾਰ ਨੇ ਕਿਹਾ ਕਿ ਮ੍ਰਿਤਕ ਅਤੇ ਜ਼ਖ਼ਮੀ ਵਿਦਿਆਰਥਣਾਂ ਦੇ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੇ ਬਿਆਨਾਂ 'ਤੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਮ੍ਰਿਤਕ ਪ੍ਰਿਯਾ ਦੀ ਲਾਸ਼ ਨੂੰ ਪੁਲਸ ਨੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਵਿੱਤੀ ਘਪਲਿਆਂ 'ਤੇ ਪਰਦਾ ਪਾਉਣ ਲਈ ਸੰਸਦ 'ਚ ਪੈਦਾ ਕੀਤੀ ਗਈ ਰੁਕਾਵਟ : ਜਾਖੜ
NEXT STORY