ਮੋਹਾਲੀ (ਕੁਲਦੀਪ) - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਕਈ ਮੁਲਜ਼ਮਾਂ ਖਿਲਾਫ਼ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘਪਲੇ ਦੇ ਸਬੰਧ ਵਿਚ ਮੋਹਾਲੀ ਅਦਾਲਤ ਵਿਚ ਚੱਲ ਰਹੇ ਭ੍ਰਿਸ਼ਟਾਚਾਰ ਦੇ ਕੇਸ ਦੀ ਸੁਣਵਾਈ ਅੱਜ ਮੋਹਾਲੀ ਦੀ ਜ਼ਿਲਾ ਅਦਾਲਤ ਵਿਚ ਹੋਈ। ਅਦਾਲਤ ਵਿਚ ਅੱਜ ਪਬਲਿਕ ਪ੍ਰੋਸੀਕਿਊਟਰ ਵਲੋਂ ਚਾਰ ਮੁੱਦਿਆਂ ਉੱਤੇ ਕੀਤੀ ਜਾਣ ਵਾਲੀ ਬਹਿਸ ਮੁਕੰਮਲ ਹੋ ਗਈ। ਅਦਾਲਤ ਨੇ ਕੇਸ ਦੀ ਸੁਣਵਾਈ ਹੁਣ 24 ਜੁਲਾਈ ਨਿਸ਼ਚਿਤ ਕਰ ਦਿੱਤੀ ਹੈ, ਜਿਸ ਦੌਰਾਨ ਇਸ ਕੇਸ ਵਿਚ ਫੈਸਲਾ ਸੁਣਾਏ ਜਾਣ ਦੀ ਸੰਭਾਵਨਾ ਹੈ।
ਪਬਲਿਕ ਪ੍ਰੋਸੀਕਿਊਟਰ ਵਿਜੇ ਸਿੰਗਲਾ ਨੇ ਅਦਾਲਤ ਵਿਚ ਬਹਿਸ ਕਰਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਇਸ ਕੇਸ ਵਿਚ ਹਾਈਕੋਰਟ ਦੇ ਹੁਕਮਾਂ ਉੱਤੇ ਹੋਈ ਤਾਜ਼ਾ ਜਾਂਚ ਵਿਚ ਵਿਧਾਨ ਸਭਾ ਦੀ ਪ੍ਰੋਸੀਡਿੰਗਜ਼ ਵਿਚ ਕੋਈ ਛੇੜਛਾੜ ਸਾਹਮਣੇ ਨਹੀਂ ਆਈ ਅਤੇ ਨਾ ਹੀ ਕੋਈ ਜਾਅਲੀ ਏਜੰਡਾ ਤਿਆਰ ਕੀਤਾ ਗਿਆ। ਉਨ੍ਹਾਂ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ 12ਵੀਂ ਵਿਧਾਨ ਸਭਾ ਵਿਚ ਸਪੀਕਰ ਨੇ ਕਿਹਾ ਸੀ ਕਿ ਉਨ੍ਹਾਂ ਜੋ ਵੀ ਕੀਤਾ ਹੈ, ਨਿਯਮਾਂ ਮੁਤਾਬਕ ਕੀਤਾ ਹੈ, ਇਸ ਲਈ ਉਸਨੂੰ ਚੈਲੰਜ ਨਹੀਂ ਕੀਤਾ ਜਾ ਸਕਦਾ। ਉਸ ਉਪਰੰਤ 13ਵੀਂ ਵਿਧਾਨ ਸਭਾ ਨੇ ਵੀ ਕਿਹਾ ਸੀ ਕਿ ਇਸ ਕੇਸ ਵਿਚ ਕੋਈ ਕਾਰਵਾਈ ਦੀ ਜ਼ਰੂਰਤ ਨਹੀਂ ਹੈ। ਪਬਲਿਕ ਪ੍ਰੋਸੀਕਿਊਟਰ ਨੇ ਇਹ ਵੀ ਕਿਹਾ ਕਿ ਇਸ ਕੇਸ ਵਿਚ ਪੈਸੇ ਦਾ ਕੋਈ ਲੈਣ ਦੇਣ ਸਾਹਮਣੇ ਨਹੀਂ ਆਇਆ ਹੈ। ਇਸ ਪ੍ਰਕਾਰ ਅੱਜ ਅਦਾਲਤ ਵਿਚ ਇਸ ਕੇਸ ਦੀ ਬਹਿਸ ਮੁਕੰਮਲ ਹੋ ਗਈ ਹੈ।
ਅੱਜ ਅਦਾਲਤ ਵਿਚ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਕਈ ਮੁਲਜ਼ਮ ਕੇਸ ਦੀ ਸੁਣਵਾਈ ਮੌਕੇ ਪੇਸ਼ ਨਹੀਂ ਹੋਏ। ਉਨ੍ਹਾਂ ਨੇ ਆਪਣੇ ਵਕੀਲਾਂ ਰਾਹੀਂ ਅਦਾਲਤ ਵਿਚ ਪੇਸ਼ੀ ਤੋਂ ਛੋਟ ਲਈ ਹੋਈ ਸੀ। ਕੈਪਟਨ ਅਮਰਿੰਦਰ ਸਿੰਘ ਵਲੋਂ ਕੇਸ ਦੀ ਪੈਰਵੀ ਕਰ ਰਹੇ ਐਡਵੋਕੇਟ ਐੱਚ.ਐੱਚ. ਪੰਨੂੰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਣਯੋਗ ਅਦਾਲਤ ਨੇ ਕੇਸ ਦੀ ਸੁਣਵਾਈ 24 ਜੁਲਾਈ ਨਿਸ਼ਚਿਤ ਕਰ ਦਿੱਤੀ ਹੈ ।
ਦੱਸਣਯੋਗ ਹੈ ਕਿ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਵਿਚ ਵਿਜੀਲੈਂਸ ਬਿਊਰੋ ਵੱਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਹੋਰਨਾਂ ਕਈ ਮੁਲਜ਼ਮਾਂ ਖਿਲਾਫ਼ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੀ 32 ਏਕੜ ਜ਼ਮੀਨ ਦੇ ਘੋਟਾਲੇ ਸਬੰਧੀ ਵਿਜੀਲੈਂਸ ਪੁਲਸ ਸਟੇਸ਼ਨ ਮੋਹਾਲੀ ਵਿਚ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਕੇਸ ਦੀ ਸੁਣਵਾਈ ਮੋਹਾਲੀ ਦੀ ਜ਼ਿਲਾ ਅਦਾਲਤ ਵਿਚ ਚੱਲ ਰਹੀ ਹੈ।
ਵਿਜੀਲੈਂਸ ਵੱਲੋਂ ਇਸ ਕੇਸ ਵਿਚ ਖਾਰਿਜ ਰਿਪੋਰਟ ਵੀ ਪੇਸ਼ ਕੀਤੀ ਹੋਈ ਹੈ। ਹੁਣ 24 ਜੁਲਾਈ ਨੂੰ ਇਸ ਕੇਸ ਦੇ ਖਾਰਿਜ ਹੋਣ ਦੀ ਸੰਭਾਵਨਾ ਹੈ।
ਸਿੰਚਾਈ ਵਿਭਾਗ ਦੇ 10 ਕਾਰਜਕਾਰੀ ਇੰਜੀਨੀਅਰ ਤਬਦੀਲ
NEXT STORY