ਤਰਨਤਾਰਨ (ਰਮਨ)-ਬੀਤੀ ਮੰਗਲਵਾਰ ਸ਼ਾਮ ਗੈਂਗਸਟਰ ਸਤਨਾਮ ਸੱਤਾ ਵੱਲੋਂ ਮੰਗੀ ਗਈ ਲੱਖਾਂ ਰੁਪਏ ਦੀ ਫਿਰੌਤੀ ਨਾ ਦੇਣ ਕਾਰਨ ਇਕ ਟੈਲੀਕਾਮ ਦੇ ਮਾਲਕ ਅਤੇ ਰਾਹਗੀਰ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ। ਇਸ ਵਾਰਦਾਤ ਤੋਂ ਬਾਅਦ ਦੋਵੇਂ ਮੁਲਜ਼ਮ ਮੋਟਰਸਾਈਕਲ ’ਤੇ ਸਵਾਰ ਹੋ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ। ਕਸਬਾ ਚੋਹਲਾ ਸਾਹਿਬ ਵਿਖੇ ਹੋ ਰਹੀਆਂ ਅਜਿਹੀਆਂ ਵਾਰਦਾਤਾਂ ਨੂੰ ਮੁੱਖ ਰੱਖਦਿਆਂ ਦੁਕਾਨਦਾਰਾਂ ਵੱਲੋਂ ਜਿੱਥੇ ਮੰਗਲਵਾਰ ਸ਼ਾਮ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, ਉੱਥੇ ਹੀ ਬੁੱਧਵਾਰ ਸਵੇਰੇ ਵੀ ਪੁਲਸ ਖ਼ਿਲਾਫ਼ ਰੋਸ ਪ੍ਰਦਰਸ਼ਨ ਜਾਰੀ ਰੱਖਿਆ ਗਿਆ। ਇਸ ਮਾਮਲੇ ’ਚ ਪੁਲਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਮੁਲਜ਼ਮਾਂ ਦੀ ਭਾਲ ਕਰਨ ਸਬੰਧੀ ਜਿੱਥੇ 48 ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਜਾ ਚੁੱਕੇ ਹਨ, ਉੱਥੇ ਹੀ 11 ਸ਼ੱਕੀ ਵਿਅਕਤੀਆਂ ਨੂੰ ਰਾਊਂਡਅਪ ਕਰਦਿਆਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਕਸਬਾ ਚੋਹਲਾ ਸਾਹਿਬ ਵਿਖੇ ਮੋਬਾਈਲਾਂ ਦੀ ਦੁਕਾਨ ਚਲਾਉਣ ਵਾਲੇ ਪ੍ਰੀਤ ਟੈਲੀਕਾਮ ਦੇ ਮਾਲਕ ਗੁਰਜਿੰਦਰ ਸਿੰਘ ਨਿਵਾਸੀ ਚੋਹਲਾ ਸਾਹਿਬ ਨੂੰ ਬੀਤੇ ਕੁਝ ਦਿਨ ਪਹਿਲਾਂ ਸਤਨਾਮ ਸਿੰਘ ਸੱਤਾ ਗੈਂਗਸਟਰ ਦੇ ਨਾਂ ਰਾਹੀਂ ਫੋਨ ਕਾਲ ਕਰਦਿਆਂ ਲੱਖਾਂ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਸੀ, ਜਿਸ ਵੱਲੋਂ ਫਿਰੌਤੀ ਦੀ ਰਕਮ ਨਾ ਦੇਣ ਦੌਰਾਨ ਬੀਤੀ ਮੰਗਲਵਾਰ ਸ਼ਾਮ ਪ੍ਰੀਤ ਟੈਲੀਕਾਮ ਵਿਚ ਦਾਖਲ ਹੋ ਇਕ ਨੌਜਵਾਨ ਹਮਲਾਵਰ ਵੱਲੋਂ ਗੋਲੀਆਂ ਚਲਾਉਂਦੇ ਹੋਏ ਗੁਰਜਿੰਦਰ ਸਿੰਘ ਨੂੰ ਜ਼ਖਮੀ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਨਸ਼ੇ ਦੇ ਦੈਂਤ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, 24 ਸਾਲਾ ਨੌਜਵਾਨ ਦੀ ਮੌਤ
ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਫਰਾਰ ਹੋਏ ਹਮਲਾਵਰ ਵੱਲੋਂ ਰਸਤੇ ਵਿਚ ਜਾਂਦੇ ਸਮੇਂ ਅੰਨ੍ਹੇਵਾਹ ਕੀਤੀ ਗਈ ਫਾਇਰਿੰਗ ਦੌਰਾਨ ਸਤਨਾਮ ਸਿੰਘ ਨਾਮਕ ਵਿਅਕਤੀ ਅਤੇ ਸੋਨੂ ਨਾਮਕ ਕਰਮਚਾਰੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ। ਇਸ ਵਾਰਦਾਤ ਤੋਂ ਪਹਿਲਾਂ ਵੀ ਕਸਬਾ ਚੋਹਲਾ ਸਾਹਿਬ ਵਿਖੇ ਇਕ ਕੱਪਡ਼ੇ ਦੇ ਸ਼ੋਅਰੂਮ ’ਚ ਦਾਖਲ ਹੋ ਕੇ ਫਿਰੌਤੀ ਨਾਲ ਜੁੜੇ ਮਾਮਲੇ ਤਹਿਤ ਫਾਇਰਿੰਗ ਕਰਦੇ ਹੋਏ ਵਿਅਕਤੀ ਨੂੰ ਜ਼ਖ਼ਮੀ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਕਸਬਾ ਚੋਹਲਾ ਸਾਹਿਬ ਦੇ ਨਾਲ ਲੱਗਦੇ ਇਕ ਪਿੰਡ ਵਿਚ ਨਿੱਜੀ ਸਕੂਲ ਦੇ ਮਾਲਕ ਦੇ ਘਰ ਫਿਰੌਤੀ ਦੀ ਰਕਮ ਮੰਗਣ ਦੇ ਮਾਮਲੇ ਵਿਚ ਫਾਇਰਿੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਪੀੜਤ ਪਤੀ-ਪਤਨੀ ਵਿਦੇਸ਼ ਚਲੇ ਗਏ ਸਨ।
ਇਸ ਮਾਮਲੇ ਵਿਚ ਮੌਕੇ ’ਤੇ ਪੁੱਜੇ ਡੀ. ਐੱਸ. ਪੀ. ਰਵੀ ਸ਼ੇਰ ਸਿੰਘ ਵੱਲੋਂ ਦੁਕਾਨਦਾਰਾਂ ਨੂੰ ਪੂਰਾ ਵਿਸ਼ਵਾਸ ਦਿਵਾਉਣ ਤੋਂ ਬਾਅਦ ਬਾਜ਼ਾਰ ਖੋਲ੍ਹੇ ਗਏ। ਓਧਰ, ਇਸ ਵਾਰਦਾਤ ਤੋਂ ਤੁਰੰਤ ਬਾਅਦ ਮੌਕੇ ’ਤੇ ਪੁੱਜੇ ਜ਼ਿਲੇ ਦੇ ਐੱਸ. ਐੱਸ. ਪੀ. ਅਸ਼ਵਨੀ ਕਪੂਰ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਦਿਆਂ ਉਨ੍ਹਾਂ ਨੂੰ ਮੁਲਜ਼ਮਾਂ ਦੀ ਭਾਲ ਸਬੰਧੀ ਰਵਾਨਾ ਕਰ ਦਿੱਤਾ ਗਿਆ ਹੈ। ਜ਼ਿਲੇ ਦੇ ਐੱਸ. ਪੀ. ਇਨਵੈਸਟੀਗੇਸ਼ਨ ਅਜੇ ਰਾਜ ਸਿੰਘ ਦੀ ਅਗਵਾਈ ਹੇਠ ਕੰਮ ਕਰ ਰਹੀਆਂ ਵੱਖ-ਵੱਖ ਟੀਮਾਂ ਵੱਲੋਂ ਹੁਣ ਤੱਕ 48 ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਜਾ ਚੁੱਕੇ ਹਨ, ਜਦਕਿ 11 ਛੱਕੀ ਵਿਅਕਤੀਆਂ ਨੂੰ ਰਾਊਂਡਅਪ ਕਰਦਿਆਂ ਪੁੱਛਗਿਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- SHO ਤੇ ASI ਦੀ ਵਾਇਰਲ ਆਡੀਓ ਨੇ ਮਚਾਈ ਤਰਥੱਲੀ, DGP ਦਾ ਨਾਂ ਲੈ ਕੇ ਆਖੀ ਵੱਡੀ ਗੱਲ (ਵੀਡੀਓ)
ਹਲਕਾ ਵਿਧਾਇਕ ਨੇ ਕੀਤੀ ਡੀ. ਐੱਸ. ਪੀ. ਨਾਲ ਮੀਟਿੰਗ
ਇਸ ਮਾਮਲੇ ’ਚ ਹਲਕਾ ਵਿਧਾਇਕ ਖਡੂਰ ਸਾਹਿਬ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਜਿੱਥੇ ਹਸਪਤਾਲ ਵਿਚ ਇਲਾਜ ਲਈ ਭਰਤੀ ਗੁਰਜਿੰਦਰ ਸਿੰਘ ਅਤੇ ਸਤਨਾਮ ਸਿੰਘ ਦਾ ਹਾਲ-ਚਾਲ ਪੁੱਛਿਆ ਗਿਆ, ਉੱਥੇ ਹੀ ਬੁੱਧਵਾਰ ਦੁਪਹਿਰੇ ਡੀ. ਐੱਸ. ਪੀ. ਰਵੀ ਸ਼ੇਰ ਸਿੰਘ ਤੋਂ ਇਲਾਵਾ ਵੱਖ-ਵੱਖ ਥਾਣਿਆਂ ਅਤੇ ਚੌਕੀ ਇੰਚਾਰਜਾਂ ਦੇ ਮੁਖੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਦੱਸਿਆ ਕਿ ਹੋ ਰਹੀਆਂ ਵਾਰਦਾਤਾਂ ਨੂੰ ਰੋਕਣ ਸਬੰਧੀ ਪੁਲਸ ਨਾਲ ਵਿਸ਼ੇਸ਼ ਮੀਟਿੰਗ ਕਰਦਿਆਂ ਭਵਿੱਖ ਵਿਚ ਅਜਿਹੀ ਕੋਈ ਵੀ ਘਟਨਾ ਨਾ ਵਾਪਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਹੈ ਅਤੇ ਨਾਲ ਹੀ ਨਾਕਿਆਂ ’ਤੇ ਪੁਲਸ ਗਸ਼ਤ ਨੂੰ ਤੇਜ਼ ਕਰਨ ਲਈ ਵੀ ਕਿਹਾ ਗਿਆ ਹੈ।
ਇਹ ਵੀ ਪੜ੍ਹੋ- ਨਸ਼ੇ ਦੀ ਭੇਟ ਚੜਿਆ ਮਾਪਿਆਂ ਦਾ ਇਕਲੌਤਾ ਸਹਾਰਾ, ਓਵਰਡੋਜ਼ ਕਾਰਨ ਨੌਜਵਾਨ ਦੀ ਗਈ ਜਾਨ
ਮੁਲਜ਼ਮਾਂ ਨੂੰ ਜਲਦੀ ਫੜ ਲਿਆ ਜਾਵੇਗਾ : ਐੱਸ. ਪੀ. ਇਨਵੈਸਟੀਗੇਸ਼ਨ
ਇਸ ਸਬੰਧੀ ਜ਼ਿਲ੍ਹੇ ਦੇ ਐੱਸ. ਪੀ. ਇਨਵੈਸਟੀਗੇਸ਼ਨ ਅਜੇ ਰਾਜ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਪੁਲਸ ਵੱਲੋਂ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਨੂੰ ਕਬਜ਼ੇ ਵਿਚ ਲੈਂਦਿਆਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਸਬੰਧੀ ਵੱਖ-ਵੱਖ ਟੀਮਾਂ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ਖ਼ਮੀ ਗੁਰਜਿੰਦਰ ਸਿੰਘ ਦਾ ਆਪ੍ਰੇਸ਼ਨ ਹੋ ਚੁੱਕਾ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹੈ। ਥਾਣਾ ਚੋਹਲਾ ਸਾਹਿਬ ਦੀ ਪੁਲਸ ਵੱਲੋਂ ਬੁੱਧਵਾਰ ਬਿਆਨ ਦਰਜ ਕਰਦਿਆਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਜਲਦੀ ਫੜ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਹਿਲਾਂ ਇਕੱਠੇ ਬੈਠ ਕੇ ਪੀਤੀ ਸ਼ਰਾਬ, ਫਿਰ ਮਾਮੂਲੀ ਝਗੜੇ ਨੇ ਧਾਰਿਆ ਖ਼ੂਨੀ ਰੂਪ ਤੇ ਵਿਅਕਤੀ ਨੂੰ ਦਿੱਤੀ ਬੇਰਹਿਮ ਮੌਤ
NEXT STORY