ਜਲੰਧਰ(ਖੁਰਾਣਾ)—ਕੇਂਦਰ ਸਰਕਾਰ ਵਲੋਂ ਪਹਿਲੀ ਜੁਲਾਈ ਤੋਂ ਦੇਸ਼ ਭਰ ਵਿਚ ਜੀ. ਐੱਸ. ਟੀ. ਲਾਗੂ ਕਰਨ ਦੀ ਤਿਆਰੀ ਆਖਰੀ ਪੜਾਅ ਵਿਚ ਹੈ ਪਰ ਇਸ ਨਵੇਂ ਟੈਕਸ ਰਿਫਾਰਮ ਨੂੰ ਲੈ ਕੇ ਉਦਯੋਗ ਤੇ ਕਾਰੋਬਾਰ ਵਰਗ ਵਿਚ ਜਿਸ ਤਰ੍ਹਾਂ ਦੀ ਘਬਰਾਹਟ ਪਾਈ ਜਾ ਰਹੀ ਹੈ, ਉਸਦਾ ਸਿੱਧਾ ਅਸਰ ਆਮ ਜਨਤਾ ਵਿਚ ਵੇਖਣ ਨੂੰ ਮਿਲ ਰਿਹਾ ਹੈ। 'ਜਗ ਬਾਣੀ' ਦੀਆਂ ਟੀਮਾਂ ਨੇ ਜਗ੍ਹਾ-ਜਗ੍ਹਾ ਆਮ ਲੋਕਾਂ ਨਾਲ ਗੱਲਬਾਤ ਕਰਕੇ ਜੀ. ਐੱਸ. ਟੀ. ਦੇ ਪ੍ਰਭਾਵਾਂ ਬਾਰੇ ਜੋ ਜਾਣਕਾਰੀ ਇਕੱਠੀ ਕੀਤੀ ਹੈ, ਉਸ ਅਨੁਸਾਰ ਕਾਰੋਬਾਰ ਜਗਤ ਜਿਥੇ ਜੀ. ਐੱਸ. ਟੀ. ਦੇ ਬਾਰੇ ਵਿਚ ਗਲਤਫਹਿਮੀ ਹੈ, ਉਥੇ ਆਮ ਲੋਕਾਂ ਨੂੰ ਜੀ. ਐੱਸ. ਟੀ. ਦੀ ਏ ਬੀ ਸੀ ਤਕ ਸਮਝ ਨਹੀਂ ਆ ਰਹੀ ਤੇ ਆਉਣ ਵਾਲੇ ਦਿਨਾਂ ਵਿਚ ਇਸ ਦੇ ਪ੍ਰਭਾਵਾਂ ਨੂੰ ਲੈ ਕੇ ਆਮ ਜਨਤਾ ਵਿਚ ਡਰ ਨਜ਼ਰ ਆ ਰਿਹਾ ਹੈ। ਉਨ੍ਹਾਂ ਨੂੰ ਇਹ ਵੀ ਡਰ ਹੈ ਕਿ ਕਿਤੇ ਮਹਿੰਗਾਈ ਨਾ ਵੱਧ ਜਾਵੇ। ਜੀ. ਐੱਸ. ਟੀ. ਵਧੀਆ ਕਦਮ ਹੈ ਪਰ ਇਸਨੂੰ ਸੌਖੇ ਢੰਗ ਨਾਲ ਸਮਝਾਇਆ ਨਹੀਂ ਗਿਆ, ਜਿਨ੍ਹਾਂ ਲੋਕਾਂ 'ਤੇ ਟੈਕਸ ਲੱਗਣਾ ਹੈ, ਉਨ੍ਹਾਂ ਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ। ਆਮ ਜਨਤਾ ਵੀ ਇਸ ਤੋਂ ਅਣਜਾਣ ਹੈ। ਆਉਣ ਵਾਲੇ ਦਿਨਾਂ ਵਿਚ ਮਾਰਕੀਟ ਕੀ ਰੂਪ ਧਾਰਨ ਕਰਦੀ ਹੈ, ਦੇਖਣ ਵਾਲੀ ਗੱਲ ਹੋਵੇਗੀ। ਵਿਦੇਸ਼ਾਂ 'ਚ ਜੀ. ਐੱਸ. ਟੀ. ਦੀਆਂ ਇਕ ਜਾਂ ਦੋ ਸਲੈਬਾਂ ਹੁੰਦੀਆਂ ਹਨ ਪਰ ਭਾਰਤ ਵਿਚ ਜੀ. ਐੱਸ. ਟੀ. ਅਧੀਨ ਟੈਕਸ ਦਰ 6 ਤੋਂ ਜ਼ਿਆਦਾ ਹਿੱਸਿਆਂ ਵਿਚ ਵੰਡ ਦਿੱਤੀ ਗਈ ਹੈ। ਆਮ ਲੋਕਾਂ ਨੂੰ ਮਹਿੰਗਾਈ ਜਾਂ ਰਾਹਤ ਤੋਂ ਮਤਲਬ ਹੁੰਦਾ ਹੈ, ਇਸ ਲਈ ਜੀ. ਐੱਸ. ਟੀ. ਦਾ ਅਸਰ ਕੁਝ ਦਿਨ ਬਾਅਦ ਹੀ ਦਿਸੇਗਾ। ਜੀ. ਐੱਸ. ਟੀ. ਦੇਸ਼ ਦਾ ਸਭ ਤੋਂ ਵੱਡਾ ਟੈਕਸ ਰਿਫਾਰਮ ਹੈ, ਦੇਸ਼ ਦੀ ਤਰੱਕੀ ਵਿਚ ਸਹਾਇਕ ਹੋਵੇਗਾ। ਦੋ ਨੰਬਰ ਦਾ ਕੰਮ ਕਰਨ ਵਾਲਿਆਂ ਲਈ ਮੁਸ਼ਕਿਲਾਂ ਆਉਣਗੀਆਂ, ਇਸ ਲਈ ਆਮ ਜਨਤਾ ਨੂੰ ਰਾਹਤ ਮਿਲਣ ਦੀ ਉਮੀਦ ਹੈ ਪਰ ਫਿਰ ਵੀ ਆਉਣ ਵਾਲੇ ਦਿਨਾਂ ਵਿਚ ਇਸਦਾ ਅਸਰ ਦਿਸੇਗਾ।
ਵਿਆਹੁਤਾ ਨੇ ਅੱਗ ਲਾ ਕੇ ਕੀਤੀ ਖੁਦਕੁਸ਼ੀ
NEXT STORY