ਚੰਡੀਗੜ੍ਹ (ਰੋਹਾਲ) : ਚੰਡੀਗੜ੍ਹ ਪ੍ਰਸ਼ਾਸਨ ਨੂੰ ਮਨੀਮਾਜਰਾ 'ਚ ਕ੍ਰਿਟੀਕਲ ਕੇਅਰ ਹਸਪਤਾਲ ਬਣਾਉਣ ਲਈ ਕੇਂਦਰ ਸਰਕਾਰ ਤੋਂ 16.63 ਕਰੋੜ ਰੁਪਏ ਦੀ ਗ੍ਰਾਂਟ ਨੂੰ ਮਨਜ਼ੂਰੀ ਮਿਲ ਗਈ ਹੈ। ਮਨੀਮਾਜਰਾ ਏਰੀਏ ਦੇ ਲੋਕਾਂ ਨੂੰ ਐਮਰਜੈਂਸੀ ਅਤੇ ਕ੍ਰਿਟੀਕਲ ਕੇਅਰ ਸਹੂਲਤਾਂ ਦੇਣ ਲਈ 73.89 ਕਰੋੜ ਰੁਪਏ ਦਾ ਇਹ ਪ੍ਰਾਜੈਕਟ ਮਨਜ਼ੂਰ ਕੀਤਾ ਗਿਆ ਹੈ। 50 ਬਿਸਤਰਿਆਂ ਵਾਲੇ ਇਸ ਪ੍ਰਾਜੈਕਟ ਲਈ ਕੇਂਦਰ ਸਰਕਾਰ ਤੋਂ ਮੰਗੀ ਗਈ ਵਿੱਤੀ ਸਹਾਇਤਾ ਮਿਲਣ ਮਗਰੋਂ ਹਸਪਤਾਲ ਬਣਾਉਣ ਦਾ ਰਾਹ ਸਾਫ਼ ਹੋ ਗਿਆ ਹੈ। ਚੰਡੀਗੜ੍ਹ ਵਿਚ ਜਲਦੀ ਸ਼ੁਰੂ ਹੋਣ ਵਾਲੇ ਵੱਡੇ ਪ੍ਰਾਜੈਕਟਾਂ ਦੀ ਸਮੀਖਿਆ ਲਈ ਪਿਛਲੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਮੀਟਿੰਗ 'ਚ ਇਸ ਮਹੱਤਵਪੂਰਨ ਪ੍ਰਾਜੈਕਟ ਨੂੰ ਕੇਂਦਰ ਤੋਂ ਗ੍ਰਾਂਟ ਮਿਲਣ ਦੀ ਗੱਲ ਸਾਹਮਣੇ ਆਈ। ਪ੍ਰਸ਼ਾਸਨ ਨੇ ਮਨੀਮਾਜਰਾ 'ਚ ਮੌਜੂਦਾ ਹਸਪਤਾਲ ਦੇ ਨਾਲ ਲੱਗਦੀ ਜ਼ਮੀਨ ’ਤੇ ਆਧੁਨਿਕ ਸਹੂਲਤਾਂ ਵਾਲਾ ਹਸਪਤਾਲ ਬਣਾਉਣ ਦਾ ਪੂਰੀ ਯੋਜਨਾ ਅਤੇ ਇਮਾਰਤ ਦਾ ਨਕਸ਼ਾ ਪਹਿਲਾਂ ਹੀ ਤਿਆਰ ਕਰ ਲਿਆ ਸੀ। ਹੁਣ ਇੱਥੇ ਇਕ ਗਰਾਊਂਡ ਫਲੋਰ ਸਣੇ ਤਿੰਨ ਮੰਜ਼ਿਲਾਂ ਹਸਪਤਾਲ ਬਣਾਉਣ ਲਈ ਟੈਂਡਰ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਡੇਢ ਤੋਂ ਦੋ ਸਾਲ ਦਾ ਸਮਾਂ ਮਿੱਥਿਆ ਗਿਆ ਹੈ। ਇਸ ਪ੍ਰਾਜੈਕਟ ਲਈ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਸਿਹਤ ਬੁਨਿਆਦੀ ਢਾਂਚਾ ਮਿਸ਼ਨ ਪੀ. ਐੱਮ. ਅਭਿਮ 2.0 ਯੋਜਨਾ ਤਹਿਤ ਵਿੱਤੀ ਸਹਾਇਤਾ ਦੀ ਮਨਜ਼ੂਰੀ ਮਿਲੀ ਹੈ।
ਸ਼ਹਿਰ ਦੇ ਪੈਰੀਫੇਰੀ ਇਲਾਕਿਆਂ 'ਚ ਹਸਪਤਾਲਾਂ ਦੀਆਂ ਸਹੂਲਤਾਂ ਵਧਾਉਣ ਦੀ ਯੋਜਨਾ
ਪੀ.ਜੀ.ਆਈ., ਜੀ.ਐੱਮ.ਐੱਸ.ਐੱਚ.-16 ਅਤੇ ਜੀ.ਐੱਮ.ਐੱਸ.ਐੱਚ.-32 'ਚ ਮਰੀਜ਼ਾਂ ਦਾ ਵੱਧਦਾ ਦਬਾਅ ਘਟਾਉਣ ਲਈ ਪ੍ਰਸ਼ਾਸਨ ਨੇ ਸ਼ਹਿਰ ਦੇ ਬਾਹਰੀ ਇਲਾਕਿਆਂ ਦੇ ਲੋਕਾਂ ਨੂੰ ਉਨ੍ਹਾਂ ਦੇ ਆਪਣੇ ਇਲਾਕੇ 'ਚ ਹੀ ਸਿਹਤ ਸਹੂਲਤਾਂ ਦੇਣ ਦੀ ਵਿਸਤ੍ਰਿਤ ਯੋਜਨਾ ਤਿਆਰ ਕੀਤੀ ਹੈ। ਸਿਹਤ ਸਹੂਲਤਾਂ ਦਾ ਇਹ ਢਾਂਚਾ ਖੜ੍ਹਾ ਕਰਨ ਵਿਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਮਾਸਟਰ ਪਲਾਨ-2031 ਵਿਚ ਪਹਿਲਾਂ ਤੋਂ ਹੀ ਸ਼ਾਮਲ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਮਨੀਮਾਜਰਾ, ਧਨਾਸ ਅਤੇ ਆਸ-ਪਾਸ ਇਹ ਢਾਂਚਾ ਖੜ੍ਹਾ ਕੀਤਾ ਜਾਣਾ ਹੈ। ਮਨੀਮਾਜਰਾ 'ਚ ਇਹ ਹਸਪਤਾਲ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਚੁਣੀ ਗਈ 2.88 ਏਕੜ ਜ਼ਮੀਨ ’ਤੇ ਬਣਾਇਆ ਜਾਵੇਗਾ। ਮਨੀਮਾਜਰਾ ਦੇ ਇਸ ਹਸਪਤਾਲ ਨੂੰ ਮਨਜ਼ੂਰੀ ਮਿਲਣ ਦੇ ਨਾਲ ਹੀ ਗ੍ਰਹਿ ਅਤੇ ਸਿਹਤ ਸਕੱਤਰ ਨੇ ਇਸੇ ਹਫ਼ਤੇ ਬੁੱਧਵਾਰ ਨੂੰ ਧਨਾਸ ਵਿਚ ਵੀ 80 ਬਿਸਤਰਿਆਂ ਵਾਲੇ ਹਸਪਤਾਲ ਲਈ ਥਾਂ ਦੀ ਭਾਲ ਲਈ ਦੌਰਾ ਕੀਤਾ ਸੀ।
ਗੋਇੰਦਵਾਲ ਸਾਹਿਬ ਤੋਂ ਅੰਮ੍ਰਿਤਸਰ ਪਰਤਦਿਆਂ ਨੌਜਵਾਨ ਨਾਲ ਵਾਪਰਿਆ ਹਾਦਸਾ, ਮੌਕੇ 'ਤੇ ਹੋਈ ਮੌਤ
NEXT STORY