ਚੰਡੀਗੜ੍ਹ(ਯੂ. ਐੱਨ. ਆਈ.) : ਪੰਜਾਬ, ਹਰਿਆਣਾ ਅਤੇ ਨਾਲ ਲੱਗਦੇ ਮੈਦਾਨੀ ਇਲਾਕਿਆਂ ਵਿਚ ਵੀਰਵਾਰ ਗਰਮੀ ਦਾ ਕਹਿਰ ਰਿਹਾ ਅਤੇ ਲੂ ਨੇ ਲੋਕਾਂ ਨੂੰ ਲੂਹ ਸੁੱਟਿਆ। ਖੇਤਰ ਦਾ ਇਕ ਵੱਡਾ ਹਿੱਸਾ ਤਪਦਾ ਤੰਦੂਰ ਬਣ ਗਿਆ। ਲਗਭਗ ਸਭ ਥਾਵਾਂ 'ਤੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਵੀ 5 ਡਿਗਰੀ ਤੱਕ ਵੱਧ ਸੀ। ਸ਼ਨੀਵਾਰ ਸ਼ਾਮ ਤੱਕ ਵੀ ਪੂਰੇ ਖੇਤਰ ਵਿਚ ਲੂ ਦੇ ਚਲਦੇ ਰਹਿਣ ਦੇ ਆਸਾਰ ਹਨ। ਹਰਿਆਣਾ ਦੇ ਨਾਰਨੌਲ ਵਿਖੇ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ। ਰੋਹਤਕ ਅਤੇ ਕਰਨਾਲ ਵਿਖੇ ਇਹ ਤਾਪਮਾਨ 44 ਡਿਗਰੀ ਸੈਲਸੀਅਸ ਸੀ। ਹਿਸਾਰ ਤੇ ਭਿਵਾਨੀ ਵਿਚ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਵਿਖੇ 43, ਬਠਿੰਡਾ ਵਿਖੇ 46, ਅੰਮ੍ਰਿਤਸਰ ਵਿਖੇ 44, ਸ਼੍ਰੀਨਗਰ ਵਿਖੇ 30 ਅਤੇ ਜੰਮੂ ਵਿਖੇ 43 ਡਿਗਰੀ ਸੈਲਸੀਅਸ ਤਾਪਮਾਨ ਸੀ। ਸ਼ਿਮਲਾ ਵਿਖੇ ਵੱਧ ਤੋਂ ਵੱਧ ਤਾਪਮਾਨ 29.8 ਡਿਗਰੀ ਸੀ। ਡਲਹੌਜ਼ੀ ਵਿਖੇ 23.6, ਕੇਲਾਂਗ ਵਿਖੇ 22, ਕਲਪਾ ਵਿਖੇ 24 ਅਤੇ ਮਨਾਲੀ ਵਿਖੇ 28 ਡਿਗਰੀ ਸੈਲਸੀਅਸ ਤਾਪਮਾਨ ਸੀ।
ਹਿਮਾਚਲ ਪ੍ਰਦੇਸ਼ ਵਿਚ ਵੀ ਗਰਮੀ ਨੇ ਜ਼ੋਰ ਵਿਖਾਉਣਾ ਸ਼ੁਰੂ ਕੀਤਾ ਹੈ। ਪਹਾੜਾਂ ਦੇ ਤਪਣ ਕਾਰਨ ਕਈ ਥਾਵਾਂ 'ਤੇ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਹਮੀਰਪੁਰ, ਊਨਾ, ਬਿਲਾਸਪੁਰ, ਮੰਡੀ, ਸੁੰਦਰਨਗਰ ਅਤੇ ਕਾਂਗੜਾ ਵਿਖੇ ਤਾਪਮਾਨ 40 ਡਿਗਰੀ ਤੋਂ ਉੱਤੇ ਸੀ। ਭਾਰੀ ਗਰਮੀ ਕਾਰਨ ਸਭ ਮੈਦਾਨੀ ਇਲਾਕਿਆਂ ਵਿਚ ਸੜਕਾਂ ਦੇ ਪਿਘਲਣ ਦੀ ਨੌਬਤ ਆ ਗਈ ਹੈ। ਬਾਜ਼ਾਰਾਂ ਵਿਚੋਂ ਰੌਣਕ ਖਤਮ ਹੋ ਗਈ ਹੈ। ਸਕੂਲਾਂ ਦੇ ਸਮੇਂ ਬਦਲ ਦਿੱਤੇ ਗਏ ਹਨ। ਮੌਸਮ ਵਿਗਿਆਨ ਕੇਂਦਰ ਦੇ ਨਿਰਦੇਸ਼ਕ ਮਨਮੋਹਨ ਸਿੰਘ ਮੁਤਾਬਕ ਇਕ ਜੂਨ ਤੱਕ ਮੀਂਹ ਪੈਣ ਦਾ ਕੋਈ ਸੰਭਾਵਨਾ ਨਹੀਂ। 2 ਤੇ 3 ਜੂਨ ਨੂੰ ਹਲਕੀ ਵਰਖਾ ਸੰਭਵ ਹੈ।
ਪੰਜਾਬ ਦੇ ਬਿਜਲੀ ਖਪਤਕਾਰਾਂ ਲਈ ਰਾਹਤ ਭਰੀ ਖਬਰ
NEXT STORY