ਚੰਡੀਗੜ੍ਹ(ਭੁੱਲਰ) : ਪੰਜਾਬ 'ਚ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਡੇਢ ਮਹੀਨੇ ਤੋਂ ਵੀ ਘੱਟ ਸਮਾਂ ਬਾਕੀ ਹੈ। ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਵੱਧ ਤੋਂ ਵੱਧ ਯੋਗ ਲੋਕਾਂ ਨੂੰ ਵੋਟਰ ਵਜੋਂ ਰਜਿਸਟਰ ਕਰਨ ਅਤੇ ਜਾਗਰੂਕ ਕਰਨ ਲਈ ਆਖਰੀ ਸਮੇਂ 'ਚ ਯਤਨਾਂ 'ਚ ਲੱਗਿਆ ਹੋਇਆ ਹੈ। ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵਲੋਂ ਲੋਕਾਂ ਨੂੰ ਕਿਹਾ ਗਿਆ ਹੈ ਕਿ ਹਾਲੇ ਵੀ ਸਮਾਂ ਹੈ ਕਿ ਵੋਟਰ ਬਣਨ ਤੋਂ ਰਹਿ ਗਏ ਯੋਗ ਵੋਟਰ ਆਉਣ ਵਾਲੇ ਦਿਨਾਂ 'ਚ ਆਪਣੀ ਵੋਟ ਬਣਾ ਲੈਣ। ਸੂਬੇ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੇ ਇਸ ਬਾਰੇ ਦੱਸਿਆ ਕਿ ਵੋਟਰ ਬਣਨ ਦੀ ਆਖਰੀ ਤਰੀਕ 19 ਅਪ੍ਰੈਲ ਨਿਰਧਾਰਿਤ ਕੀਤੀ ਗਈ ਹੈ, ਕਿਉਂਕਿ 22 ਅਪ੍ਰੈਲ ਤੋਂ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦਾ ਕੰਮ ਸ਼ੁਰੂ ਹੋ ਜਾਣਾ ਹੈ।
ਨਵੀਆਂ ਵੋਟਾਂ ਦੀ ਰਜਿਸਟ੍ਰੇਸ਼ਨ ਲਈ ਵਿਸ਼ੇਸ਼ ਵਿਵਸਥਾ :
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ 31-1-2019 ਤੱਕ ਪੰਜਾਬ ਵਿਚ 2,03,74,375 ਵੋਟਰ ਹਨ। ਇਸ ਤੋਂ ਬਾਅਦ 4 ਲੱਖ ਤੋਂ ਵੱਧ ਨਵੇਂ ਵੋਟਰ ਰਜਿਸਟਰ ਕੀਤੇ ਗਏ ਹਨ, ਜਿਨ੍ਹਾਂ 'ਚੋਂ 1,82,422 ਵੋਟਰ 18-25 ਸਾਲ ਉਮਰ ਵਰਗ ਨਾਲ ਸਬੰਧਤ ਹਨ। ਡਾ. ਐੱਸ. ਕਰੁਣਾ ਰਾਜੂ ਨੇ ਅੱਗੇ ਦੱਸਿਆ ਕਿ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਸੌਖਾਲਾ ਕੀਤਾ ਗਿਆ ਹੈ। ਲੋਕ ਆਪਣੀ ਜਾਣਕਾਰੀ ਦੀ ਜਾਂਚ ਵੋਟਰ ਹੈਲਪਲਾਈਨ ਐਪ 'ਤੇ ਜਾਂ ਕਮਿਸ਼ਨ ਦੀ ਵੈੱਬਸਾਈਟ 'ਤੇ ਲਾਗ ਇਨ ਕਰਕੇ ਕਰ ਸਕਦੇ ਹਨ। ਜੇ ਕਿਸੇ ਕੇਸ ਵਿਚ ਉਨ੍ਹਾਂ ਦਾ ਨਾਂ ਵੋਟਰ ਵਜੋਂ ਦਰਜ ਨਹੀਂ ਹੁੰਦਾ ਤਾਂ ਉਹ ਐਪ, ਵੈੱਬਸਾਈਟ ਜ਼ਰੀਏ ਫਾਰਮ 6 ਆਨਲਾਈਨ ਭਰ ਕੇ ਜਾਂ ਡੀ. ਸੀ., ਐੱਸ.ਡੀ.ਐੱਮ ਅਤੇ ਤਹਿਸੀਲਦਾਰ ਦਫ਼ਤਰ ਵਿਚ ਫੈਸਿਲੀਟੇਸ਼ਨ ਸੈਂਟਰ ਵਿਖੇ ਇਹ ਫਾਰਮ ਭਰ ਸਕਦੇ ਹਨ। ਨਾਗਰਿਕ ਕਿਸੇ ਵੀ ਪੁੱਛਗਿੱਛ ਜਾਂ ਸਹਾਇਤਾ ਲਈ ਟੋਲ ਫ੍ਰੀ ਨੰਬਰ 1950 'ਤੇ ਸੰਪਰਕ ਕਰ ਸਕਦੇ ਹਨ।
25 ਪਿੰਡਾਂ ਦੇ ਕਾਂਗਰਸੀਆਂ ਨੇ ਕਾਂਗਰਸ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ
NEXT STORY