ਚੰਡੀਗੜ੍ਹ (ਰੌੲੋ/ਸ਼ੀਨਾ): ਚੰਡੀਗੜ੍ਹ ਦੇ ਨਵੇਂ ਮੇਅਰ ਦੀ ਚੋਣ 24 ਜਨਵਰੀ ਨੂੰ ਹੋਵੇਗੀ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਸੀਨੀਅਰ ਡਿਪਟੀ ਤੇ ਡਿਪਟੀ ਮੇਅਰ ਦੀਆਂ ਚੋਣਾਂ ਵੀ ਨਾਲ ਹੀ ਹੋਣਗੀਆਂ। ਨਾਮਜ਼ਦਗੀਆਂ ਭਰਨ ਦੀ ਆਖ਼ਰੀ ਮਿਤੀ 20 ਜਨਵਰੀ ਰੱਖੀ ਗਈ ਹੈ। ਪ੍ਰਸ਼ਾਸਨ ਨੇ ਨਾਮਜ਼ਦ ਕੌਂਸਲਰ ਡਾ. ਰਮਨੀਕ ਸਿੰਘ ਬੇਦੀ ਨੂੰ ਪ੍ਰੀਜ਼ਾਈਡਿੰਗ ਅਫ਼ਸਰ ਨਿਯੁਕਤ ਕੀਤਾ ਹੈ।
ਪਿਛਲੇ ਸਾਲ ਖੜ੍ਹਾ ਹੋ ਗਿਆ ਸੀ ਵਿਵਾਦ
ਪਿਛਲੇ ਸਾਲ ਚੋਣਾਂ ਦੌਰਾਨ ਪ੍ਰੀਜ਼ਾਈਡਿੰਗ ਅਫ਼ਸਰ ਰਹੇ ਅਨਿਲ ਮਸੀਹ ਵੱਲੋਂ ਬੇਨਿਯਮੀਆਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਇਸ ਘਟਨਾ ਨੇ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਸਨ। ਇਸ ਵਾਰ ਪ੍ਰਸ਼ਾਸਨ ਨੇ ਚੌਕਸੀ ਦਿਖਾਉਂਦਿਆਂ ਡਾ. ਬੇਦੀ ਨੂੰ ਪ੍ਰੀਜ਼ਾਈਡਿੰਗ ਅਫ਼ਸਰ ਨਿਯੁਕਤ ਕੀਤਾ ਹੈ, ਜਿਸ ਨੂੰ ਨਿਰਪੱਖ ਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਅਹਿਮ ਕਦਮ ਮੰਨਿਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਤੜਕਸਾਰ ਲੱਗੇ ਭੂਚਾਲ ਦੇ ਝਟਕੇ, ਘਰਾਂ 'ਚੋਂ ਬਾਹਰ ਨਿਕਲੇ ਲੋਕ
ਮੇਅਰ ਚੋਣ ਖ਼ਿਲਾਫ਼ ਅਦਾਲਤ ’ਚ ਜਾਵੇਗੀ ‘ਆਪ’
ਚੰਡੀਗੜ੍ਹ ਦੇ ਕੋ-ਇੰਚਾਰਜ ਤੇ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਐੱਸ.ਐੱਸ. ਆਹਲੂਵਾਲੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਚੰਡੀਗੜ੍ਹ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀਆਂ ਚੋਣਾਂ 24 ਜਨਵਰੀ ਨੂੰ ਕਰਵਾਉਣ ਦੇ ਡੀ.ਸੀ. ਦੇ ਨੋਟੀਫਿਕੇਸ਼ਨ ਖ਼ਿਲਾਫ਼ ਅਦਾਲਤ ਜਾਵੇਗੀ। ਭਾਜਪਾ ਨੇ ਇਕ ਵਾਰ ਫਿਰ ਸਰਕਾਰੀ ਅਧਿਕਾਰੀਆਂ ਨਾਲ ਮਿਲ ਕੇ ਚੰਡੀਗੜ੍ਹ ਨਿਗਮ ’ਚ ਲੋਕਤੰਤਰ ਦਾ ਕਤਲ ਕਰਨ ਦੀ ਸਾਜ਼ਿਸ਼ ਰਚੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਅਧਿਕਾਰੀਆਂ ’ਤੇ ਦਬਾਅ ਪਾ ਕੇ ਮੇਅਰ ਦਾ ਕਾਰਜਕਾਲ 11 ਮਹੀਨੇ ਦਾ ਕਰ ਦਿੱਤਾ ਗਿਆ, ਜਦਕਿ ਕਾਨੂੰਨ ਮੁਤਾਬਕ ਕਾਰਜਕਾਲ ਇਕ ਸਾਲ ਹੁੰਦਾ ਹੈ। ਮੇਅਰ ਕੁਲਦੀਪ ਕੁਮਾਰ ਦਾ ਕਾਰਜਕਾਲ 19 ਫਰਵਰੀ ਨੂੰ ਖ਼ਤਮ ਹੋਣ ਵਾਲਾ ਹੈ ਪਰ ਇਕ ਮਹੀਨਾ ਪਹਿਲਾਂ ਹੀ ਭਾਜਪਾ ਨੇ ਸਾਜ਼ਿਸ਼ ਤਹਿਤ ਇਸ ਨੂੰ ਖ਼ਤਮ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਮੇਅਰ ਚੋਣਾਂ ਦੌਰਾਨ ਭਾਜਪਾ ਵੱਲੋਂ ਗਲਤ ਤਰੀਕੇ ਨਾਲ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ ਵੱਲੋਂ ਕੁਲਦੀਪ ਕੁਮਾਰ ਦੀ ਵੋਟ ਰੱਦ ਕਰ ਕੇ ਲੋਕਤੰਤਰ ਦਾ ਕਤਲ ਕੀਤਾ ਗਿਆ ਸੀ। ਇਸ ਖ਼ਿਲਾਫ਼ ਸੁਪਰੀਮ ਕੋਰਟ ’ਚ ਅਪੀਲ ਦਾਇਰ ਕੀਤੀ ਗਈ ਸੀ।
ਭਾਜਪਾ ਦੇਸ਼ ’ਚ ਖ਼ਤਮ ਕਰਨਾ ਚਾਹੁੰਦੀ ਹੈ ਲੋਕਤੰਤਰ
ਡਾ. ਆਹਲੂਵਾਲੀਆ ਤੇ ‘ਆਪ’ ਚੰਡੀਗੜ੍ਹ ਦੇ ਨਵੇਂ ਪ੍ਰਧਾਨ ਵਿਜੇਪਾਲ ਨੇ ਕਿਹਾ ਕਿ ਇਸ ਵਾਰ ਵੀ ਭਾਜਪਾ ਨੇ ਮੇਅਰ ਚੋਣਾਂ ਦੌਰਾਨ ਲੋਕਤੰਤਰ ਦਾ ਕਤਲ ਕਰਨ ਦੀ ਸਾਜ਼ਿਸ਼ ਰਚੀ ਹੈ। ਇਸ ਨੂੰ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਭਾਜਪਾ ਦੇਸ਼ ’ਚ ਲੋਕਤੰਤਰ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਇਸ ਦੀਆਂ ਕਈ ਉਦਾਹਰਣਾਂ ਪਿਛਲੇ ਦਿਨਾਂ ’ਚ ਵੱਖ-ਵੱਖ ਸੂਬਿਆਂ ਤੋਂ ਸਾਹਮਣੇ ਆਈਆਂ ਹਨ। ਇਹ ਵੀ ਮੰਦਭਾਗਾ ਹੈ ਕਿ ਪ੍ਰਸ਼ਾਸਨ ਨੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀਆਂ ਚੋਣਾਂ ’ਚ ਗੁਪਤ ਮਤਦਾਨ ਦੀ ਬਜਾਏ ਹੱਥ ਉਠਾ ਕੇ ਵੋਟਾਂ ਪਾਉਣ ਦੀ ਮੰਗ ਨੂੰ ਰੱਦ ਕਰ ਦਿੱਤਾ। ਪਿਛਲੇ ਸਾਲ ਗੁਪਤ ਵੋਟ ਪੱਤਰ ਰਾਹੀਂ ਕਰਵਾਈ ਗਈ ਵੋਟਿੰਗ ਦੌਰਾਨ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ ਨੇ ਪੈੱਨ ਦਾ ਨਿਸ਼ਾਨ ਲਾ ਕੇ ਮੇਅਰ ਕੁਲਦੀਪ ਕੁਮਾਰ ਦੀਆਂ ਵੋਟਾਂ ਨੂੰ ਰੱਦ ਕਰ ਦਿੱਤਾ ਸੀ। ਗੁਪਤ ਵੋਟਪੱਤਰਾਂ ਰਾਹੀਂ ਮੁੜ ਚੋਣ ਕਰਵਾਉਣਾ ਇਕ ਵਾਰ ਫਿਰ ਵੱਡੀ ਸਾਜ਼ਿਸ਼ ਵੱਲ ਇਸ਼ਾਰਾ ਕਰ ਰਿਹਾ ਹੈ। ‘ਆਪ’ ਇਸ ਸਾਰੀ ਸਾਜਿਸ਼ ਖ਼ਿਲਾਫ਼ ਅਦਾਲਤ ’ਚ ਜਾਵੇਗੀ ਤੇ ਚੰਡੀਗੜ੍ਹ ਦੇ ਲੋਕਾਂ ਨਾਲ ਬੇਇਨਸਾਫ਼ੀ ਨਹੀਂ ਹੋਣ ਦੇਵੇਗੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸਰਦੀ ਦੀਆਂ ਛੁੱਟੀਆਂ ਤੇ ਸਕੂਲਾਂ ਦੇ ਸਮੇਂ ਨਾਲ ਜੁੜੀ ਅਪਡੇਟ
ਕਾਂਗਰਸ 24 ਜਨਵਰੀ ਨੂੰ ਚੋਣਾਂ ਦੇ ਹੱਕ ਵਿਚ ਨਹੀਂ: ਲੱਕੀ
ਨਵੇਂ ਮੇਅਰ ਦੀ ਚੋਣ 24 ਜਨਵਰੀ ਨੂੰ ਕਰਵਾਏ ਜਾਣ ਦਾ ਨੋਟੀਫਿਕੇਸ਼ਨ ਜਾਰੀ ਹੋਣ ’ਤੇ ਚੰਡੀਗੜ੍ਹ ਕਾਂਗਰਸ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਨੇ ਕਿਹਾ ਕਿ ਸੰਸਦ ਮੈਂਬਰ ਮਨੀਸ਼ ਤਿਵਾੜੀ ਵੀ ਕਹਿ ਚੁੱਕੇ ਹਨ ਕਿ ਚੋਣਾਂ 20 ਫਰਵਰੀ ਨੂੰ ਹੋਣੀਆਂ ਚਾਹੀਦੀਆਂ, ਕਿਉਂਕਿ ਜੇਕਰ ਉਸ ਤੋਂ ਪਹਿਲਾਂ ਮੇਅਰ ਚੋਣਾਂ ਕਰਵਾਈਆਂ ਜਾਂਦੀਆਂ ਹਨ ਤਾਂ ਮੇਅਰ ਕਾਰਜਕਾਲ ਨੂੰ ਇਕ ਸਾਲ ਪੂਰਾ ਨਹੀਂ ਹੋਵੇਗਾ। ਗਠਜੋੜ ਦਾ ਮੇਅਰ ਫਰਵਰੀ ’ਚ ਬਣਿਆ ਸੀ, ਇਸ ਲਈ ਚੋਣਾਂ ਵੀ ਫਰਵਰੀ ’ਚ ਹੀ ਕਰਵਾਈਆਂ ਜਾਣ। ਮਨੀਸ਼ ਤਿਵਾੜੀ ਸ਼ੁੱਕਰਵਾਰ ਨੂੰ ਚੰਡੀਗੜ੍ਹ ਪਹੁੰਚਣਗੇ। ਉਨ੍ਹਾਂ ਨਾਲ ਕੌਂਸਲਰਾਂ ਦੀ ਮੀਟਿੰਗ ਹੋਵੇਗੀ। ਇਸ ਸਬੰਧੀ ਸਾਰਿਆਂ ਦੀ ਰਾਏ ਲਈ ਜਾਵੇਗੀ। ਉਸ ਤੋਂ ਬਾਅਦ ‘ਆਪ’ ਆਗੂਆਂ ਨਾਲ ਮੀਟਿੰਗ ਕੀਤੀ ਜਾਵੇਗੀ। ਜੋ ਫੈਸਲਾ ਹੋਵੇਗਾ, ਉਸ ਮੁਤਾਬਕ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਸਰਦੀ ਦੀਆਂ ਛੁੱਟੀਆਂ ਤੇ ਸਕੂਲਾਂ ਦੇ ਸਮੇਂ ਨਾਲ ਜੁੜੀ ਅਪਡੇਟ
NEXT STORY