ਫਗਵਾੜਾ/ਮੋਰਿੰਡਾ (ਜਲੋਟਾ, ਵਰੁਣ)— ਦੀਵਾਲੀ ਤੋਂ ਇਕ ਬਾਅਦ ਵਿਸ਼ਵਕਰਮਾ ਦਿਹਾੜਾ ਮਨਾਇਆ ਜਾਂਦਾ ਹੈਸ਼। ਇਸ ਮੌਕੇ ਕਿਰਤ ਦੇਵਤਾ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਪਵਿੱਤਰ ਦਿਹਾੜੇ ਮੌਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਫਗਵਾੜਾ ਵਿਖੇ ਸਥਿਤ ਸ੍ਰੀ ਵਿਸ਼ਵਕਰਮਾ ਮੰਦਰ ’ਚ ਨਤਮਸਤਕ ਹੋਣ ਪੁੱਜੇ। ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਵਿਸ਼ਵਕਰਮਾ ਮੰਦਰ ਲਈ 2 ਕਰੋੜ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ।

ਇਸ ਤੋਂ ਇਲਾਵਾ ਉਨ੍ਹਾਂ ਮੰਦਿਰ ਕਮੇਟੀ ਵੱਲੋਂ ਚਲਾਏ ਜਾ ਰਹੇ ਚੈਰੀਟੇਬਲ ਹਸਪਤਾਲ ਲਈ 1 ਅਤਿ ਆਧਨਿਕ ਐਂਬੂਲੇਂਸ ਦੇਣ ਦਾ ਵੀ ਐਲਾਨ ਕੀਤਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਵਿਸ਼ਵਕਰਮਾ ਮੰਦਰ ਵਿਖੇ ਨਤਮਸਤਕ ਹੋਏ, ਜਿੱਥੇ ਉਨ੍ਹਾਂ ਨੂੰ ਪ੍ਰਬੰਧਕੀ ਕਮੇਟੀ ਵੀ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਉਨਾਂ ਪ੍ਰਬੰਧਕੀ ਕਮੇਟੀ ਵੱਲੋਂ ਚਲਾਏ ਜਾਂਦੇ ਚੈਰੀਟੇਬਲ ਹਸਪਤਾਲ ਦਾ ਵੀ ਦੌਰਾ ਕੀਤਾ।

ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਦੀ ਸ਼ਾਨ ਨੂੰ ਬਹਾਲ ਕਰਨ ਲਈ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਹੈ ਕਿ ਪੰਜਾਬ ਨੂੰ “ਦੇਸ਼ ਦੀ ਸੋਨੇ ਦੀ ਚਿੜੀ”ਵਜੋਂ ਵਿਕਸਿਤ ਕੀਤਾ ਜਾਵੇਗਾ। ਅੱਜ ਇਥੇ ਵਿਸ਼ਵਕਰਮਾ ਮੰਦਰ ਵਿਖੇ 111ਵੇਂ ਵਿਸ਼ਵਕਰਮਾ ਪੂਜਾ ਉਤਸਵ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਨੇ ਜਿੱਥੇ ਵਿਸ਼ਵਕਰਮਾ ਦਿਵਸ ਮੌਕੇ ਸ਼ਿਲਪਕਾਰਾਂ, ਕਾਮਿਆਂ, ਕਿਰਤੀਆਂ ਨੂੰ ਮੁਬਾਰਕਬਾਦ ਦਿੱਤੀ, ਉਥੇ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਦੇ ਜੀਵਨ ਨੂੰ ਖ਼ੁਸ਼ਹਾਲ ਬਣਾਉਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: ਤਿਉਹਾਰ ਵਾਲੇ ਦਿਨ ਘਰ ’ਚ ਛਾਇਆ ਮਾਤਮ, ਮਹਿਤਪੁਰ ਵਿਖੇ ਗੋਲ਼ੀਆਂ ਮਾਰ ਕੇ ਨੌਜਵਾਨ ਦਾ ਕਤਲ

ਉਨ੍ਹਾਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਦੇ ਆਸ਼ੀਰਵਾਦ ਨਾਲ ਸੂਬਾ ਤਰੱਕੀ ਦੀ ਰਾਹ ’ਤੇ ਪੈ ਗਿਆ ਹੈ ਅਤੇ ਵਿਆਪਕ ਯੋਜਨਾਬੰਦੀ ਰਹੀਂ ਇਸ ਦਾ ਚਹੁੰਮੁਖੀ ਵਿਕਾਸ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਨੂੰ ਆਮ ਲੋਕਾਂ ਦੀ ਸਰਕਾਰ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ‘ਉਨਾਂ ਦਾ ਪਹਿਲੇ ਦਿਨ ਤੋਂ ਹੀ ਇਕਲੌਤਾ ਮੰਤਵ ਪਾਰਦਰਸ਼ਤਾ, ਜਵਾਬਦੇਹੀ ਅਤੇ ਲੋਕ ਪੱਖੀ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਸੀ, ਜਿਸ ਦੇ ਮੱਦੇਨਜ਼ਰ ਦੇਸ਼ ਵਿਚ ਸਭ ਤੋਂ ਸਸਤੀ ਬਿਜਲੀ, ਬਸੇਰਾ ਯੋਜਨਾ ਤਹਿਤ ਗਰੀਬਾਂ ਨੂੰ ਪਲਾਟ ਦੇਣ ਵਰਗੇ ਭਲਾਈ ਵਾਲੇ ਫ਼ੈਸਲੇ ਲਾਗੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਦੌਰਾਨ ਲੋਕਾਂ ਦੀ ਭਲਾਈ ਲਈ ਹੋਰ ਵੀ ਕਦਮ ਚੁੱਕੇ ਜਾ ਰਹੇ ਹਨ।

ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਦਿਨ ਬੀਤ ਗਏ ਹਨ ਜਦੋਂ ਆਮ ਲੋਕਾਂ, ਕਿਸਾਨਾਂ, ਦੁਕਾਨਦਾਰਾਂ, ਕਰਮਚਾਰੀਆਂ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਤੱਕ ਪਹੁੰਚ ਕਰਨਾ ਵੀ ਲਗਭਗ ਅਸੰਭਵ ਸੀ। ਉਨ੍ਹਾਂ ਕਿਹਾ ਕਿ ਬਤੌਰ ਮੁੱਖ ਮੰਤਰੀ ਉਹ ਸੂਬੇ ਦੇ ਲੋਕਾਂ ਦੀ ਸੱਚੀ ਭਾਵਨਾ ਨਾਲ ਸੇਵਾ ਕਰਨਾ ਆਪਣਾ ਧਰਮ ਸਮਝਦੇ ਹਨ। ਦੇਸ਼-ਵਿਦੇਸ਼ ਵਿਚ ਵੱਸਦੇ ਪੰਜਾਬੀਆਂ ਨੂੰ ਮੁਖ਼ਾਤਿਬ ਹੁੰਦਿਆਂ ਉਨ੍ਹਾਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਵੱਲੋਂ ਸਮਾਜ ਦੀ ਤਰੱਕੀ ਦੀ ਨੀਂਹ ਰੱਖੀ ਗਈ ਅਤੇ ਉਨ੍ਹਾਂ ਤੋਂ ਸੇਧ ਲੈ ਕੇ ਸਮੂਹ ਕਾਮਿਆਂ, ਸ਼ਿਲਪਕਾਰਾਂ ਨੂੰ ਪੰਜਾਬ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਆਪਣਾ ਯੋਗਦਾਨ ਵੱਧ ਚੜਕੇ ਪਾਉਣਾ ਚਾਹੀਦਾ ਹੈ, ਜੋਕਿ ਭਗਵਾਨ ਵਿਸ਼ਵਕਰਮਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਤਕਨੀਕੀ ਹੁਨਰ ਨੂੰ ਵੱਧ ਤੋਂ ਵੱਧ ਵਿਕਸਤ ਕਰਨ ਤਾਂ ਜੋ ਪੇਸ਼ੇਵਰ ਰੁਜ਼ਗਾਰ ਦੇ ਮੌਕਿਆਂ ਦਾ ਵੱਧ ਤੋਂ ਵੱਧ ਲਾਹਾ ਲਿਆ ਜਾ ਸਕੇ।

ਇਸ ਮੌਕੇ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਨਵਤੇਜ ਸਿੰਘ ਚੀਮਾ, ਡਾ.ਰਾਜ ਕੁਮਾਰ ਚੱਬੇਵਾਲ,ਅੰਗਦ ਸਿੰਘ,ਹਰਦੇਵ ਸਿੰਘ ਲਾਡੀ, ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ, ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ, ਸਾਬਕਾ ਵਿਧਾਇਕ ਤਰਲੋਚਨ ਸੂੰਢ, ਸਹਿਕਾਰੀ ਬੈਂਕ ਦੇ ਚੇਅਰਮੈਨ ਹਰਜੀਤ ਸਿੰਘ ਪਰਮਾਰ, ਕਾਂਗਰਸ ਦੇ ਜ਼ਿਲ੍ਹਾ ਕੋਆਰਡੀਨੇਟਰ ਦਲਜੀਤ ਰਾਜੂ, ਜ਼ਿਲ੍ਹਾ ਯੂਥ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹਰਨੂਰ ਸਿੰਘ ਹਰਜੀ ਮਾਨ, ਅਮਨਦੀਪ ਸਿੰਘ ਗੋਰਾ ਗਿੱਲ ਅਤੇ ਹੋਰ ਹਾਜ਼ਰ ਸਨ। ਸ੍ਰੀ ਵਿਸ਼ਵਕਰਮਾ ਧੀਮਾਨ ਸਭਾ ਦੇ ਪ੍ਰਧਾਨ ਬਲਵੰਤ ਰਾਏ, ਸੁਰਿੰਦਰਪਾਲ ਧੀਮਾਨ, ਗੁਰਨਾਮ ਸਿੰਘ, ਪਰਦੀਪ ਧੀਮਾਨ, ਪ੍ਰਸ਼ਾਂਤ ਧੀਮਾਨ ਅਤੇ ਹੋਰਾਂ ਵੱਲੋਂ ਵੀ ਮੁੱਖ ਮੰਤਰੀ ਪੰਜਾਬ ਨੂੰ ਸਨਮਾਨਤ ਵੀ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਬਾਬਾ ਵਿਸ਼ਕਰਮਾ ਨੂੰ ‘ਕਿਰਤ ਦਾ ਦੇਵਤਾ’ ਕਿਹਾ ਜਾਂਦਾ ਹੈ। ਮਹਾਭਾਰਤ ਅਤੇ ਪੁਰਾਣਾਂ ਵਿਚ ਦੇਵਤਿਆਂ ਦਾ ‘ਮੁੱਖ ਇੰਜ਼ੀਨੀਅਰ’ ਵੀ ਦੱਸਿਆ ਹੈ। ਮੰਨਿਆ ਜਾਂਦਾ ਹੈ ਕਿ ‘ਸੋਨੇ ਦੀ ਲੰਕਾ’ ਦਾ ਨਿਰਮਾਣ ਵੀ ਵਿਸ਼ਕਰਮਾ ਨੇ ਕੀਤਾ। ਵਿਸ਼ਕਰਮਾ ਦੇਵਤਿਆਂ ਦੇ ਮਕਾਨ ਹੀ ਨਹੀ, ਸਗੋਂ ਉਨ੍ਹਾ ਵਲੋਂ ਵਰਤੇ ਜਾਂਦੇ ਸ਼ਸਤਰ ਤੇ ਅਸਤਰ ਵੀ ਇਹੀ ਬਣਾਉਂਦਾ ਹੈ। ਸਥਾਪਤਯ ਉਪਵੇਦ ਜਿਸ ਵਿਚ ਦਸਤਕਾਰੀ ਦੇ ਹੁਨਰ ਦੱਸੇ ਹਨ, ਉਹ ਵਿਸ਼ਕਰਮਾ ਦਾ ਹੀ ਰਚਿਆ ਹੋਇਆ ਹੈ। ਮਹਾਭਾਰਤ ਵਿਚ ਇਸ ਦੀ ਬਾਬਤ ਇਉਂ ਲਿਖਿਆ ਹੈ, ‘ਦੇਵਤਿਆਂ ਦਾ ਪਤ, ਗਹਿਣੇ ਘੜਨ ਵਾਲਾ, ਵਧੀਆ ਕਾਰੀਗਰ, ਜਿਸ ਨੇ ਦੇਵਤਿਆਂ ਦੇ ਰੱਥ ਬਣਾਏ ਹਨ, ਜਿਸ ਦੇ ਹੁੱਨਰ ਤੇ ਪ੍ਰਿਥਵੀ ਖੜੀ ਹੈ।
ਇਹ ਵੀ ਪੜ੍ਹੋ: ਜਲੰਧਰ: ਦੀਵਾਲੀ ਵਾਲੀ ਰਾਤ ਛਾਬੜਾ ਸਵੀਟ ਦੁਕਾਨ ਨੇੜੇ ਸਥਿਤ ਸ਼ੋਅਰੂਮ ’ਚ ਲੱਗੀ ਅੱਗ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਫ਼ਿਰੋਜ਼ਪੁਰ: ਡੀ.ਸੀ. ਦਫ਼ਤਰ ਦੇ ਕਰਮਚਾਰੀ ਨੇ ਖ਼ੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ
NEXT STORY