ਪਟਿਆਲਾ/ਘਨੌਰ (ਜੋਸਨ, ਕੁਲਦੀਪ, ਹਰਵਿੰਦਰ) - ਪੰਜਾਬ ਵਿਧਾਨ ਸਭਾ ਦੀਆਂ ਸਥਾਨਕ ਸੰਸਥਾਵਾਂ ਅਤੇ ਪੰਚਾਇਤੀ ਰਾਜ ਇਕਾਈਆਂ ਸਬੰਧੀ 5 ਮੈਂਬਰੀ ਵਿਧਾਇਕਾਂ ਦੀ ਕਮੇਟੀ ਵੱਲੋਂ ਪਟਿਆਲਾ ਜ਼ਿਲੇ ਦੇ ਕਸਬਾ ਘਨੌਰ ਅਤੇ ਸਲੇਮਪੁਰ ਸ਼ੇਖਾਂ ਦਾ ਦੌਰਾ ਕਰ ਕੇ ਉੱਥੇ ਸੀਵਰੇਜ, ਗਲੀਆਂ ਅਤੇ ਨਾਲੀਆਂ ਦੇ ਹੋਏ ਕੰਮ ਦੀ ਪੜਤਾਲ ਕੀਤੀ ਗਈ। ਵਿਧਾਇਕ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਪੁੱਜੀ ਇਸ ਕਮੇਟੀ ਜਿਸ ਵਿਚ ਗੁਰਪ੍ਰੀਤ ਸਿੰਘ ਕਾਂਗੜ, ਰਜਿੰਦਰ ਬੇਰੀ, ਬੁੱਧ ਰਾਮ ਅਤੇ ਅਮਨ ਅਰੋੜਾ (ਸਾਰੇ ਵਿਧਾਇਕ) ਸ਼ਾਮਲ ਸਨ, ਨੇ ਕਸਬਾ ਘਨੌਰ ਦੇ ਪਿੰਡ ਸਲੇਮਪੁਰ ਸ਼ੇਖਾਂ ਵਿਚ ਪਿਛਲੇ ਸਮੇਂ ਦੌਰਾਨ ਹੋਏ ਵਿਕਾਸ ਕਾਰਜਾਂ ਦੀ ਪੜਤਾਲ ਕੀਤੀ। ਉਪਰੰਤ ਮੀਡੀਆ ਨੂੰ ਦੱਸਿਆ ਕਿ ਉਹ ਵਿਕਾਸ ਕਾਰਜਾਂ ਦੇ ਮਾੜੇ ਮਿਆਰ, ਵਰਤੀ ਗਈ ਅਣਗਹਿਲੀ ਅਤੇ ਸਰਕਾਰੀ ਪੈਸੇ ਦੀ ਕੀਤੀ ਦੁਰਵਰਤੋਂ ਸਬੰਧੀ ਥਰਡ ਪਾਰਟੀ ਆਡਿਟ ਕਰਵਾਉਣ ਦੀ ਸਿਫਾਰਸ਼ ਵਿਧਾਨ ਸਭਾ ਦੇ ਸਪੀਕਰ ਰਾਹੀਂ ਮੁੱਖ ਮੰਤਰੀ ਨੂੰ ਭੇਜਣਗੇ।
ਇਸ ਮੌਕੇ ਮੌਜੂਦ ਘਨੌਰ ਹਲਕੇ ਦੇ ਵਿਧਾਇਕ ਠੇਕੇਦਾਰ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਉਹ ਘਨੌਰ ਕਸਬੇ ਅਤੇ ਬਲਾਕ ਘਨੌਰ ਦੇ 116 ਪਿੰਡਾਂ ਵਿਚ ਕਰਵਾਏ ਗਏ ਗਲੀਆਂ-ਨਾਲੀਆਂ ਅਤੇ ਹੋਰ ਵਿਕਾਸ ਕੰਮਾਂ ਤੋਂ ਸੰਤੁਸ਼ਟ ਨਹੀਂ ਹਨ। ਇਨ੍ਹਾਂ ਕੰਮਾਂ ਦੀ ਗੁਣਵੱਤਾ ਪ੍ਰਤੀ ਸਵਾਲ ਕਰਦਿਆਂ ਉਨ੍ਹਾਂ ਕਿਹਾ ਕਿ ਕਈ ਥਾਵਾਂ 'ਤੇ ਸੀਵਰੇਜ ਲਾਈਨਾਂ ਵਿਛਾਉਣ ਲੱਗੇ ਤਕਨੀਕੀ ਮਾਪਦੰਡਾਂ ਦੀ ਉਲੰਘਣਾ ਕੀਤੀ ਗਈ। ਰਾਤ ਦੇ ਸਮੇਂ ਹੀ ਪਾਈਪਾਂ ਵਿਛਾ ਕੇ ਮੈਨਹੋਲ ਨਾਲ ਕੁਨੈਕਸ਼ਨ ਜੋੜ ਦਿੱਤੇ ਗਏ। ਵਿਧਾਨ ਸਭਾ ਦੀ ਕਮੇਟੀ ਵੱਲੋਂ ਪਹਿਲਾਂ ਬੀ. ਡੀ. ਪੀ. ਓ. ਦਫ਼ਤਰ ਘਨੌਰ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਵਿਕਾਸ ਕਾਰਜਾਂ ਦੇ ਰਿਕਾਰਡ ਦੀ ਪੜਤਾਲ ਕੀਤੀ। ਉਪਰੰਤ ਹਲਕਾ ਵਿਧਾਇਕ ਸ਼੍ਰੀ ਮਦਨ ਲਾਲ ਜਲਾਲਪੁਰ ਨਾਲ ਜਾ ਕੇ ਕਸਬਾ ਘਨੌਰ ਵਿਖੇ ਨਵੇਂ ਪਾਏ ਗਏ ਸੀਵਰੇਜ ਅਤੇ ਬਣਾਈਆਂ ਗਈਆਂ ਗਲੀਆਂ-ਨਾਲੀਆਂ ਦਾ ਮੁਆਇਨਾ ਕੀਤਾ। ਸੀਵਰੇਜ ਲੀਕ ਹੋਣ ਕਾਰਨ ਟੁੱਟੀਆਂ ਸੜਕਾਂ ਅਤੇ ਮਕਾਨਾਂ ਵਿਚ ਆਈਆਂ ਤਰੇੜਾਂ ਵੀ ਵੇਖੀਆਂ। ਇਸ ਮੌਕੇ ਜ਼ਿਲਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਵਧੀਕ ਡਿਪਟੀ ਕਮਿਸ਼ਨਰ ਜਨਰਲ ਪੂਨਮਦੀਪ ਕੌਰ, ਐੈੱਸ. ਡੀ. ਐੈੱਮ. ਰਾਜਪੁਰਾ ਸੰਦੀਪ ਕੁਮਾਰ, ਐੈੱਸ. ਪੀ. ਹੈੱਡ-ਕੁਆਰਟਰ ਅਮਰਜੀਤ ਸਿੰਘ ਘੁੰਮਣ ਤੇ ਡੀ. ਐੈੱਸ. ਪੀ. ਕ੍ਰਿਸ਼ਨ ਕੁਮਾਰ ਪੈਂਥੇ ਸਮੇਤ ਹੋਰ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ।
ਲਾਪਤਾ ਨੌਜਵਾਨ ਦੀ ਲਾਸ਼ ਭਾਖੜਾ ਨਹਿਰ 'ਚੋਂ ਬਰਾਮਦ
NEXT STORY