ਜਲੰਧਰ (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਿਮਾਚਲ ਤੋਂ ਚੰਡੀਗੜ੍ਹ 'ਚ ਵਾਪਸੀ 13 ਜੂਨ ਨੂੰ ਹੋਵੇਗੀ। ਇਕ ਦਿਨ ਬਾਅਦ ਉਹ ਦਿੱਲੀ 'ਚ ਨੀਤੀ ਆਯੋਗ ਦੀ ਬੈਠਕ 'ਚ ਹਿੱਸਾ ਲੈਣ ਲਈ ਜਾਣਗੇ। ਸਰਕਾਰੀ ਸੂਤਰਾਂ ਤੋਂ ਪਤਾ ਲੱਗਦਾ ਹੈ ਕਿ ਮੁੱਖ ਮੰਤਰੀ ਜੋ ਬੀਤੇ ਕੁਝ ਦਿਨਾਂ ਤੋਂ ਨਿੱਜੀ ਛੁੱਟੀਆਂ 'ਤੇ ਹਿਮਾਚਲ ਗਏ ਹੋਏ ਸਨ, ਨੇ ਵੀਰਵਾਰ ਚੰਡੀਗੜ੍ਹ 'ਚ ਕਈ ਸਰਕਾਰੀ ਬੈਠਕਾਂ ਸੱਦੀਆਂ ਹਨ। ਉਨ੍ਹਾਂ ਦੇ 14 ਜੂਨ ਨੂੰ ਸ਼ਾਮ ਤਕ ਦਿੱਲੀ ਪਹੁੰਚ ਜਾਣ ਦਾ ਪ੍ਰੋਗਰਾਮ ਹੈ। 15 ਜੂਨ ਨੂੰ ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਨੀਤੀ ਆਯੋਗ ਦੀ ਇਕ ਬੈਠਕ ਹੋਣੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵੀ ਬੈਠਕ ਨੂੰ ਸੰਬੋਧਨ ਕਰਨਾ ਹੈ। ਉਨ੍ਹਾਂ ਵਲੋਂ ਪੰਜਾਬ 'ਤੇ ਲਟਕਦੇ 31 ਹਜ਼ਾਰ ਕਰੋੜ ਰੁਪਏ ਦੇ ਫੂਡ ਅਕਾਊਂਟ ਨੂੰ ਸੈਟਲ ਕਰਨ ਅਤੇ ਸੂਬੇ ਨਾਲ ਸਬੰਧਤ ਕਈ ਅਹਿਮ ਮੁੱਿਦਆਂ ਨੂੰ ਪ੍ਰਧਾਨ ਮੰਤਰੀ ਦੇ ਸਾਹਮਣੇ ਉਠਾਏ ਜਾਣ ਦੀ ਸੰਭਾਵਨਾ ਹੈ।
ਮੁੱਖ ਮੰਤਰੀ ਦੇ ਚੰਡੀਗੜ੍ਹ 'ਚ ਆਉਂਦਿਆਂ ਹੀ ਸਰਕਾਰੀ ਸਰਗਰਮੀਆਂ 'ਚ ਤੇਜ਼ੀ ਆ ਜਾਏਗੀ। ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤਬਾਦਲੇ ਪੈਂਡਿੰਗ ਪਏ ਹਨ। ਜਿਥੇ ਪੁਲਸ ਪ੍ਰਸ਼ਾਸਨ 'ਚ ਏ.ਡੀ.ਜੀ.ਪੀ. ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਹੋਣੇ ਬਾਕੀ ਹਨ, ਉਥੇ ਕਈ ਜ਼ਿਲਿਆਂ 'ਚ ਐੱਸ.ਐੱਸ.ਪੀ. ਪੱਧਰ ਦੇ ਤਬਾਦਲੇ ਵੀ ਪੈਂਡਿੰਗ ਪਏ ਹਨ। ਪੁਲਸ ਅਧਿਕਾਰੀਆਂ ਦੇ ਨਾਲ ਹੀ ਪ੍ਰਸ਼ਾਸਨ 'ਚ ਵੱਖ-ਵੱਖ ਵਿਭਾਗਾਂ ਦੇ ਪ੍ਰਿੰਸੀਪਲ ਸਕੱਤਰਾਂ ਨੂੰ ਵੀ ਤਬਦੀਲ ਕੀਤਾ ਜਾਣਾ ਹੈ। ਕਈ ਡਿਪਟੀ ਕਮਿਸ਼ਨਰਾਂ ਦੇ ਤਬਾਦਲੇ ਵੀ ਪੈਡਿੰਗ ਹਨ।
ਮੰਨਿਆ ਜਾਂਦਾ ਹੈ ਕਿ ਇਸ ਸਬੰਧੀ ਮੁੱਖ ਮੰਤਰੀ ਵਲੋਂ ਆਉਂਦੇ ਕੁਝ ਦਿਨਾਂ ਦੌਰਾਨ ਹਰੀ ਝੰਡੀ ਦਿੱਤੀ ਜਾਵੇਗੀ। ਡੀ.ਜੀ.ਪੀ. ਦਿਨਕਰ ਗੁਪਤਾ ਵਿਦੇਸ਼ੀ ਦੌਰੇ 'ਤੇ ਗਏ ਹੋਏ ਸਨ, 13 ਜੂਨ ਨੂੰ ਵਾਪਸ ਆ ਰਹੇ ਹਨ। ਮੁੱਖ ਮੰਤਰੀ ਅਤੇ ਗੁਪਤਾ ਵਲੋਂ ਆਪਸ 'ਚ ਚਰਚਾ ਕਰਨ ਤੋਂ ਬਾਅਦ ਹੀ ਪੁਲਸ ਅਧਿਕਾਰੀਆਂ ਦੇ ਤਬਾਦਲੇ ਹੋਣਗੇ। ਇਹ ਮਹੀਨਾ ਤਬਾਦਲਿਆਂ ਦਾ ਹੀ ਰਹੇਗਾ। ਲੋਕ ਸਭਾ ਦੀਆਂ ਚੋਣਾਂ ਕਾਰਨ ਵੱਖ-ਵੱਖ ਅਧਿਕਾਰੀਆਂ ਦੇ ਤਬਾਦਲੇ ਹੋਏ ਸਨ ਤੇ ਹੁਣ ਉਥੇ ਨਵੇਂ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਜਾਣੀ ਬਾਕੀ ਹੈ।
ਪ੍ਰਕਾਸ਼ ਪੁਰਬ 'ਤੇ '550 ਪਰਵਾਸੀ ਪੰਜਾਬੀਆਂ' ਨੂੰ ਸੱਦਾ ਦੇਵੇਗੀ ਪੰਜਾਬ ਸਰਕਾਰ
NEXT STORY