ਘਨੌਲੀ (ਸ਼ਰਮਾ) : ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਦੀ ਰਿਹਾਇਸ਼ੀ ਕਾਲੋਨੀ ਨੂਹੋਂ ਤੋਂ ਨਿਕਲਣ ਵਾਲੇ ਗੰਦੇ ਨਾਲੇ ਵਿਚ ਡੁੱਬਣ ਕਾਰਨ ਚਾਰ ਸਾਲਾ ਬੱਚੇ ਦੀ ਮੌਤ ਹੋ ਗਈ। ਬੀਤੀ ਦੁਪਹਿਰ ਜਦੋਂ ਤੇਜ਼ ਮੀਂਹ ਪੈ ਰਿਹਾ ਸੀ ਤਾਂ ਚਾਰ ਸਾਲਾ ਬੱਚਾ ਲਕਸ਼ਮਣ ਪੁੱਤਰ ਘਨੱਈਆ ਲਾਲ ਵਾਸੀ ਥਰਮਲ ਲੇਬਰ ਕਾਲੋਨੀ ਆਪਣੀ ਮਾਤਾ ਦੇ ਨਾਲ ਨੂਹੋਂ ਵੱਲੋਂ ਆ ਰਿਹਾ ਸੀ ਕਿ ਨੂਹੋਂ ਪਿੰਡ ਵੱਲੋਂ ਥਰਮਲ ਲੇਬਰ ਕਾਲੋਨੀ ਨੂੰ ਆਉਣ ਵਾਲੇ ਰਸਤੇ ਵਿਚ ਉਕਤ ਨਾਲੇ 'ਤੇ ਬਣਾਈ ਗਈ ਅਸਥਾਈ ਪੁਲੀ ਤੋਂ ਉਸ ਦਾ ਪੈਰ ਤਿਲਕ ਗਿਆ। ਇਸ ਤੋਂ ਪਹਿਲਾਂ ਕਿ ਉਸ ਦੀ ਮਾਂ ਉਸ ਨੂੰ ਬਚਾਉਂਦੀ, ਵਹਾਅ ਤੇਜ਼ ਹੋਣ ਕਾਰਨ ਬੱਚਾ ਨਾਲੇ ਵਿਚ ਡੁੱਬ ਗਿਆ। ਬੱਚੇ ਦੀ ਮਾਂ ਵੱਲੋਂ ਰੌਲਾ ਪਾਉਣ 'ਤੇ ਲੇਬਰ ਕਾਲੋਨੀ ਤੋਂ ਲੋਕ ਦੌੜੇ ਆਏ ਪਰ ਗੰਦੇ ਨਾਲੇ ਵਿਚ ਉੱਗੀਆਂ ਝਾੜੀਆਂ ਕਾਰਨ ਬੱਚੇ ਦਾ ਕੋਈ ਪਤਾ ਨਹੀਂ ਲੱਗਾ। ਦੇਰ ਰਾਤ ਤੱਕ ਵੀ ਜਦੋਂ ਬੱਚੇ ਦੀ ਲਾਸ਼ ਨਹੀਂ ਮਿਲੀ ਤਾਂ ਅੱਜ ਸਵੇਰੇ ਨਾਲੇ ਦੀ ਸਫਾਈ ਲਈ ਅੰਬੂਜਾ ਸੀਮੈਂਟ ਫੈਕਟਰੀ ਦੀ ਪੋਕਲਾਈਨ ਮਸ਼ੀਨ ਮੰਗਵਾਈ ਗਈ ਤੇ ਕਾਫੀ ਮੁਸ਼ੱਕਤ ਤੋਂ ਬਾਅਦ ਸਵੇਰੇ ਕਰੀਬ 10.30 ਵਜੇ ਬੱਚੇ ਦੀ ਲਾਸ਼ ਮਿਲੀ।
ਉਕਤ ਕਾਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਜਿੱਥੇ ਥਰਮਲ ਮੈਨੇਜਮੈਂਟ ਵੱਲੋਂ ਉਨ੍ਹਾਂ ਦੀ ਲੇਬਰ ਕਾਲੋਨੀ ਨੂੰ ਨਜ਼ਰਅੰਦਾਜ਼ ਕੀਤਾ ਹੋਇਆ ਹੈ, ਉੱਥੇ ਹੀ ਕਾਲੋਨੀ ਕੋਲੋਂ ਲੰਘਦੇ ਗੰਦੇ ਨਾਲੇ ਤੇ ਲੇਬਰ ਕਾਲੋਨੀ ਨੂੰ ਜਾਣ ਵਾਲੇ ਰਸਤੇ ਦੀ ਹਾਲਤ ਵੀ ਬਹੁਤ ਖਸਤਾ ਹੈ। ਦੂਜੇ ਪਾਸੇ ਸਾਰੀ ਕਾਲੋਨੀ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ।
ਬੱਚੇ ਦੀ ਲਾਸ਼ ਲਿਜਾਣ ਲਈ ਐਂਬੂਲੈਂਸ ਨਸੀਬ ਨਾ ਹੋਈ
ਜ਼ਿਕਰਯੋਗ ਹੈ ਕਿ ਲੇਬਰ ਕਾਲੋਨੀ ਥਰਮਲ ਪਲਾਂਟ ਤੇ ਅੰਬੂਜਾ ਸੀਮੈਂਟ ਫੈਕਟਰੀ ਦੇ ਵਿਚਕਾਰ ਵਸੀ ਹੋਈ ਹੈ ਪਰ ਉਕਤ ਗਰੀਬ ਪਰਿਵਾਰ ਨੂੰ ਬੱਚੇ ਦੀ ਲਾਸ਼ ਲਿਜਾਣ ਲਈ ਐਂਬੂਲੈਂਸ ਨਾ ਤਾਂ ਥਰਮਲ ਪਲਾਂਟ ਵੱਲੋਂ ਮਿਲੀ ਅਤੇ ਤੇ ਨਾ ਹੀ ਅੰਬੂਜਾ ਸੀਮੈਂਟ ਫੈਕਟਰੀ ਵੱਲੋਂ। ਇਸ ਲਈ ਉਨ੍ਹਾਂ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਪ੍ਰਾਈਵੇਟ ਗੱਡੀ ਕਰਕੇ ਰੂਪਨਗਰ ਹਸਪਤਾਲ ਜਾਣਾ ਪਿਆ।ਉਧਰ, ਪੁਲਸ ਚੌਕੀ ਘਨੌਲੀ ਦੇ ਇੰਚਾਰਜ ਏ. ਐੱਸ. ਆਈ. ਜਸਮੇਰ ਸਿੰਘ ਤੇ ਮੌਕੇ 'ਤੇ ਪਹੁੰਚੇ ਚੌਕੀ ਮੁਲਾਜ਼ਮ ਹਰਭਜਨ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ।
ਆਰਥਿਕ ਤੰਗੀ ਦੇ ਚੱਲਦੇ ਟ੍ਰੇਨ ਹੇਠ ਆ ਕੇ ਕੀਤੀ ਖੁਦਕੁਸ਼ੀ
NEXT STORY