ਲੁਧਿਆਣਾ (ਰਾਜ) – ਪਿੰਡ ਬਲੋਕੇ ਵਿਚ ਇਕ 10 ਸਾਲਾ ਬੱਚੇ ਦੀ ਛੱਤ ਤੋਂ ਡਿੱਗ ਕੇ ਦਰਦਨਾਕ ਮੌਤ ਹੋ ਗਈ। ਪਤੰਗਬਾਜ਼ੀ ਦੇ ਸ਼ੌਂਕ ਨੇ ਮਾਸੂਮ ਦੀ ਜਿੰਦਗੀ ਦੀ ਡੋਰ ਨੂੰ ਸਮੇਂ ਤੋਂ ਪਹਿਲਾਂ ਹੀ ਕੱਟ ਦਿੱਤਾ। ਇਸ ਦੁਖਦ ਘਟਨਾ ਦੇ ਬਾਅਦ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਅਤੇ ਪੀੜਤ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੀ ਪਛਾਣ 10 ਸਾਲਾ ਟਿੰਕੂ ਕੁਮਾਰ ਦੇ ਰੂਪ ਵਿਚ ਹੋਈ ਹੈ।
ਜਾਣਕਾਰੀ ਅਨੁਸਾਰ ਬੁੱਧਵਾਰ ਦੁਪਹਿਰ ਨੂੰ ਟਿੰਕੂ ਆਪਣੇ ਘਰ ਦੀ ਛੱਤ ’ਤੇ ਪਤੰਗ ਉਡਾ ਰਿਹਾ ਸੀ ਕਿ ਪਤੰਗ ਦੀ ਉੱਚੀ ਉਡਾਨ ਨੂੰ ਦੇਖਣ ਦੇ ਚੱਕਰ ਵਿਚ ਮਾਸੂਮ ਦਾ ਪੈਰ ਅਚਾਨਕ ਫਿਸਲ ਗਿਆ ਤੇ ਉਹ ਸੰਤੁਲਤ ਵਿਗੜਨ ਕਾਰਨ ਛੱਤ ਤੋਂ ਸਿੱਧੇ ਸੜਕ ’ਤੇ ਜਾ ਡਿੱਗਿਆ। ਉਸ ਦੇ ਸਿਰ ’ਤੇ ਡੂੰਘੀ ਸੱਟ ਲੱਗੀ। ਹਾਦਸੇ ਦੇ ਤੁਰੰਤ ਬਾਅਦ ਮਾਪੇ ਲਹੂਲੁਹਾਨ ਹਾਲਤ ਵਿਚ ਟਿੰਕਾ ਨੂੰ ਚੁੱਕ ਕੇ ਡੀ.ਐੱਮ.ਸੀ. ਹਸਪਤਾਲ ਲੈ ਗਏ।
ਲਗਭਗ 24 ਘੰਟੇ ਤੱਕ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਜੰਗ ਲੜਨ ਦੇ ਬਾਅਦ ਟਿੰਕੂ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ। ਜਾਂਚ ਅਧਿਕਾਰੀ ਹੈੱਡ ਕਾਂਸਟੇਬਲ ਗਗਨਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਉਣ ਦੇ ਬਾਅਦ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਹੈ।
ਪੰਜਾਬ 'ਚ ਵੱਡਾ ਹਾਦਸਾ: ਆਰਮੀ ਗੱਡੀ ਨੇ ਆਟੋ ਨੂੰ ਮਾਰੀ ਜ਼ੋਰਦਾਰ ਟੱਕਰ, 2 ਲੋਕਾਂ ਦੀ ਮੌਕੇ 'ਤੇ ਮੌਤ
NEXT STORY