ਖਮਾਣੋਂ (ਜਟਾਣਾ, ਅਰੋੜਾ) - ਪਿੰਡ ਮਹੇਸ਼ਪੁਰਾ ਵਿਖੇ ਇੱਟਾਂ ਦੇ ਭੱਠੇ 'ਤੇ ਪਥੇਰ ਕਰ ਰਹੇ ਇਕ ਪ੍ਰਵਾਸੀ ਪਰਿਵਾਰ ਦੀ ਔਰਤ ਨੇ ਸਿਵਲ ਹਸਤਪਾਲ ਖਮਾਣੋਂ ਤੇ ਸੰਘੋਲ ਵਿਖੇ ਡਾਕਟਰਾਂ ਤੇ ਪ੍ਰਬੰਧਾਂ ਦੀ ਘਾਟ ਤੇ ਡਾਕਟਰਾਂ ਦੀ ਅਣਗਹਿਲੀ ਕਾਰਨ ਸੜਕ 'ਤੇ ਹੀ ਬੱਚੇ ਨੂੰ ਜਨਮ ਦੇ ਦਿੱਤਾ ਪਰ ਨਵਜੰਮੇ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਖਮਾਣੋਂ ਦੇ ਸਿਵਲ ਹਸਪਤਾਲ ਵਿਚ ਦੁੱਖ ਭਰੀ ਵਿੱਥਿਆ ਸੁਣਾਉਂਦਿਆਂ ਪਿੰਡ ਮਹੇਸ਼ਪੁਰਾ ਦੇ ਭੱਠੇ 'ਤੇ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਰਜਿੰਦਰ ਕੁਮਾਰ ਤੇ ਉਸਦੀ ਪਤਨੀ ਪੂਨਮ (36) ਨੇ ਦੱਸਿਆ ਕਿ ਬੀਤੇ ਕੱਲ ਜਦੋਂ ਉਸਨੂੰ ਜਣੇਪੇ ਦੀਆਂ ਪੀੜਾਂ ਸ਼ੁਰੂ ਹੋਈਆਂ ਤਾਂ ਉਸ ਨੂੰ ਆਸ਼ਾ ਵਰਕਰ ਮਮਤਾ ਰਾਹੀਂ ਸੰਘੋਲ ਦੇ ਪ੍ਰਾਇਮਰੀ ਹੈਲਥ ਸੈਂਟਰ ਵਿਚ ਲਿਜਾਇਆ ਗਿਆ, ਜਿਥੇ ਡਾਕਟਰਾਂ ਵਲੋਂ ਉਸ ਨੂੰ ਮਾਮੂਲੀ ਦੇਖ-ਭਾਲ ਕਰਨ ਮਗਰੋਂ ਖਮਾਣੋਂ ਦੇ ਸਿਵਲ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ।
ਇਸ ਪਿੱਛੋਂ ਖਮਾਣੋਂ ਦੇ ਡਾਕਟਰਾਂ ਵਲੋਂ ਖੂਨ ਆਦਿ ਦੇ ਨਮੂਨੇ ਲੈਣ ਮਗਰੋਂ ਦਰਦਾਂ ਹੋਣ ਦੇ ਬਾਵਜੂਦ ਦਾਖਲ ਕਰਨ ਦੀ ਬਜਾਏ ਖੂਨ ਦੀ ਕਮੀ ਦੀ ਗੱਲ ਕਹਿ ਕਿ ਅਗਲੇ ਦਿਨ ਸ੍ਰੀ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿਚ ਖੂਨ ਚੜ੍ਹਾਉਣ ਲਈ ਉਸਨੂੰ ਰੈਫਰ ਕੀਤਾ ਗਿਆ ਪਰ ਘਰ ਜਾਣ ਉਪਰੰਤ ਸ਼ਾਮੀਂ ਚਾਰ ਵਜੇ ਉਸ ਨੂੰ ਮੁੜ ਦਰਦਾਂ ਸ਼ੁਰੂ ਹੋਈਆਂ ਤਾਂ ਪਰਿਵਾਰ ਨੇ ਆਸ਼ਾ ਵਰਕਰ ਨੂੰ ਫੋਨ ਕੀਤਾ ਤਾਂ ਉਸ ਨੇ ਸੰਘੋਲ ਆਉਣ ਲਈ ਆਖਿਆ ਪਰ ਮੋਟਰਸਾਈਕਲ 'ਤੇ ਸੰਘੋਲ ਜਾਂਦੇ ਸਮੇਂ ਪ੍ਰਵਾਸੀ ਔਰਤ ਨੇ ਰਾਹਗੀਰਾਂ ਦੀ ਮਦਦ ਨਾਲ ਸੜਕ 'ਤੇ ਹੀ ਬੱਚੇ ਨੂੰ ਜਨਮ ਦੇ ਦਿੱਤਾ ਪਰ ਨਵਜੰਮੇ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਸੰਘੋਲ ਤੇ ਖਮਾਣੋਂ ਹਸਪਤਾਲ ਦੇ ਡਾਕਟਰਾਂ ਨੇ ਪੀੜਤਾ ਨੂੰ ਇਧਰ-ਉਧਰ ਰੈਫਰ ਕਰਨ ਦੀ ਬਜਾਏ ਦਾਖਲ ਕਰ ਲਿਆ ਹੁੰਦਾ ਤਾਂ ਬੱਚੇ ਦੀ ਜਾਨ ਬਚ ਸਕਦੀ ਸੀ। ਪੀੜਤਾ ਨੇ ਇਸ ਘਟਨਾ ਲਈ ਜ਼ਿੰਮੇਵਾਰ ਡਾਕਟਰਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਸ ਸਬੰਧੀ ਜਦੋਂ ਸਿਵਲ ਹਸਪਤਾਲ ਖਮਾਣੋਂ ਤੇ ਸੰਘੋਲ ਦੇ ਸੀਨੀਅਰ ਮੈਡੀਕਲ ਅਫਸਰ ਰਸ਼ਮੀ ਚੋਪੜਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਡਾਕਟਰਾਂ ਦੀ ਕਮੀ ਤੇ ਪ੍ਰਬੰਧਾਂ ਦੀ ਘਾਟ ਨੂੰ ਕਬੂਲਦਿਆਂ ਕਿਹਾ ਕਿ ਸੰਘੋਲ ਤੇ ਖਮਾਣੋਂ ਹਸਪਤਾਲ ਵਿਚ ਟੈਸਟ, ਖੂਨ ਚਾੜ੍ਹਨ ਵਾਲੇ ਡਾਕਟਰ ਤੇ ਮੈਡੀਸਨ ਦੇ ਡਾਕਟਰਾਂ ਦਾ ਪ੍ਰਬੰਧ ਨਹੀਂ ਹੈ। ਇਸ ਕਰਕੇ ਉਕਤ ਔਰਤ ਨੂੰ ਸ੍ਰੀ ਫਤਿਹਗੜ੍ਹ ਸਹਿਬ ਵਿਖੇ ਰੈਫਰ ਕੀਤਾ ਗਿਆ, ਜੋ ਕਿ ਫਤਿਹਗੜ੍ਹ ਸਹਿਬ ਜਾਣ ਦੀ ਬਜਾਏ ਔਰਤ ਨੂੰ ਘਰ ਲੈ ਗਏ ਤਾਂ ਸ਼ਾਮ ਨੂੰ ਔਰਤ ਦੇ ਮੁੜ ਦਰਦਾਂ ਹੋਣ ਕਾਰਨ ਉਹ ਜਿਵੇ ਹੀ ਹਸਪਤਾਲ ਆ ਰਹੇ ਸੀ ਤਾਂ ਔਰਤ ਨੇ ਰਸਤੇ ਵਿਚ ਹੀ ਬੱਚੇ ਨੂੰ ਜਨਮ ਦਿੱਤਾ। ਜਦੋਂ ਉਹ ਇਥੇ ਪਹੁੰਚੇ ਤਾਂ ਬੱਚੇ ਦੀ ਮੌਤ ਹੋ ਚੁੱਕੀ ਸੀ, ਜਿਸ ਦੀ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ। ਬੱਚੇ ਦੀ ਮਾਂ ਨੂੰ ਫਿਰ ਸਿਵਲ ਹਤਪਤਾਲ ਫਤਿਹਗੜ੍ਹ ਸਾਹਿਬ ਰੈਫਰ ਕਰ ਦਿੱਤਾ।
ਖਬਰ ਲਿਖੇ ਜਾਣ ਤਕ ਪ੍ਰਵਾਸੀ ਔਰਤ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ ਸੀ। ਜਦੋਂ ਇਸ ਸਬੰਧੀ ਸਿਵਲ ਸਰਜਨ ਫਤਿਹਗੜ੍ਹ ਸਹਿਬ ਹਰਮਿੰਦਰ ਕੌਰ ਸੋਢੀ ਨਾਲ ਫੋਨ 'ਤੇ ਸੰਪਰਕ ਕੀਤਾ ਤਾਂ ਉਨ੍ਹਾਂ ਮੀਟਿੰਗ ਵਿਚ ਬੈਠੇ ਹੋਣ ਦੀ ਗੱਲ ਆਖ ਕੇ ਖਹਿੜਾ ਛੁਡਾ ਲਿਆ।
5 ਦੋਸ਼ੀਆਂ ਨੂੰ 25-25 ਸਾਲ ਦੀ ਸਜ਼ਾ, ਹਰੇਕ ਨੂੰ 2.15 ਲੱਖ ਜੁਰਮਾਨਾ ਵੀ
NEXT STORY