ਗੁਰਦਾਸਪੁਰ (ਵਿਨੋਦ) - ਸਿਵਲ ਹਸਪਤਾਲ ਦੇ ਇਕ ਡਾਕਟਰ ਵਲੋਂ ਇਲਾਜ ਦੇ ਨਾਮ 'ਤੇ 20 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਬਾਵਜੂਦ ਮਰੀਜ਼ ਦੀ ਲੱਤ ਕੱਟਣ ਤੱਕ ਨੌਬਤ ਆਉਣ 'ਤੇ ਮਰੀਜ਼ ਦੇ ਪਰਿਵਾਰ ਨੇ ਸਿਵਲ ਹਸਪਤਾਲ ਵਿਚ ਡਾਕਟਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਸੀਨੀਅਰ ਮੈਡੀਕਲ ਅਧਿਕਾਰੀ ਨੂੰ ਮੰਗ ਪੱਤਰ ਦੇ ਕੇ ਮਾਮਲੇ ਦੀ ਜਾਂਚ ਕਰਨ ਦੀ ਗੁਹਾਰ ਲਗਾਈ।
ਪ੍ਰਾਪਤ ਜਾਣਕਾਰੀ ਅਨੁਸਾਰ ਤਰਸੇਮ ਲਾਲ ਨਿਵਾਸੀ ਪਿੰਡ ਗੁਰਦਾਸਪੁਰ ਭਾਈਆਂ ਨੇ ਦੋਸ਼ ਲਗਾਇਆ ਕਿ ਉਸ ਦੇ ਲੜਕੇ ਜਸਪਾਲ ਦਾ 9 ਫਰਵਰੀ ਨੂੰ ਇਕ ਬੱਸ ਨਾਲ ਐਕਸੀਡੈਂਟ ਹੋਇਆ ਸੀ ਅਤੇ ਉਸ ਦੀ ਲੱਤ ਦੀ ਹੱਡੀ ਟੁੱਟ ਗਈ ਸੀ। ਅਸੀਂ ਜਸਪਾਲ ਨੂੰ ਗੁਰਦਾਸਪੁਰ ਸਿਵਲ ਹਸਪਤਾਲ ਲੈ ਕੇ ਆਏ ਅਤੇ ਉਥੇ ਹੱਡੀਆਂ ਦੇ ਡਾਕਟਰ ਅਜੇ ਪਾਲ ਉਰਫ ਪਿੰ੍ਰਸ ਨੇ ਇਲਾਜ ਦੇ ਲਈ 20 ਹਜ਼ਾਰ ਰੁਪਏ ਦੀ ਮੰਗ ਕੀਤੀ। ਅਸੀਂ ਇਹ ਰਾਸ਼ੀ ਡਾਕਟਰ ਨੂੰ ਦੇ ਦਿੱਤੀ ਪਰ ਬੀਤੇ ਦਿਨ ਡਾ. ਅਜੇ ਪਾਲ ਨੇ ਜਸਪਾਲ ਨੂੰ ਅਮ੍ਰਿੰਤਸਰ ਹਸਪਤਾਲ ਰੈਫਰ ਕਰ ਦਿੱਤਾ। ਜਦ ਅਸੀਂ ਅਮ੍ਰਿੰਤਸਰ ਹਸਪਤਾਲ ਪਹੁੰਚੇ ਤਾਂ ਉਥੇ ਡਾਕਟਰਾਂ ਨੇ ਜਾਂਚ ਦੇ ਬਾਅਦ ਦੱਸਿਆ ਕਿ ਜਸਪਾਲ ਦੀ ਲੱਤ ਕੱਟਣੀ ਪਵੇਗੀ ਤੇ ਉਨ੍ਹਾਂ ਨੇ ਕਿਹਾ ਕਿ ਇਸ ਨੂੰ ਉਸੇ ਡਾਕਟਰ ਦੇ ਕੋਲ ਲੈ ਜਾਓ, ਜਿਸ ਨੇ ਇਸ ਦਾ ਇਲਾਜ ਕੀਤਾ ਸੀ। ਜਦ ਅਸੀਂ ਫਿਰ ਜਸਪਾਲ ਨੂੰ ਲੈ ਕੇ ਗੁਰਦਾਸਪੁਰ ਹਸਪਤਾਲ ਆਏ ਤਾਂ ਇਕ ਪ੍ਰਾਇਵੇਟ ਡਾਕਟਰ ਨੂੰ ਜਸਪਾਲ ਨੂੰ ਦਿਖਾਇਆ ਤਾਂ ਉਸ ਨੇ ਵੀ ਇਹੀ ਕਿਹਾ ਕਿ ਲਾਪਰਵਾਹੀ ਨਾਲ ਇਲਾਜ਼ ਹੋਣ ਦੇ ਕਾਰਨ ਇਸ ਦੀ ਲੱਤ ਖਰਾਬ ਹੋ ਚੁੱਕੀ ਹੈ ਤੇ ਇਸ ਦੀ ਲੱਤ ਕੱਟਣੀ ਪਵੇਗੀ। ਉਸ ਨੇ ਮਰੀਜ਼ ਨੂੰ ਅਮ੍ਰਿੰਤਸਰ ਦੇ ਪ੍ਰਾਇਵੇਟ ਹਸਪਤਾਲ ਲੈ ਜਾਣ ਨੂੰ ਕਿਹਾ। ਜਸਪਾਲ ਦੇ ਪਰਿਵਾਰ ਨੇ ਦੋਸ਼ ਲਗਾਇਆ ਕਿ ਹੁਣ ਡਾ. ਅਜੇ ਪਾਲ ਉਰਫ ਪ੍ਰਿੰਸ ਛੁੱਟੀ ਤੇ ਚਲਾ ਗਿਆ ਹੈ ਅਤੇ ਅਸੀਂ ਗਰੀਬ ਆਦਮੀ ਹਾਂ ਅਤੇ ਪ੍ਰਾਇਵੇਟ ਹਸਪਤਾਲ ਤੋਂ ਇਲਾਜ ਕਿਸ ਤਰ੍ਹਾਂ ਕਰਵਾ ਸਕਾਗੇ। ਮਰੀਜ਼ ਜਸਪਾਲ ਦੇ ਪਰਿਵਾਰ ਵਾਲਿਆਂ ਨੇ ਮੰਗਲਵਾਰ ਸਿਵਲ ਹਸਪਤਾਲ ਵਿਚ ਹੱਡੀਆਂ ਦੇ ਡਾਕਟਰ ਅਜੇ ਪਾਲ ਉਰਫ਼ ਪ੍ਰਿੰਸ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਦੋਸ਼ ਲਗਾਇਆ ਕਿ ਉਕਤ ਡਾਕਟਰ ਨੇ ਸਾਡੇ ਤੋਂ 20 ਹਜ਼ਾਰ ਰੁਪਏ ਵੀ ਲੈ ਲਏ ਅਤੇ ਇਲਾਜ ਵਿਚ ਲਾਪਰਵਾਹੀ ਕੀਤੀ, ਜਿਸ ਕਾਰਨ ਜਸਪਾਲ ਦੀ ਲੱਤ ਕੱਟਣ ਤੱਕ ਦੀ ਨੌਬਤ ਆ ਗਈ ਹੈ। ਉਨ੍ਹਾਂ ਨੇ ਇਸ ਸੰਬੰਧੀ ਸੀਨੀਅਰ ਮੈਡੀਕਲ ਅਧਿਕਾਰੀ ਨੂੰ ਇਕ ਸ਼ਿਕਾਇਤ ਪੱਤਰ ਵੀ ਦਿੱਤਾ।
ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਵਿਜੇ ਕੁਮਾਰ ਨਾਲ ਜਦ ਇਸ ਸੰਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਜਸਪਾਲ ਦੇ ਪਰਿਵਾਰ ਵਾਲਿਆਂ ਨੇ ਮੰਗਲਵਾਰ ਹਸਪਤਾਲ ਵਿਚ ਨਾਅਰੇਬਾਜ਼ੀ ਕਰਕੇ ਇਕ ਸ਼ਿਕਾਇਤ ਪੱਤਰ ਮੈਨੂੰ ਦਿੱਤਾ ਹੈ। ਇਸ ਸੰਬੰਧੀ ਡਾ. ਅਜੇ ਪਾਲ ਨੂੰ 15 ਫਰਵਰੀ ਨੂੰ ਮਰੀਜ਼ ਦਾ ਸਾਰਾ ਰਿਕਾਰਡ ਲੈ ਕੇ ਆਉਣ ਨੂੰ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਉਹ ਛੁੱਟੀ ਤੇ ਹੈ ਅਤੇ 15 ਫਰਵਰੀ ਨੂੰ ਉਹ ਡਿਊਟੀ ਤੇ ਵਾਪਸ ਆ ਰਹੇ ਹਨ। ਇਸ ਸੰਬੰਧੀ ਜਦੋਂ ਡਾ. ਪ੍ਰਿੰਸ ਨਾਲ ਫੋਨ 'ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਫੋਨ ਨਹੀਂ ਚੁੱਕਿਆ।
SGPC ਦੀ ਚਿਤਾਵਨੀ, ਸ੍ਰੀ ਹਰਿਮੰਦਰ ਸਾਹਿਬ ਦੇ ਨਾਂ 'ਤੇ ਉਗਰਾਹੀ ਕਰਨ ਵਾਲਿਆ ਨੂੰ ਬਕਸ਼ਿਆ ਨਹੀਂ ਜਾਵੇਗਾ
NEXT STORY