ਰਾਏਕੋਟ(ਭੱਲਾ)-ਰਾਏਕੋਟ ਵਿਖੇ ਬਣੇ 50 ਬਿਸਤਰਿਆਂ ਦੇ ਸਰਕਾਰੀ ਹਸਪਤਾਲ ਦੀ ਸ਼ਹਿਰ ਤੋਂ ਦੂਰੀ, ਲੋੜੀਂਦੀਆਂ ਸਹੂਲਤਾਂ ਅਤੇ ਡਾਕਟਰਾਂ ਦੀ ਕਮੀ ਇਲਾਕੇ ਦੇ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ। ਰਾਏਕੋਟ ਸਿਵਲ ਹਸਪਤਾਲ 'ਚ ਰਾਏਕੋਟ ਸ਼ਹਿਰ ਅਤੇ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਆਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਮਾਹਿਰ ਡਾਕਟਰਾਂ ਦੀ ਨਿਯੁਕਤੀ ਕੀਤੀ ਗਈ ਸੀ, ਜਿਨ੍ਹਾਂ ਵਿਚ ਔਰਤ ਰੋਗਾਂ ਦੇ ਮਾਹਿਰ, ਅੱਖਾਂ ਦੇ ਮਾਹਿਰ, ਨੱਕ, ਕੰਨ, ਗਲੇ, ਚਮੜੀ ਰੋਗਾਂ ਦੇ ਮਾਹਿਰ, ਹੱਡੀਆਂ ਦੇ, ਲੈਬ ਟੈਸਟਾਂ ਦੇ, ਮੈਡੀਕਲ ਸਪੈਸ਼ਲਿਸਟ, ਦੰਦਾਂ ਦੇ ਰੋਗਾਂ ਦੇ ਮਾਹਿਰ ਤੋਂ ਇਲਾਵਾ ਹੋਮੀਓਪੈਥੀ ਵਿਭਾਗ ਵੀ ਸਥਾਪਤ ਕੀਤਾ ਗਿਆ ਸੀ, ਪਰ ਇਲਾਕਾ ਵਾਸੀ ਹੁਣ ਤੱਕ ਇਸ ਆਧੁਨਿਕ ਹਸਪਤਾਲ ਤੋਂ ਬਹੁਤਾ ਲਾਭ ਨਹੀਂ ਖੱਟ ਸਕੇ। ਕਿਉਂਕਿ ਹਸਪਤਾਲ ਸ਼ਹਿਰ ਤੋਂ ਲਗਭਗ ਤਿੰਨ ਕਿਲੋਮੀਟਰ ਦੂਰ ਬਣਿਆ ਹੋਇਆ ਹੈ।
ਸੁੰਨਸਾਨ ਜਗ੍ਹਾ 'ਤੇ ਹੈ ਹਸਪਤਾਲ
ਸੁੰਨਸਾਨ ਜਗ੍ਹਾ ਵਿਚ ਸਥਿਤ ਹੋਣ ਕਰ ਕੇ ਰਾਤ ਸਮੇਂ ਜਿਥੇ ਹਸਪਤਾਲ 'ਚ ਡਾਕਟਰ ਰਹਿਣ ਤੋਂ ਕਤਰਾਉਂਦੇ ਹਨ, ਉਥੇ ਰਾਤ ਸਮੇਂ ਕਿਸੇ ਮਰੀਜ਼ ਨੂੰ ਹਸਪਤਾਲ ਪਹੁੰਚਾਉਣਾ ਵੀ ਵੱਡੀ ਮੁਸੀਬਤ ਤੋਂ ਘੱਟ ਨਹੀਂ ਹੈ। ਹਸਪਤਾਲ ਦੇ ਸਟਾਫ ਨੇ ਵੀ ਇਸ ਗੱਲ ਨੂੰ ਮੰਨਿਆ ਕਿ ਹਸਪਤਾਲ ਲਈ ਕੋਈ ਆਵਾਜਾਈ ਦਾ ਸਾਧਨ ਨਾ ਹੋਣ ਕਾਰਨ ਆਮ ਲੋਕਾਂ ਨੂੰ ਇਥੇ ਪੁੱਜਣ 'ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਨੂੰ ਦੇਖਦੇ ਹੋਏ ਪਿਛਲੇ ਸਮੇਂ ਦੌਰਾਨ ਪ੍ਰਸ਼ਾਸਨ ਵੱਲੋਂ ਹਸਪਤਾਲ ਲਈ ਰਿਕਸ਼ਾ ਦੀ ਸਹੂਲਤ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇਸ ਨੂੰ ਹੁਣ ਤੱਕ ਅਮਲ ਵਿਚ ਨਹੀਂ ਲਿਆਂਦਾ ਜਾ ਸਕਿਆ ਹੈ।
ਖਾਲੀ ਪਈਆਂ ਹਨ ਕਈ ਅਸਾਮੀਆਂ
ਜਾਣਕਾਰੀ ਮੁਤਾਬਿਕ ਹਸਪਤਾਲ ਵਿਚ ਇਕ ਮਹੀਨੇ ਵਿਚ ਲਗਭਗ ਦਸ ਹਜ਼ਾਰ ਦੇ ਕਰੀਬ ਨਵੇਂ ਪੁਰਾਣੇ ਮਰੀਜ਼ ਚੈੱਕਅਪ ਲਈ ਆਉਂਦੇ ਹਨ। ਇਸਦੇ ਬਾਵਜੂਦ ਹਸਪਤਾਲ ਵਿਚ ਐੱਮ. ਬੀ. ਬੀ. ਐੱਸ. ਡਾਕਟਰਾਂ ਦੇ ਸਾਰੇ 6 ਅਹੁਦੇ ਰੇਡੀਓਲੋਜ਼ੀ ਡਾਕਟਰ ਅਤੇ ਲੈਬੋਰੇਟਰੀ ਟੈਕਨੀਸ਼ਨਾਂ ਦੇ ਅਹੁਦੇ ਵੀ ਖਾਲੀ ਪਏ ਹਨ, ਜਦਕਿ ਈ. ਐੱਨ. ਟੀ., ਚਮੜੀ, ਬੱਚਿਆਂ ਅਤੇ ਬੇਹੋਸ਼ੀ ਦੇ ਮਾਹਿਰ ਡਾਕਟਰਾਂ ਦੀ ਹਫਤੇ ਵਿਚ ਕੁਝ ਦਿਨ ਡਿਊਟੀ ਹੋਣ ਕਾਰਨ ਮਰੀਜ਼ਾਂ ਨੂੰ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਕੈਨਿੰਗ ਦੀ ਸਹੂਲਤ ਵੀ ਨਹੀਂ ਉਪਲਬੱਧ
ਹਸਪਤਾਲ ਵਿਚ ਹੁਣ ਤੱਕ ਸਕੈਨਿੰਗ ਦੀ ਸਹੂਲਤ ਵੀ ਉਪਲਬੱਧ ਨਹੀਂ ਹੋ ਸਕੀ ਹੈ ਅਤੇ ਆਧੁਨਿਕ ਐਕਸ-ਰੇ ਦੀ ਮਸ਼ੀਨ ਦੀ ਅਣਹੋਂਦ ਵੀ ਮਰੀਜ਼ਾਂ ਲਈ ਭਾਰੀ ਦਿੱਕਤਾਂ ਪੇਸ਼ ਕਰਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਮਹਿੰਗੇ ਭਾਅ ਦੇ ਟੈਸਟ ਬਾਹਰੋਂ ਕਰਵਾਉਣ ਲਈ ਮਜਬੂਰ ਹੋਣਾ ਪੈਂਦਾ ਹੈ। ਇਸ ਤੋਂ ਇਲਾਵਾ ਹਸਪਤਾਲ ਵਿਚ ਮਰੀਜ਼ਾਂ ਨੂੰ ਸਿਰਫ ਆਮ ਸਸਤੀਆਂ ਦਵਾਈਆਂ ਹੀ ਮਿਲਦੀਆਂ ਹਨ, ਜਦਕਿ ਮਹਿੰਗੀਆਂ ਦਵਾਈਆਂ ਉਨ੍ਹਾਂ ਨੂੰ ਬਾਹਰਲੇ ਮੈਡੀਕਲ ਸਟੋਰਾਂ ਤੋਂ ਲੈਣ ਲਈ ਮਜਬੂਰ ਹੋਣਾ ਪੈਂਦਾ ਹੈ। ਬੇਸ਼ੱਕ ਰਾਏਕੋਟ ਸਿਵਲ ਹਸਪਤਾਲ ਨੂੰ 50 ਬਿਸਤਰਿਆਂ ਦੀ ਮਨਜ਼ੂਰੀ ਮਿਲੀ ਹੋਈ ਹੈ ਪਰ ਸਹੂਲਤਾਂ ਦੀ ਘਾਟ ਕਾਰਨ ਮੌਜੂਦਾ ਸਮੇਂ 'ਚ ਸਿਰਫ 30 ਬੈੱਡਾਂ ਦੀ ਸਹੂਲਤ ਹੀ ਮਰੀਜ਼ਾਂ ਨੂੰ ਉਪਲਬੱਧ ਹੋ ਰਹੀ ਹੈ। ਹਸਪਤਾਲ ਵਿਚ ਰਿਹਾਇਸ਼ੀ ਡਾਕਟਰਾਂ ਦੇ ਰਹਿਣ ਲਈ ਕੁਆਰਟਰ ਤਾਂ ਜ਼ਰੂਰ ਬਣਿਆ ਹੋਇਆ ਹੈ। ਪਰ ਰਿਹਾਇਸ਼ੀ ਡਾਕਟਰ ਦੀ ਘਾਟ ਕਾਰਨ ਇਸ ਕੁਆਰਟਰ ਦੀ ਵਰਤੋਂ ਸਟੋਰ ਵਜੋਂ ਕੀਤੀ ਜਾ ਰਹੀ ਹੈ।
ਆਵਾਜਾਈ ਦਾ ਕੋਈ ਵੀ ਖਾਸ ਪ੍ਰਬੰਧ ਨਹੀਂ
ਹਸਪਤਾਲ ਮੁੱਖ ਸੜਕ ਤੋਂ ਹਟਵਾਂ ਹੋਣ ਕਾਰਨ ਇਥੇ ਜਾਣ ਲਈ ਆਵਾਜਾਈ ਦਾ ਕੋਈ ਵੀ ਖਾਸ ਪ੍ਰਬੰਧ ਨਹੀਂ ਹੈ। ਹਸਪਤਾਲ ਨੂੰ ਆਵਾਜਾਈ ਦੇ ਸਾਧਨ ਦੀ ਅਣਹੋਂਦ ਕਾਰਨ ਇਸਦੀ ਤਿੰਨ ਕਿਲੋਮੀਟਰ ਦੀ ਦੂਰੀ ਲੋਕਾਂ ਲਈ ਮੁਸੀਬਤ ਬਣੀ ਹੋਈ ਹੈ। ਇਸ ਹਸਪਤਾਲ ਨੂੰ ਕੋਈ ਵੀ ਆਟੋ ਰਿਕਸ਼ਾ, ਟੈਂਪੂ ਜਾਂ ਮਿੰਨੀ ਬੱਸ ਨਹੀਂ ਜਾਂਦੀ ਅਤੇ ਰਿਕਸ਼ੇ ਵਾਲੇ 50 ਰੁਪਏ ਤੋਂ ਘੱਟ ਨਹੀਂ ਮੰਗਦੇ। ਇਸ ਲਈ ਆਮ ਤੇ ਗਰੀਬ ਆਦਮੀ ਲਈ ਹਸਪਤਾਲ ਪਹੁੰਚਣਾ ਮੁਸੀਬਤ ਤੋਂ ਘੱਟ ਨਹੀਂ ਹੈ। ਹਸਪਤਾਲ ਵਿਚ ਗਰਭਵਤੀ ਔਰਤਾਂ ਨਵਜੰਮੇ ਬੱਚਿਆਂ ਨੂੰ ਨਿਯਮਤ ਜਾਂਚ ਲਈ ਜਾਣਾ ਪੈਂਦਾ ਹੈ, ਪਰ ਆਵਾਜਾਈ ਸਾਧਨ ਨਾ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਮੁਸੀਬਤ ਝੱਲਣੀ ਪੈਂਦੀ ਹੈ ਅਤੇ ਗਰਮੀ ਦੇ ਮੌਸਮ ਵਿਚ ਇਹ ਮੁਸੀਬਤ ਉਨ੍ਹਾਂ ਲਈ ਹੋਰ ਵੱਡੀ ਹੋ ਜਾਂਦੀ ਹੈ। ਇਹ ਆਮ ਕਿਹਾ ਜਾਂਦਾ ਹੈ ਕਿ ਹਸਪਤਾਲ ਦੀ ਦੂਰੀ ਤਹਿ ਕਰਦਾ ਤੁੰਦਰੁਸਤ ਵਿਅਕਤੀ ਵੀ ਬੀਮਾਰ ਹੋ ਜਾਂਦਾ ਹੈ।
ਟਰੈਕਟਰ-ਟਰਾਲੀ ਦੀ ਲਪੇਟ 'ਚ ਆਉਣ ਨਾਲ ਕਾਰ ਸਵਾਰ ਜ਼ਖਮੀ
NEXT STORY