ਖੰਨਾ (ਵਿਨਾਇਕ): ਖੰਨਾ ਸ਼ਹਿਰ ਦੀ ਕੇਹਰ ਸਿੰਘ ਕਾਲੋਨੀ ਵਿਚ ਦੀਵਾਲੀ ਦੀ ਰਾਤ ਪਟਾਕੇ ਚਲਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਇਆ ਵਿਵਾਦ ਦੇਖਦੇ ਹੀ ਦੇਖਦੇ ਹਿੰਸਕ ਝੜਪ ਵਿਚ ਬਦਲ ਗਿਆ। ਇਸ ਦੌਰਾਨ ਦੋਵਾਂ ਧਿਰਾਂ ਦੇ ਲੋਕਾਂ ਨੇ ਇਕ-ਦੂਜੇ 'ਤੇ ਤੇਜ਼ਧਾਰ ਹਥਿਆਰਾਂ, ਇੱਟਾਂ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਇਸ ਖੂਨੀ ਝੜਪ ਵਿਚ ਦੋਵਾਂ ਧਿਰਾਂ ਦੇ ਕੁੱਲ 12 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਜ਼ਖ਼ਮੀਆਂ ਵਿਚ ਇਕ ਧਿਰ ਦੇ 8 ਅਤੇ ਦੂਜੀ ਧਿਰ ਦੇ 4 ਵਿਅਕਤੀ ਸ਼ਾਮਲ ਦੱਸੇ ਜਾ ਰਹੇ ਹਨ। ਘਟਨਾ ਤੋਂ ਬਾਅਦ ਇਲਾਕੇ ਵਿਚ ਤਣਾਅਪੂਰਨ ਮਾਹੌਲ ਬਣ ਗਿਆ। ਦੋਵਾਂ ਧਿਰਾਂ ਵੱਲੋਂ ਪੁਲਸ ਨੂੰ ਲਿਖਤੀ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ।
ਪੁਰਾਣੀ ਕਹਾਸੁਣੀ ਦੌਰਾਨ ਪਟਾਕੇ ਚਲਾਉਣ ਨੂੰ ਲੈ ਕੇ ਵਧਿਆ ਵਿਵਾਦ
ਪ੍ਰਾਪਤ ਜਾਣਕਾਰੀ ਅਨੁਸਾਰ, ਦੋਵਾਂ ਧਿਰਾਂ ਵਿਚਾਲੇ ਪਹਿਲਾਂ ਤੋਂ ਹੀ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਕਹਾਸੁਣੀ ਹੁੰਦੀ ਰਹਿੰਦੀ ਸੀ। ਦੀਵਾਲੀ ਦੀ ਰਾਤ ਦੋਵਾਂ ਧਿਰਾਂ ਦੇ ਲੋਕ ਆਪਣੇ-ਆਪਣੇ ਘਰਾਂ ਦੇ ਬਾਹਰ ਗਲੀ ਵਿਚ ਪਟਾਕੇ ਚਲਾ ਰਹੇ ਸਨ। ਇਸੇ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਦੇਖਦੇ ਹੀ ਦੇਖਦੇ ਵਿਵਾਦ ਇੰਨਾ ਵਧ ਗਿਆ ਕਿ ਦੋਵਾਂ ਪਾਸਿਆਂ ਤੋਂ ਮਾਰਕੁੱਟ ਸ਼ੁਰੂ ਹੋ ਗਈ। ਦੋਸ਼ ਹੈ ਕਿ ਝੜਪ ਦੌਰਾਨ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕੀਤੀ ਗਈ ਅਤੇ ਇਕ-ਦੂਜੇ 'ਤੇ ਇੱਟਾਂ ਤੇ ਪੱਥਰ ਵਰ੍ਹਾਏ ਗਏ। ਇਸ ਹਮਲੇ ਵਿਚ ਦੋਵਾਂ ਧਿਰਾਂ ਦੇ ਕਈ ਵਿਅਕਤੀ ਜ਼ਖ਼ਮੀ ਹੋ ਗਏ।
ਇਕ ਜ਼ਖ਼ਮੀ ਦੇ ਸਿਰ 'ਤੇ 40 ਤਾਂ ਦੂਜੇ ਦੇ ਸਿਰ 'ਤੇ ਲੱਗੇ 22 ਟਾਂਕੇ
ਇਕ ਧਿਰ ਦੇ ਬੰਟੀ ਨੇ ਦੱਸਿਆ ਕਿ ਇਸ ਝੜਪ ਵਿਚ ਉਨ੍ਹਾਂ ਦੇ ਪਰਿਵਾਰ ਅਤੇ ਧਿਰ ਦੇ ਕੁੱਲ 8 ਵਿਅਕਤੀ ਜ਼ਖ਼ਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਧਿਰ ਦੇ ਗੰਭੀਰ ਜ਼ਖ਼ਮੀ ਸੁਨੀਲ ਦੇ ਸਿਰ 'ਤੇ ਡੂੰਘੀ ਸੱਟ ਲੱਗੀ, ਜਿਸ ਕਾਰਨ ਡਾਕਟਰਾਂ ਨੂੰ ਉਸ ਦੇ ਸਿਰ 'ਤੇ 40 ਟਾਂਕੇ ਲਗਾਉਣੇ ਪਏ। ਇਸ ਤੋਂ ਇਲਾਵਾ ਉਨ੍ਹਾਂ ਦੀ ਧਿਰ ਦੇ ਇਕ ਹੋਰ ਜ਼ਖ਼ਮੀ ਦੇ ਸਿਰ 'ਤੇ ਵੀ 22 ਟਾਂਕੇ ਲਗਾਏ ਗਏ ਹਨ। ਉੱਥੇ ਹੀ ਦੂਜੀ ਧਿਰ ਦੇ 4 ਵਿਅਕਤੀ ਵੀ ਇਸ ਝੜਪ ਵਿਚ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਦੋਵਾਂ ਧਿਰਾਂ ਵੱਲੋਂ ਇਕ-ਦੂਜੇ 'ਤੇ ਹਮਲਾ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ।
ਪੁਲਸ ਨੇ ਹਸਪਤਾਲ ਪਹੁੰਚ ਕੇ ਸ਼ੁਰੂ ਕੀਤੀ ਜਾਂਚ, ਬਿਆਨਾਂ ਦੇ ਆਧਾਰ 'ਤੇ ਹੋਵੇਗੀ ਕਾਰਵਾਈ
ਇਸ ਮਾਮਲੇ ਸਬੰਧੀ ਥਾਣਾ ਮੁਖੀ ਐੱਸ.ਐੱਚ.ਓ. ਹਰਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਟੀਮ ਹਸਪਤਾਲ ਪਹੁੰਚੀ ਹੈ ਅਤੇ ਜ਼ਖ਼ਮੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਦੋਵਾਂ ਧਿਰਾਂ ਵੱਲੋਂ ਲਿਖਤੀ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਪੁਲਸ ਵੱਲੋਂ ਪੂਰੇ ਘਟਨਾਕ੍ਰਮ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜ਼ਖ਼ਮੀਆਂ ਦੇ ਬਿਆਨਾਂ, ਸ਼ਿਕਾਇਤਾਂ ਅਤੇ ਉਪਲਬਧ ਤੱਥਾਂ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਲੁਧਿਆਣਾ: ਦੀਵਾਲੀ ਦੀ ਰਾਤ ਘਰ ਦੀ ਛੱਤ 'ਤੇ ਡਿੱਗੇ 2 ਖੋਲ੍ਹ, 2 ਕੁੜੀਆਂ ਵਾਲ-ਵਾਲ ਬਚੀਆਂ
NEXT STORY