ਜਲੰਧਰ (ਧਵਨ) : ਗੁਜਰਾਤ ਵਿਧਾਨ ਸਭਾ ਚੋਣਾਂ ਦੇ ਸੰਭਾਵਤ ਨਤੀਜਿਆਂ ’ਤੇ ਵੱਖ-ਵੱਖ ਚੈਨਲਾਂ ਤੇ ਵਿਸ਼ਲੇਸ਼ਕਾਂ ਵਲੋਂ ਵੱਖ-ਵੱਖ ਵਿਚਾਰ ਪ੍ਰਗਟ ਕੀਤੇ ਜਾ ਰਹੇ ਹਨ, ਜਿਸ ਵਿਚ ਭਾਜਪਾ ਨੂੰ ਸੱਤਾ ਮਿਲਣ ਦੀ ਗੱਲ ਕਹੀ ਜਾ ਰਹੀ ਹੈ ਜਦਕਿ ਆਮ ਆਦਮੀ ਪਾਰਟੀ ਤੀਜੇ ਨੰਬਰ ’ਤੇ ਦੱਸੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਸੰਭਾਵਤ ਨਤੀਜਿਆਂ ’ਤੇ ਵਿਅੰਗ ਭਰਿਆ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਵੇ ’ਚ ਭਰੋਸਾ ਨਹੀਂ ਰੱਖਦੀ। ਵੱਖ-ਵੱਖ ਚੈਨਲਾਂ ਵੱਲੋਂ ਕਿਹੜੇ-ਕਿਹੜੇ ਸਰਵੇ ਕੀਤੇ ਜਾ ਰਹੇ ਹਨ, ਉਨ੍ਹਾਂ ਵਿਚ ਸਾਨੂੰ ਭਰੋਸਾ ਨਹੀਂ। ਪੰਜਾਬ ਵਿਧਾਨ ਸਭਾ ਦੀਆਂ 7 ਮਹੀਨੇ ਪਹਿਲਾਂ ਹੋਈਆਂ ਆਮ ਚੋਣਾਂ ਵਿਚ ਵੀ ਆਮ ਆਦਮੀ ਪਾਰਟੀ ਨੂੰ ਕਿਸੇ ਵੀ ਸਰਵੇ ਵਿਚ ਸਰਕਾਰ ਬਣਾਉਂਦੇ ਜਾਂ 92 ਸੀਟਾਂ ਜਿੱਤਦੇ ਨਹੀਂ ਦਿਖਾਇਆ ਗਿਆ ਸੀ ਪਰ ਇਸ ਦੇ ਬਾਵਜੂਦ ਇਹ ਪਾਰਟੀ ਸੱਤਾ ਵਿਚ ਆਈ ਹੈ।
ਇਹ ਵੀ ਪੜ੍ਹੋ- ਲਹਿਰਾਗਾਗਾ 'ਚ ਕਰਜ਼ੇ ਤੋਂ ਦੁਖੀ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਸਿਰ 10 ਲੱਖ ਦਾ ਸੀ ਕਰਜ਼ਾ
ਮਾਨ ਨੇ ਕਿਹਾ ਹੈ ਕਿ ਦਿੱਲੀ ਵਿਚ ਵੀ ਜਦੋਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੂਜੀ ਵਾਰ ਸੱਤਾ ਵਿਚ ਆਈ ਸੀ ਤਾਂ ਉਸ ਸਮੇਂ ਵੀ ਕਿਸੇ ਨੇ 'ਆਪ' ਦੇ ਮੁੜ ਸੱਤਾ ਵਿਚ ਆਉਣ ਦੀ ਭਵਿੱਖਬਾਣੀ ਨਹੀਂ ਕੀਤੀ ਸੀ ਅਤੇ ਸਾਰੇ ਸਰਵੇ ਨਤੀਜੇ ਗ਼ਲਤ ਸਾਬਤ ਹੋਏ ਸਨ। ਉਨ੍ਹਾਂ ਕਿਹਾ ਕਿ ਨਾ ਸਿਰਫ਼ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ 67 ਸੀਟਾਂ ਜਿੱਤੀਆਂ ਸਨ ਸਗੋਂ ਉਹ ਮੁੜ ਸੱਤਾ ਵਿਚ ਵੀ ਆਈ ਸੀ। ਇਸ ਤਰ੍ਹਾਂ ਮੁੱਖ ਮੰਤਰੀ ਵੱਲੋਂ ਸਰਵੇ ਦੇ ਸੰਭਾਵਤ ਨਤੀਜਿਆਂ ਸਬੰਧੀ ਕੀਤੀਆਂ ਗਈਆਂ ਟੀਕਾ-ਟਿੱਪਣੀਆਂ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਕੁਝ ਦਿਨਾਂ ਤੋਂ ਅਰਵਿੰਦ ਕੇਜਰੀਵਾਲ ਨਾਲ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਲਗਾਤਾਰ ਪ੍ਰਚਾਰ ਕਰ ਰਹੇ ਹਨ। ਹੁਣ ਜਦੋਂ ਹਿਮਾਚਲ ਪ੍ਰਦੇਸ਼ ਦਾ ਚੋਣ ਪ੍ਰਚਾਰ ਆਖਰੀ ਪੜਾਅ ’ਤੇ ਪਹੁੰਚ ਚੁੱਕਾ ਹੈ, ਇਸ ਲਈ ਆਉਣ ਵਾਲੇ ਦਿਨਾਂ ’ਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦਾ ਪੂਰਾ ਧਿਆਨ ਗੁਜਰਾਤ ਚੋਣਾਂ ਵੱਲ ਰਹੇਗਾ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
SGPC ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬੁਲਾਈ ਅਹਿਮ ਮੀਟਿੰਗ
NEXT STORY