ਚੰਡੀਗੜ੍ਹ (ਵੈੱਬ ਡੈਸਕ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਕੇਂਦਰ ਸਰਕਾਰ 'ਤੇ ਤਿੱਖੇ ਨਿਸ਼ਾਨੇ ਵਿੰਨ੍ਹੇ। ਮਨਰੇਗਾ ਵਿਚ ਕੀਤੀਆਂ ਗਈਆਂ ਤਬਦੀਲੀਆਂ ਵਿਰੁੱਧ ਮਤੇ ਦੇ ਹੱਕ ਵਿਚ ਬੋਲਦਿਆਂ CM ਮਾਨ ਨੇ ਕਿਹਾ ਕਿ ਕੁਝ ਲੀਡਰ ਸਿਰਫ਼ ਇਸ ਦੇ ਨਾਂ ਦੇ ਵਿਚ ਹੀ ਉਲਝੇ ਹੋਏ ਹਨ, ਇਸ ਅੰਦਰਲੀਆਂ ਸਾਜ਼ਿਸ਼ਾਂ ਨੂੰ ਨਹੀਂ ਸਮਝ ਰਹੇ।
ਮਾਨ ਨੇ ਕਿਹਾ ਕਿ ਪਹਿਲਾਂ ਮਨਰੇਗਾ ਤਹਿਤ 100 ਦਿਨ ਰੋਜ਼ਗਾਰ ਦੀ ਕਾਨੂੰਨੀ ਗਾਰੰਟੀ ਸੀ, ਪਰ ਹੁਣ ਉਹ ਵੀ ਖ਼ਤਮ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ PM ਮੋਦੀ ਨੂੰ 2-3 ਬੰਦਿਆਂ ਵਿਚ ਹੀ ਪੂਰਾ ਦੇਸ਼ ਦਿਸਦਾ ਹੈ ਤੇ ਉਨ੍ਹਾਂ ਦੇ ਹਿਸਾਬ ਨਾਲ ਹੀ ਸਾਰੇ ਫ਼ੈਸਲੇ ਲਏ ਜਾਂਦੇ ਹਨ। ਉਨ੍ਹਾਂ ਕਿਹਾ ਕਿ 'ਮਨਰੇਗਾ' ਦੀ ਜਗ੍ਹਾ ਲਿਆਂਦੇ 'ਜੀ ਰਾਮ ਜੀ' ਵਿਚ ਕੇਂਦਰ ਨੇ ਸਾਰੇ ਕੰਮ ਆਪਣੇ ਹੱਥਾਂ ਵਿਚ ਲੈ ਲਏ ਹਨ। ਪਹਿਲਾਂ 100 ਦਿਨ ਦੀ ਗਾਰੰਟੀ ਸੀ, ਪਰ ਪੂਰੇ ਦੇਸ਼ ਵਿਚ ਇਹ ਜ਼ਮੀਨੀ ਤੌਰ 'ਤੇ 7 ਫ਼ੀਸਦੀ ਦੇ ਕਰੀਬ ਹੀ ਮਿਲਦਾ ਸੀ। ਹੁਣ ਕਹਿਣ ਨੂੰ ਭਾਵੇਂ 125 ਦਿਨ ਰੋਜ਼ਗਾਰ ਦੀ ਗੱਲ ਕਰ ਰਹੇ ਹਨ, ਪਰ ਸ਼ਰਤਾਂ ਰੱਖ ਕੇ ਉਸ ਨੂੰ ਖ਼ਤਮ ਹੀ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਮਨਰੇਗਾ ਲਿਆਉਣ ਤੋਂ ਪਹਿਲਾਂ ਲੰਮਾ ਸਮਾਂ ਵਿਚਾਰ ਵਟਾਂਦਰੇ ਹੋਏ ਸਨ, ਪਰ ਇਸ ਬਿੱਲ ਨੂੰ 14 ਘੰਟਿਆਂ ਵਿਚ ਹੀ ਪਾਸ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਬਿੱਲ ਦਾ ਨਾਂ ਭਗਵਾਨ ਰਾਮ ਜੀ ਦੇ ਨਾਂ 'ਤੇ ਰੱਖਿਆ ਗਿਆ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਰਾਮ ਜੀ ਦਾ ਨਾਂ ਘਪਲਿਆਂ ਨਾਲ ਵੀ ਜੁੜੇਗਾ। ਉਨ੍ਹਾਂ ਪੁੱਛਿਆ ਕਿ ਗਰੀਬਾਂ ਦਾ ਰੋਜ਼ਗਾਰ ਖੋਹ ਕੇ ਵਿਕਸਿਤ ਭਾਰਤ ਕਿਵੇਂ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇ ਇਹੀ ਹਾਲ ਰਿਹਾ ਤਾਂ ਲੋਕ ਭਾਜਪਾ ਅਤੇ ਅਕਾਲੀ ਦਲ ਦੇ ਲੀਡਰਾਂ ਦਾ ਪਿੰਡਾਂ ਵਿਚ ਵੜਣਾ ਬੰਦ ਕਰ ਦੇਣਗੇ।
ਮਨਰੇਗਾ ਨੂੰ ਬਚਾਉਣ ਲਈ ਇਕ ਝੰਡੇ ਹੇਠ ਇਕੱਠੇ ਹੋਣ ਮਜ਼ਦੂਰ, ਪੰਜਾਬ ਸਰਕਾਰ ਤੁਹਾਡੇ ਨਾਲ: ਇੰਦਰਜੀਤ ਕੌਰ ਮਾਨ
NEXT STORY