ਚੰਡੀਗੜ੍ਹ/ਨਵੀਂ ਦਿੱਲੀ/ਸ਼੍ਰੀਨਗਰ (ਏਜੰਸੀਆਂ)-ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਸਮੇਤ ਪੂਰੇ ਉੱਤਰ ਭਾਰਤ ’ਚ ਜਨਜੀਵਨ ਸਰਦੀ ਦੇ ਕਹਿਰ ਨਾਲ ਕੰਬ ਉਠਿਆ ਹੈ। ਹਾਲਾਂਕਿ ਹੱਡਚੀਰਵੀਂ ਸਰਦੀ ਅਜੇ ਕੁਝ ਦਿਨ ਹੋਰ ਸਤਾਏਗੀ। ਮੌਸਮ ਕੇਂਦਰ ਨੇ ਇਲਾਕੇ ’ਚ 28 ਅਤੇ 29 ਦਸੰਬਰ ਨੂੰ ਕਿਤੇ-ਕਿਤੇ ਸੰਘਣੀ ਧੁੰਦ, ਕੋਲਡ ਡੇਅ ਅਤੇ ਸੀਤ ਲਹਿਰ ਦਾ ਕਹਿਰ ਬਣੇ ਰਹਿਣ ਦੀ ਚਿਤਾਵਨੀ ਦਿੱਤੀ ਹੈ। ਮੌਸਮ ਖੁਸ਼ਕ ਬਣਿਆ ਰਹੇਗਾ, ਧੁੰਦ ਦੀ ਸੰਭਾਵਨਾ ਹੈ। 31 ਦਸੰਬਰ ਨੂੰ ਇਲਾਕੇ ’ਚ ਮੀਂਹ ਦੇ ਆਸਾਰ ਹਨ।
ਹਰਿਆਣਾ ਅਤੇ ਪੰਜਾਬ ’ਚ ਕੜਾਕੇ ਦੀ ਠੰਡ ਸ਼ੁੱਕਰਵਾਰ ਨੂੰ ਵੀ ਜਾਰੀ ਰਹੀ। ਦੋਵਾਂ ਸੂਬਿਆਂ ਦੇ ਜ਼ਿਆਦਾਤਰ ਹਿੱਸਿਆਂ ਵਿਚ ਧੁੰਦ ਦਾ ਅਸਰ ਰਿਹਾ, ਜਿਸ ਨਾਲ ਸ਼ੁੱਕਰਵਾਰ ਸਵੇਰੇ ਵੀ ਵਿਜ਼ੀਬਿਲਟੀ ਘੱਟ ਰਹੀ। ਹਰਿਆਣਾ ਦੇ ਹਿਸਾਰ ’ਚ ਪਾਰਾ ਹੇਠਾਂ ਡਿੱਗ ਕੇ 0.3 ਡਿਗਰੀ ’ਤੇ ਪਹੁੰਚ ਗਿਆ ਜਦਕਿ ਪੰਜਾਬ ’ਚ ਬਠਿੰਡਾ 2.8 ਡਿਗਰੀ ਤਾਪਮਾਨ ਨਾਲ ਸਭ ਤੋਂ ਠੰਡਾ ਰਿਹਾ। ਠੰਡ ਅਤੇ ਧੁੰਦ ਕਾਰਣ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਆਉਣ ਅਤੇ ਜਾਣ ਵਾਲੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ। 3 ਉਡਾਣਾਂ ਰੱਦ ਰਹੀਆਂ ਅਤੇ 3 ਨੇ ਦੇਰੀ ਨਾਲ ਉਡਾਣ ਭਰੀ। ਓਧਰ ਦਿੱਲੀ ਵਿਚ ਸ਼ੁੱਕਰਵਾਰ ਦੀ ਸਵੇਰ ਘੱਟ ਤੋਂ ਘੱਟ ਤਾਪਮਾਨ 4.2 ਡਿਗਰੀ ਸੈਲਸੀਅਸ (ਸਾਧਾਰਣ ਨਾਲੋਂ 3 ਡਿਗਰੀ ਘੱਟ) ਦਰਜ ਕੀਤਾ ਗਿਆ, ਜੋ ਕਿ ਇਸ ਵਾਰ ਸਾਲ 1901 ਯਾਨੀ 118 ਸਾਲ ਬਾਅਦ ਹੁਣ ਤੱਕ ਦੂਸਰਾ ਸਭ ਤੋਂ ਠੰਡਾ ਦਸੰਬਰ ਦਾ ਮਹੀਨਾ ਹੈ। ਰਾਸ਼ਟਰੀ ਰਾਜਧਾਨੀ ਵਿਚ ਅੱਜ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ਵਿਚ ਰਹੀ।
ਪੰਜਾਬ ’ਚ ਬਠਿੰਡਾ ’ਚ ਸਭ ਤੋਂ ਘੱਟ 2.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਅੰਮ੍ਰਿਤਸਰ ’ਚ ਤਾਪਮਾਨ 5 ਡਿਗਰੀ, ਲੁਧਿਆਣਾ ’ਚ 5.6 , ਹਲਵਾਰਾ 5.5, ਗੁਰਦਾਸਪੁਰ 5.8, ਆਦਮਪੁਰ 6, ਪਠਾਨਕੋਟ 7 ਅਤੇ ਪਟਿਆਲਾ ’ਚ ਤਾਪਮਾਨ 6.9 ਡਿਗਰੀ ਸੈਲਸੀਅਸ ਰਿਹਾ। ਦੋਹਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ’ਚ ਘੱਟ ਤੋਂ ਘੱਟ ਤਾਪਮਾਨ 6.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ਅਤੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ’ਚ ਧੁੰਦ ਦਾ ਅਸਰ ਰਿਹਾ, ਜਿਸ ਨਾਲ ਸ਼ੁੱਕਰਵਾਰ ਸਵੇਰੇ ਵੀ ਵਿਜ਼ੀਬਿਲਟੀ ਘੱਟ ਰਹੀ।
ਉੱਧਰ ਹਿਮਾਚਲ ਪ੍ਰਦੇਸ਼ ਦੇ ਬਰਫ ਨਾਲ ਢਕੇ ਜਨਜਾਤੀ ਇਲਾਕਿਆਂ ’ਚ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ। ਇਨ੍ਹਾਂ ਇਲਾਕਿਆਂ ’ਚ ਝਰਨਿਆਂ, ਝੀਲਾਂ, ਤਲਾਬ ਅਤੇ ਨਦੀ-ਨਾਲਿਆਂ ਦੀ ਉੱਪਰੀ ਪਰਤ ਜੰਮ ਗਈ। ਮੰਡੀ ਦੀ ਪਰਾਸ਼ਰ ਝੀਲ ਅਤੇ ਸਿਸਸੂ ਝੀਲ ਵੀ ਜੰਮ ਗਈ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 2-3 ਦਿਨਾਂ ਵਿਚ ਸੈਲਾਨੀਆਂ ਨੂੰ ਖਤਰੇ ਵਾਲੀਆਂ ਥਾਵਾਂ ’ਤੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।
ਦੂਜੇ ਪਾਸੇ ਜੰਮੂ ਵਿਚ ਸ਼ੁੱਕਰਵਾਰ ਨੂੰ ਮੌਸਮ ਦਾ ਸਭ ਤੋਂ ਠੰਡਾ ਦਿਨ (10.8 ਡਿਗਰੀ) ਰਿਹਾ ਅਤੇ ਸ਼੍ਰੀਨਗਰ ਵਿਚ ਵੀਰਵਾਰ ਨੂੰ ਮੌਸਮ ਦੀ ਸਭ ਤੋਂ ਠੰਡੀ ਰਾਤ (-5 ਡਿਗਰੀ) ਬੀਤੀ। ਲੱਦਾਖ ਦਾ ਦਰਾਸ ਵੀਰਵਾਰ ਨੂੰ ਦੱਖਣੀ ਧਰੁਵ ਅੰਟਾਰਟਿਕਾ ਨਾਲੋਂ ਵੀ ਜ਼ਿਆਦਾ ਠੰਡਾ ਰਿਹਾ। ਦਰਾਸ ਵਿਚ ਘੱਟ ਤੋਂ ਘੱਟ ਤਾਪਮਾਨ -30.2 ਡਿਗਰੀ ਦਰਜ ਕੀਤਾ ਗਿਆ, ਜਦਕਿ ਅੰਟਾਰਟਿਕਾ ਦਾ ਘੱਟ ਤੋਂ ਘੱਟ ਤਾਪਮਾਨ -26 ਡਿਗਰੀ ਰਿਹਾ। ਕਸ਼ਮੀਰ ਦੇ ਕਈ ਇਲਾਕਿਆਂ ਵਿਚ ਟੂਟੀਆਂ ਵਿਚ ਆਉਣ ਵਾਲਾ ਪਾਣੀ ਜੰਮ ਗਿਆ। ਲੋਕ ਬਰਫ ਉਬਾਲ ਕੇ ਪਾਣੀ ਪੀ ਰਹੇ ਹਨ।
ਵਰਿਆਣਾ ਵਿਖੇ 108 ਐਂਬੂਲੈਂਸ ਨੂੰ ਕਾਂਗਰਸ ਸਰਕਾਰ ਵਲੋਂ 'ਜ਼ੈੱਡ ਸਕਿਓਰਿਟੀ'
NEXT STORY