ਅੰਮ੍ਰਿਤਸਰ, (ਦਲਜੀਤ)- ਸਰਕਾਰੀ ਮੈਡੀਕਲ ਕਾਲਜ 'ਚ ਬੀਤੀ ਰਾਤ ਲੜਕੀਆਂ ਦੇ ਹੋਸਟਲ ਦੇ ਬਾਹਰ 6 ਜੂਨੀਅਰ ਡਾਕਟਰਾਂ ਨੇ ਸ਼ਰਾਬ ਪੀ ਕੇ ਹੁੜਦੰਗ ਮਚਾਇਆ। ਡਾਕਟਰਾਂ ਨੇ ਨਸ਼ੇ ਵਿਚ ਆਪਣੇ ਹੀ ਇਕ ਸਾਥੀ ਨਾਲ ਗਾਲੀ-ਗਲੋਚ ਕਰਦਿਆਂ ਕੁੱਟਮਾਰ ਕੀਤੀ। ਘਟਨਾ ਤੋਂ ਬਾਅਦ ਹੋਸਟਲ ਦੀਆਂ ਲੜਕੀਆਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਕਾਲਜ ਪ੍ਰਸ਼ਾਸਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ 6 ਡਾਕਟਰਾਂ ਨੂੰ ਸਸਪੈਂਡ ਕਰਦਿਆਂ ਇਸ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।
ਜਾਣਕਾਰੀ ਅਨੁਸਾਰ ਸਰਕਾਰੀ ਮੈਡੀਕਲ ਕਾਲਜ ਦੇ ਜੂਨੀਅਰ ਡਾਕਟਰ ਸ਼ਰਾਬੀ ਹਾਲਤ ਵਿਚ ਇਕ ਗੱਡੀ 'ਚ ਬੈਠੇ ਹੋਏ ਸਨ ਤੇ ਕਾਲਜ ਦੇ ਚੱਕਰ ਲਾ ਰਹੇ ਸਨ। ਇਸ ਦੌਰਾਨ ਲੜਕੀਆਂ ਦੇ ਹੋਸਟਲ ਕੋਲ ਗੱਡੀ ਰੋਕਦੇ ਹੋਏ ਉਨ੍ਹਾਂ ਨੇ ਹੁੜਦੰਗ ਮਚਾਇਆ ਅਤੇ ਆਪਣੇ ਹੀ ਇਕ ਸਾਥੀ ਨਾਲ ਕੁੱਟਮਾਰ ਕੀਤੀ। ਕਾਲਜ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਘਟਨਾ ਦੀ ਸੂਚਨਾ ਮਿਲਦੇ ਹੀ ਉਹ ਮੌਕੇ 'ਤੇ ਪੁੱਜੇ। ਕੁੱਟਮਾਰ 'ਚ ਜ਼ਖਮੀ ਹੋਏ ਡਾਕਟਰ ਨੇ ਵੀ ਸ਼ਰਾਬ ਪੀਤੀ ਹੋਈ ਸੀ ਤੇ ਉਸ ਨੂੰ ਤੁਰੰਤ ਐਮਰਜੈਂਸੀ ਵਿਚ ਦਾਖਲ ਕਰਵਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਤੇਜਬੀਰ ਸਿੰਘ ਨੇ ਮੌਕੇ 'ਤੇ ਘਟਨਾ ਵਾਲੀ ਥਾਂ ਦੀ ਜਾਂਚ ਕੀਤੀ ਅਤੇ ਸੁਰੱਖਿਆ ਨੂੰ ਹੋਰ ਸਖਤ ਕਰ ਦਿੱਤਾ। ਜੂਨੀਅਰ ਡਾਕਟਰਾਂ ਨੂੰ ਸਸਪੈਂਡ ਕਰਦੇ ਹੋਏ 6 ਡਾਕਟਰਾਂ ਦੀ ਉੱਚ ਪੱਧਰ ਕਮੇਟੀ ਨੂੰ ਜਾਂਚ ਦੇ ਆਦੇਸ਼ ਇਕ ਹਫ਼ਤੇ ਵਿਚ ਦੇਣ ਲਈ ਕਿਹਾ ਗਿਆ ਹੈ। ਇਸ ਦੇ ਇਲਾਵਾ ਸਸਪੈਂਡ ਕੀਤੇ ਗਏ ਡਾਕਟਰਾਂ ਦੇ ਮਾਪਿਆਂ ਨੂੰ ਵੀ ਬੁਲਾਇਆ ਗਿਆ ਹੈ। ਘਟਨਾ ਨਾਲ ਸੰਬੰਧਿਤ ਸਾਰੇ ਡਾਕਟਰ ਸੀ-ਬਲਾਕ ਹੋਸਟਲ ਵਿਚ ਰਹਿੰਦੇ ਹਨ।
ਪ੍ਰਿੰਸੀਪਲ ਡਾ. ਤੇਜਬੀਰ ਸਿੰਘ ਨੇ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਜੂਨੀਅਰ ਡਾਕਟਰਾਂ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਗਿਆ ਹੈ। ਕਾਲਜ ਦੇ ਅਨੁਸ਼ਾਸਨਿਕ ਕਮੇਟੀ ਦੇ ਇੰਚਾਰਜ ਡਾ. ਜਸਵੰਤ ਰਾਏ ਦੀ ਅਗਵਾਈ ਵਿਚ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਰਿਪੋਰਟ ਆਉਣ ਤੋਂ ਬਾਅਦ ਜੋ ਸੱਚਾਈ ਸਾਹਮਣੇ ਆਏਗੀ ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਕਾਲਜ ਵਿਚ ਅਨੁਸ਼ਾਸਨ ਭੰਗ ਨਹੀਂ ਕਰਨ ਦਿੱਤਾ ਜਾਵੇਗਾ। ਰਾਤ ਦੀ ਸੁਰੱਖਿਆ ਹੋਰ ਸਖਤ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕਾਲਜ ਦੀ ਮਜੀਠਾ ਰੋਡ ਸਾਈਡ ਦੀ ਕੰਧ ਕਈ ਥਾਵਾਂ ਤੋਂ ਟੁੱਟੀ ਹੋਈ ਹੈ, ਹੋਸਟਲ ਦੇ ਵਿਦਿਆਰਥੀ ਅਤੇ ਬਾਹਰੀ ਲੋਕ ਇਸੇ ਰਸਤੇ ਰਾਹੀਂ ਆਸਾਨੀ ਨਾਲ ਆਉਂਦੇ-ਜਾਂਦੇ ਰਹਿੰਦੇ ਹਨ।
ਅੰਮ੍ਰਿਤਸਰ ਤੱਕ ਨਹੀਂ ਬਣੇਗਾ ਡੈਡੀਕੇਟਿਡ ਕਾਰੀਡੋਰ, ਰੇਲਵੇ ਨੇ ਖਾਰਿਜ ਕੀਤਾ ਸੁਝਾਅ
NEXT STORY