ਤਰਨਤਾਰਨ,(ਰਮਨ/ਗੁਰਮੀਤ)-ਸ਼ੌਰੀਆ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਤੋਂ 15 ਦਿਨਾਂ ਬਾਅਦ ਪੁਲਸ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਨਹੀਂ ਪਾਈ ਹੈ। ਜ਼ਿਲ੍ਹਾ ਪੁਲਸ ਨੇ ਪਟਿਆਲਾ ਜੇਲ੍ਹ 'ਚ ਬੰਦ ਜੱਗੂ ਭਗਵਾਨਪੁਰੀਆ ਨਾਮੀ ਗੈਂਗਸਟਰ ਨੂੰ ਪ੍ਰਡੈਕਸ਼ਨ ਵਾਰੰਟ 'ਤੇ ਲਿਆ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜੱਗੂ ਨੂੰ ਸ਼ੁੱਕਰਵਾਰ ਸਥਾਨਕ ਸਿਵਲ ਹਸਪਤਾਲ ਵਿਖੇ ਪੂਰੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਮੈਡੀਕਲ ਲਈ ਲਿਆਂਦਾ ਗਿਆ। ਜਾਣਕਾਰੀ ਅਨੁਸਾਰ ਬੀਤੀ 16 ਅਕਤੂਬਰ ਦੀ ਸਵੇਰ ਨੂੰ ਕਸਬਾ ਭਿੱਖੀਵਿੰਡ ਵਿਖੇ ਆਪਣੇ ਘਰ 'ਚ ਮੌਜੂਦ ਸ਼ੌਰੀਆ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਦੀ ਕੁਝ ਅਣਪਛਾਤਿਆਂ ਵਲੋਂ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਹੁਣ ਤੱਕ ਪੁਲਸ ਦੇ ਹੱਥ 15 ਦਿਨਾਂ ਬਾਅਦ ਵੀ ਖਾਲੀ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਬੱਸ ਆਪਰੇਟਰਾਂ ਨੂੰ ਦਿੱਤੀ ਗਈ ਵੱਡੀ ਰਾਹਤ
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਸਬੰਧੀ ਤਾਰ ਜੱਗੂ ਭਗਵਾਨਪੁਰੀਆ ਨਾਲ ਜੁੜੇ ਹਨ ਪਰ ਪੁਲਸ ਅਧਿਕਾਰੀ ਇਸ ਨੂੰ ਮੰਨਣ ਲਈ ਤਿਆਰ ਨਹੀਂ ਹਨ। ਜਦਕਿ ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਜੱਗੂ ਦਾ ਕਾਮਰੇਡ ਕਤਲ ਨਾਲ ਕੋਈ ਸਬੰਧ ਜ਼ਰੂਰ ਹੋਣ ਕਾਰਨ ਉਸ ਨੂੰ ਪਟਿਆਲਾ ਤੋਂ ਦੋ ਦਿਨਾਂ ਦੀ ਪੁੱਛ ਗਿੱਛ ਲਈ ਲਿਆਂਦਾ ਗਿਆ ਹੈ। ਜੱਗੂ ਭਗਵਾਨਪੁਰੀਆ ਖਿਲਾਫ ਪਹਿਲਾਂ ਵੱਖ-ਵੱਖ ਥਾਣਿਆਂ 'ਚ ਕਈ ਅਪਰਾਧਕ ਮਾਮਲੇ ਦਰਜ ਹਨ। ਸੂਤਰਾਂ ਦਾ ਅਨੁਮਾਨ ਹੈ ਕਿ ਜੇਲ 'ਚ ਮੌਜੂਦ ਜੱਗੂ ਭਗਵਾਨਪੁਰੀਆ ਵਲੋਂ ਕਾਮਰੇਡ ਦੀ ਹੱਤਿਆ ਕਰਨ ਲਈ ਸੁਪਾਰੀ ਲਈ ਹੋਵੇ ਪਰ ਇਹ ਸਭ ਪੁਲਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਕੀ ਸੱਚ ਕੀ ਹੈ। ਇਸ ਸਬੰਧੀ ਜਦੋਂ ਐੱਸ. ਪੀ. (ਡੀ) ਜਗਜੀਤ ਸਿੰਘ ਵਾਲੀਆ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਇਕ ਜਾਂਚ ਦਾ ਵਿਸ਼ਾ ਹੈ ਉਹ ਹਾਲੇ ਕੋਈ ਵੀ ਜਾਣਕਾਰੀ ਨਹੀਂ ਦੇ ਸਕਦੇ ਹਨ।
ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ
NEXT STORY