ਲੇਖਕ : ਸੰਤ ਬਲਬੀਰ ਸਿੰਘ ਸੀਚੇਵਾਲ
ਵਰਤਮਾਨ ਸਮੇਂ ਮਨੁੱਖ ਨੇ ਆਪਣਾ ਜ਼ਿਆਦਾ ਪੈਸਾ ਹਥਿਆਰਾਂ ਅਤੇ ਬੰਬਾਂ ਨੂੰ ਬਣਾਉਣ ਵਾਸਤੇ ਲਗਾਇਆ ਹੈ। ਹਰ ਦੇਸ਼ ਇਹੀ ਸੋਚਦਾ ਹੈ ਕਿ ਅਸੀਂ ਵੱਡੇ ਤੋਂ ਵੱਡਾ ਅਤੇ ਸ਼ਕਤੀਸ਼ਾਲੀ ਹਥਿਆਰ ਬਣਾਈਏ ਤਾਂ ਕਿ ਦੂਜੇ ਦੇਸ਼ ਨੂੰ ਮਾਤ ਦੇ ਸਕੀਏ । ਜੇਕਰ ਅਸੀਂ ਇਹੀ ਕੋਸ਼ਿਸ਼ਾਂ ਮਨੁੱਖਤਾ ਜਾਂ ਕੁਦਰਤ ਨੂੰ ਬਚਾਉਣ ਵਾਸਤੇ ਕਰਦੇ ਤਾਂ ਅੱਜ ਐਨੇ ਲਾਚਾਰ ਨਾ ਹੁੰਦੇ । ਅੰਕੜੇ ਦੱਸਦੇ ਹਨ ਕਿ ਵਿਸ਼ਵ `ਚ 20 ਲੱਖ ਤੋਂ ਵਧੇਰੇ ਲੋਕ ਕੋਰੋਨਾ ਨਾਂ ਦੀ ਮਹਾਮਾਰੀ ਤੋਂ ਪੀੜਤ ਹੋ ਚੁੱਕੇ ਹਨ ਅਤੇ ਸਵਾ ਲੱਖ ਤੋਂ ਵੱਧ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸੇ ਦੌਰਾਨ ਕੋਰੋਨਾ ਪੀੜਤਾਂ ਦੇ ਠੀਕ ਹੋਣ ਦੀ ਗਿਣਤੀ ਵੀ ਪੰਜ ਲੱਖ ਦੇ ਕਰੀਬ ਹੈ। ਭਾਰਤ ਵਿਚ ਵੀ ਇਸਦੇ ਮਰੀਜ਼ਾਂ ਦੀ ਗਿਣਤੀ ਅਜੇ ਤੱਕ ਵੱਧ ਰਹੀ ਹੈ।
ਫਰਾਂਸ `ਚ ਵਾਤਾਵਰਣ ਬਾਰੇ ਸੰਧੀ ਹੋਈ ਸੀ ਅਤੇ ਕਈ ਦੇਸ਼ ਇਸ ਸੰਧੀ ਤੋਂ ਮੁਨਕਰ ਹੋ ਗਏ ਸਨ,ਪਰ ਅੱਜ ਉਹ ਦੇਸ਼ ਵੀ ਕੋਰੋਨਾ ਦੀ ਚਪੇਟ `ਚ ਆ ਗਏ ਹਨ। ਲਗਭਗ ਪੂਰੀ ਦੁਨੀਆ ਦੀ ਮਸ਼ੀਨਰੀ ਖੜ੍ਹ ਗਈ ਹੈ ਜਿਸਦੇ ਨਤੀਜੇ ਵਜੋਂ ਵਾਤਾਵਰਣ `ਚ ਬਹੁਤ ਵੱਡਾ ਸੁਧਾਰ ਆਇਆ ਹੈ। ਚਾਹੀਦਾ ਤਾਂ ਇਹ ਹੈ ਕਿ ਲੋਕਾਂ ਨੂੰ ਕੋਰੋਨਾ ਬਾਰੇ ਸਹੀ ਢੰਗ ਨਾਲ ਜਾਗਰੂਕ ਕੀਤਾ ਜਾਵੇ ਪਰ ਅਸਲੀਅਤ `ਚ ਕੋਰੋਨਾ ਨੂੰ ਹਊਆ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਬੇਸ਼ੱਕ ਅੱਜ ਐਲੋਪੈਥੀ `ਚ ਇਸਦਾ ਇਲਾਜ ਨਹੀਂ ਹੈ ਪਰ ਆਯੁਰਵੈਦਿਕ ਜਰੀਏ ਤਾਂ ਇਲਾਜ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ ਹਨ। ਡਾਕਟਰਾਂ ਅਨੁਸਾਰ ਵਾਇਰਸ ਪੀੜਤ ਵਿਅਕਤੀ ਦੇ ਗਲ `ਚ ਰੇਸ਼ਾ ਜੰਮਣਾ ਸ਼ੁਰੂ ਹੋ ਜਾਂਦਾ ਹੈ, ਜਿਸ ਕਾਰਨ ਉਸਨੂੰ ਸਾਹ ਲੈਣ `ਚ ਦਿੱਕਤ ਆਉਂਦੀ ਹੈ ,ਜੋ ਮੌਤ ਦਾ ਵੱਡਾ ਕਾਰਨ ਹੈ।ਆਯੁਰਵੈਦਿਕ ਅਨੁਸਾਰ ਕਾਲੀਆਂ ਮਿਰਚਾਂ,ਹਲਦੀ ,ਅਦਰਕ,ਲੌਂਗ,ਗਰਮ ਪਾਣੀ ਆਦਿ ਨਾਲ ਗਲਾ ਸਾਫ਼ ਰਹਿੰਦਾ ਹੈ ,ਰੇਸ਼ਾ ਨਹੀਂ ਜੰਮਦਾ। ਜਿਸ ਨਾਲ ਇਸ ਵਾਇਰਸ ਦਾ ਖਤਰਾ ਘੱਟ ਹੋ ਜਾਂਦਾ ਹੈ। ਸਾਨੂੰ ਹੋਮੋਓਪੈਥੀ ਵੀ ਅਜਮਾਉਣੀ ਚਾਹੀਦੀ ਹੈ । ਸਾਨੂੰ ਆਪਣੀਆਂ ਸਰਕਾਰਾਂ `ਤੇ ਵੀ ਦਬਾਅ ਪਾਉਣਾ ਚਾਹੀਦਾ ਕਿ ਐਟਮ ਬੰਬਾਂ ਦੀ ਜਗ੍ਹਾ ਸਿਹਤ ਸਹੂਲਤਾਂ ਅਤੇ ਵਾਤਾਵਰਣ ਨੂੰ ਸੁਧਾਰਨ ਲਈ ਯਤਨ ਕਰਨੇ ਚਾਹੀਦੇ ਹਨ।ਕੁਝ ਜ਼ਰੂਰੀ ਨੁਕਤੇ ਹਨ ਜਿਹਨਾਂ ਦੀ ਪਾਲਣਾ ਕਰਕੇ ਅਸੀਂ ਇਸ ਸੰਕਟ ਦੀ ਘੜੀ `ਚੋਂ ਆਸਾਨੀ ਨਾਲ ਨਿਕਲ ਸਕਦੇ ਹਾਂ।
ਗਰੀਬਾਂ ਦਾ ਖ਼ਾਸ ਖਿਆਲ ਰੱਖਣਾ ਬੇਹੱਦ ਜ਼ਰੂਰੀ
ਇਸ ਆਫ਼ਤ ਸਮੇਂ ਪਰਵਾਸੀ ਅਤੇ ਸਥਾਨਕ ਗਰੀਬ ਮਜ਼ਦੂਰਾ ਦਾ ਖਿਆਲ ਰੱਖਣਾ ਜ਼ਰੂਰੀ ਹੈ। ਝੁੱਗੀਆਂ ਝੌਪੜੀਆਂ ਵਾਲਿਆਂ ਕੋਲ ਤਾਂ ਪਾਉਣ ਲਈ ਕੱਪੜਿਆਂ ਦੀ ਵੀ ਘਾਟ ਹੈ। ਬੇਸ਼ੱਕ ਹੁਣ ਸਰਕਾਰ ਨੇ ਇਹਨਾਂ ਨੂੰ ਮਿਹਨਤ ਮਜ਼ਦੂਰੀ ਕਰਨ ਦੀ ਆਗਿਆ ਦੇ ਦਿੱਤੀ ਹੈ ਜਿਸ ਕਾਰਨ ਇਹ ਆਪਣੇ ਖਾਣ ਪੀਣ ਜੋਗੇ ਪੈਸੇ ਕਮਾ ਸਕਦੇ ਨੇ ਪਰ ਲਾਕਡਾਊਨ ਕਰਕੇ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ।
ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਜਿਹਨਾਂ ਕੋਲ ਆਪਣੀਆਂ ਮੋਟਰਾਂ ਜਾਂ ਹੋਰ ਰਿਹਾਇਸ਼ਾਂ ਹਨ, ਉਹ ਇਹਨਾਂ ਨੂੰ ਜਗ੍ਹਾ ਅਨੁਸਾਰ ਉੱਥੇ ਰੱਖਣ ਤਾਂ ਕਿ ਇਹਨਾਂ ਵਿਚਲੀ ਸਮੂਹਿਕ ਦੂਰੀ ਨੂੰ,ਜੋ ਕੋਰੋਨਾ ਤੋਂ ਬਚਣ ਲਈ ਜ਼ਰੂਰੀ ਹੈ, ਬਰਕਰਾਰ ਰੱਖਿਆ ਜਾ ਸਕੇ।ਅਸੀਂ ਇਸ ਬਾਬਤ ਪ੍ਰਸ਼ਾਸ਼ਨ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਹਨਾਂ ਵਿਚਕਾਰ ਸਮਾਜਿਕ ਦੂਰੀ ਬਣਾਈ ਰੱਖਣ ਲਈ ਹਰ ਸੰਭਵ ਯਤਨ ਕੀਤਾ ਜਾਵੇ ਅਤੇ ਇਹਨਾਂ ਦੀ ਰਿਹਾਇਸ਼ ਮਹਿਫ਼ੂਜ ਸਥਾਨਾਂ `ਤੇ ਯਕੀਨੀ ਬਣਾਈ ਜਾਵੇ।
ਅਫ਼ਵਾਹਾਂ ਤੋਂ ਬਚਿਆ ਜਾਵੇ
ਲਾਕਡਾਊਨ ਅਤੇ ਕੋਰੋਨਾ ਮਹਾਮਾਰੀ ਸਮੇਂ ਅਫ਼ਵਾਹਾਂ ਤੋਂ ਬਚਣ ਦੀ ਵੀ ਲੋੜ ਹੈ। ਪਿਛਲੇਦਿਨੀਂ ਸਾਡੇ ਬਾਰੇ ਵੀ ਕਾਫ਼ੀ ਅਫਵਾਹਾਂ ਫੈਲਾਈਆਂ ਗਈਆਂ ਸਨ।ਸਾਨੂੰ ਅਫਵਾਹਾਂ ਦੀ ਬਜਾਏ ਚੇਤੰਨ ਹੋਣ ਦੀ ਲੋੜ ਹੈ। ਫੇਸਬੁੱਕ,ਵਟਸਐਪ ਜਾਂ ਹੋਰ ਸ਼ੋਸ਼ਲ ਸਾਇਟਸ ਤੇ ਬਹੁਤ ਸਾਰੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਜਿਹਨਾਂ ਤੋਂ ਇਤਿਆਦ ਰਹਿਣ ਦੀ ਲੋੜ ਹੈ। ਇਹ ਕੋਈ ਮਜ਼ਾਕ ਦਾ ਸਮਾਂ ਨਹੀਂ। ਸਾਨੂੰ ਕਿਸੇ ਦੀ ਭਲਾਈ ਕਰਨ ਵਾਲੀਆਂ ਗੱਲਾਂ ਬਾਰੇ ਸੋਚਣਾ ਚਾਹੀਦਾ ਹੈ ।ਲੋਕ ਤਾਂ ਪਹਿਲਾਂ ਹੀ ਬਹੁਤ ਡਰੇ ਹੋਏ ਹਨ ਜੇਕਰ ਅਸੀਂ ਝੂਠੀਆਂ ਅਤੇ ਤਰਕਹੀਣ ਗੱਲਾਂ ਕਰਕੇ ਉਹਨਾਂ ਨੂੰ ਹੋਰ ਡਰਾਵਾਂਗੇ ਤਾਂ ਇਹ ਸਮਾਜ ਲਈ ਹਾਨੀਕਾਰਕ ਹੋਵੇਗਾ।ਸਾਨੂੰ ਸਰਕਾਰ ਅਤੇ ਡਾਕਟਰਾਂ ਵੱਲੋਂ ਮਿਲ ਰਹੀਆਂ ਹਿਦਾਇਤਾਂ ਦੀ ਪਾਲਣਾ ਕਰਦੇ ਹੋਏ ਆਪਣੇ ਘਰਦੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਵੀ ਇਹਨਾਂ ਸਾਵਧਾਨੀਆਂ ਬਾਰੇ ਜਾਗਰੁਕ ਕਰਨਾ ਚਾਹੀਦਾ ਹੈ।
ਸਰਬੱਤ ਦੇ ਭਲੇ ਦੀ ਅਰਦਾਸ ਕਰੋ
ਇਸ ਸਮੇਂ ਸਾਨੂੰ ਸਰਬੱਤ ਦੇ ਭਲੇ ਲਈ ਅਰਦਾਸ ਕਰਨੀ ਚਾਹੀਦੀ ਹੈ। ਆਪੋ ਆਪਣੇ ਘਰੇ ਬੈਠ ਕੇ ਗੁਰਬਾਣੀ ਦਾ ਜਾਪ ਕਰਨਾ ਚਾਹੀਦਾ ਹੈ।ਬੱਚਿਆਂ ਨੂੰ ਵੀ ਸਿੱਖਿਆ ਦੇਣੀ ਚਾਹੀਦੀ ਹੈ ਕਿ ਉਹ ਇਸ ਸਮੇਂ ਆਪਣਾ ਖਿਆਲ ਰੱਖਣ ਅਤੇ ਪਰਮਾਤਮਾ ਦਾ ਸਿਮਰਨ ਕਰਨ।ਜਿਨ੍ਹਾਂ ਨੂੰ ਅੱਜ ਘਰੇ ਰਹਿਣਾ ਜੇਲ੍ਹ ਲੱਗ ਰਿਹਾ ,ਉਹਦਾ ਕਾਰਨ ਹੈ ਕਿ ਉਹ ਪਰਮਾਤਮਾ ਨਾਲ ਨਹੀਂ ਜੁੜਿਆ। ਗੁਰੂ ਮਹਾਰਾਜ ਦੇ ਚਰਨਾਂ `ਚ ਅਰਦਾਸ ਕਰੀਏ ਤਾਂ ਕਿ ਸਾਡਾ ਘਰਾਂ `ਚ ਬੈਠਿਆਂ ਦਾ ਸਮਾਂ ਵੀ ਚੰਗੇ ਪਾਸੇ ਲੱਗੇ ਅਤੇ ਇਸ ਵਾਇਰਸ ਨਾਲ ਲੜਨ ਦੀ ਸ਼ਕਤੀ ਵੀ ਮਿਲੇ।
ਕੋਰੋਨਾ ਵਾਇਰਸ ਦਰਮਿਆਨ ਕੁਦਰਤ ਨਾਲ ਸਾਂਝ
ਬਾਣੀ ਦੱਸਦੀ ਹੈ ਕਿ “ਪਰਮੇਸਰ ਤੇ ਭੁੱਲਿਆ ਵਿਆਪਿਨ ਸਬੇ ਰੋਗ”।। ਅਸੀਂ ਪਰਮੇਸ਼ਵਰ ਨੂੰ ਭੁੱਲ ਰਹੇ ਹਾਂ। ਕੁਦਰਤ ਨਾਲੋਂ ਟੁੱਟਣਾ ਜਾਂ ਰੱਬ ਨੂੰ ਭੁੱਲਣਾ ਦੋਨੋਂ ਰੋਗ ਦਾ ਕਾਰਨ ਹਨ। ਕੁਦਰਤ ਨੂੰ ਵਿਸਾਰ ਕੇ ਕੁਦਰਤ ਸਿਰਜਣ ਵਾਲੇ ਕੋਲ ਨਹੀਂ ਜਾਇਆ ਜਾ ਸਕਦਾ।“ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ।।”ਜੇਕਰ ਅਸੀਂ ਹਵਾ, ਮਿੱਟੀ, ਪਾਣੀ ਦਾ ਸਤਿਕਾਰ ਕਰਾਂਗੇ ਤਾਂ ਸਾਰਾ ਸੰਸਾਰ ਸੁਖੀ ਵਸੇਗਾ।ਅੱਜ ਹਰ ਤਰ੍ਹਾਂ ਦੇ ਜੀਵ ਤਾਂ ਅਜ਼ਾਦ ਹਨ ,ਪਰ ਮਨੁੱਖ ਅੰਦਰ ਤੜਿਆ ਬੈਠਾ ਰੋ ਰਿਹਾ ਹੈ ਕਿਉਂਕਿ ਅਸੀਂ ਕੁਦਰਤ ਦੀ ਸਾਂਝ ਨੂੰ ਦਰਕਿਨਾਰ ਕਰ ਬੈਠੇ ਹਨ। ਅੱਜ ਪ੍ਰਦੂਸ਼ਣ ਘਟਣ ਨਾਲ ਬਹੁਤ ਸਾਰੇ ਮਰੀਜ਼ ਜੋ ਸਾਹ ਜਾਂ ਦਮੇ ਨਾਲ ਪੀੜ੍ਹਤ ਹਨ ਉਹ ਆਪਣੇ ਆਪ ਹੀ ਠੀਕ ਹੋ ਜਾਣਗੇ। ਸੋ ਸਾਨੂੰ ਸਭ ਨੂੰ ਲੋੜ ਹੈ ਕਿ ਕੁਦਰਤ ਨਾਲ ਸਾਂਝ ਪਾਈਏ ਤਾਂ ਜੋ ਪਰਮਾਤਮਾ ਦੇ ਵੀ ਨੇੜੇ ਹੋ ਸਕੀਏ ਤੇ ਭਵਿੱਖ ਵਿਚ ਅਜਿਹੀਆਂ ਬਿਮਾਰੀਆਂ ਤੋਂ ਬਚ ਸਕੀਏ।
ਰਿਸ਼ਤੇਦਾਰੀਆਂ ਵਿਚਲੀ ਸਾਂਝ ਬਰਕਰਾਰ ਰੱਖਣ ਦੀ ਲੋੜ
ਕੋਰੋਨਾ ਵਾਇਰਸ ਦੇ ਡਰ ਕਾਰਨ ਕਿਸੇ ਨਾਲ ਨਫਰਤ ਕਰਨੀ ਗੈਰ ਮਨੁੱਖੀ ਵਰਤਾਰਾ ਹੈ।ਇਸ ਵਾਇਰਸ ਕਰਕੇ ਅਕਾਲ ਚਲਾਣਾ ਕਰ ਗਏ ਲੋਕਾਂ ਦਾ ਸਸਕਾਰ ਨਹੀਂ ਕਰਨ ਦਿੱਤਾ ਜਾ ਰਿਹਾ ਜੋ ਕਿ ਬਹੁਤ ਮਾੜੀ ਪ੍ਰਵਿਰਤੀ ਹੈ।ਇਹ ਸਸਕਾਰ ਡਾਕਟਰਾਂ ਅਤੇ ਸਿਹਤ ਮਹਿਕਮੇ ਦੀ ਦੇਖਰੇਖ ਅਧੀਨ ਹੀ ਪੂਰੀ ਸੁਰੱਖਿਆ ਨਾਲ ਕੀਤਾ ਜਾਂਦਾ ਹੈ । ਸਾਨੂੰ ਅਹਿਤਿਆਤ ਵਰਤਣ ਦੀ ਜ਼ਰੂਰਤ ਹੈ ਪਰ ਬੇਵਜ੍ਹਾ ਡਰ ਕਾਰਨ ਮਨੁੱਖਤਾ ਵਿਚਲੀ ਸਾਂਝ ਨੂੰ ਤੋੜਨਾ ਅਣਮਨੁੱਖੀ ਕਾਰਜ ਹਨ। ਮੌਤ ਸਾਰਿਆਂ `ਤੇ ਆਉਣੀ ਹੈ ।ਸਾਨੂੰ ਅਜੇ ਨਹੀਂ ਪਤਾ ਸਾਡੇ ਨਾਲ ਕੀ ਹੋਣਾ ਹੈ ।ਜੋ ਡਾਕਟਰ, ਨਰਸਾਂ ਜਾਂ ਹੋਰ ਸਟਾਫ ਇਸ ਵਾਇਰਸ ਦੇ ਸ਼ਿਕਾਰ ਲੋਕਾਂ ਦਾ ਇਲਾਜ ਕਰ ਰਹੈ ਹਨ ਉਹ ਵੀ ਤਾਂ ਕਿਸੇ ਦੇ ਧੀਆਂ ਪੁੱਤਰ ਹਨ।ਉਹਨਾਂ ਦੇ ਵੀ ਪਰਿਵਾਰ ਹਨ। ਇਸ ਦੁਖਦੀ ਘੜੀ `ਚ ਅਜਿਹੇ ਕਾਰਜ ਤ੍ਰਾਸਦੀ ਨੂੰ ਹੋਰ ਗੰਭੀਰ ਬਣਾਉਂਦੇ ਹਨ ਜਿਹਨਾਂ ਤੋਂ ਬਚਣ ਦੀ ਲੋੜ ਹੈ।
ਆਤਮਵਿਸ਼ਵਾਸ ਅਤੇ ਸਹਿਜ ਬਣਾਈ ਰੱਖਣਾ ਅਤਿ ਜ਼ਰੂਰੀ
ਬੇਸ਼ੱਕ ਕੋਰੋਨਾ ਵਾਇਰਸ ਦਾ ਅਜੇ ਤੱਕ ਕੋਈ ਪੱਕਾ ਇਲਾਜ ਨਹੀਂ ਲੱਭਿਆ ਜਾ ਸਕਿਆ ਫਿਰ ਵੀ ਸਾਨੂੰ ਇਸ ਸੰਕਟ ਦੀ ਘੜੀ `ਚ ਆਤਮਵਿਸ਼ਵਾਸ ਬਣਾਈ ਰੱਖਣਾ ਜ਼ਰੂਰੀ ਹੈ। ਅੱਜ ਵਿਸ਼ਵ ਦੇ ਵਿਕਸਤ ਦੇਸ਼, ਜੋ ਡਾਕਟਰੀ ਇਲਾਜ `ਚ ਪਹਿਲੇ ਦਰਜ਼ਿਆਂ ਉੱਤੇ ਹਨ, ਇਸ ਮਹਾਮਾਰੀ ਸਾਹਮਣੇ ਬੇਵੱਸ ਹਨ। ਡਰਨ ਦੀ ਲੋੜ ਨਹੀਂ ,ਘਬਰਾਉਣ ਦੀ ਲੋੜ ਨਹੀਂ।ਵਾਇਰਸਾਂ ਨਾਲ ਅਸੀਂ ਪਹਿਲਾਂ ਵੀ ਜੂਝਦੇ ਰਹੇ ਹਾਂ,ਖਾਸ ਕਰਕੇ ਮਿੱਟੀ ਨਾਲ ਮਿੱਟੀ ਹੋਣ ਵਾਲੇ ਮਨੁੱਖ ਤਾਂ ਕਈ ਵਾਇਰਸਾਂ ਉੱਤੇ ਅਣਜਾਣੇ `ਚ ਹੀ ਜਿੱਤ ਪਾ ਲੈਂਦੇ ਹਨ। ਸਾਨੂੰ ਵੀ ਜਦੋਂ ਪਿਛਲੇ ਦਿਨੀਂ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ, ਜੋ ਆਕਾਲ ਚਲਾਣਾ ਕਰ ਗਏ ਹਨ, ਦੇ ਕਰੋਨਾ ਪਾਜ਼ੀਟੇਵ ਹੋਣ ਬਾਰੇ ਪਤਾ ਚੱਲਿਆ ਤਾਂ ਅਸੀਂ ਵੀ ਇਕ ਦਮ ਸਤਰਕ ਹੋ ਗਏ।ਸਾਡੇ ਲਏ ਗਏ ਸੈਂਪਲਾਂ ਦੀ ਰਿਪੋਰਟ ਨਿਗਟਿਵ ਆਈ । ਅੱਜ ਡਾਕਟਰ ਕਹਿ ਰਹੇ ਹਨ ਕਿ ਘਰੋਂ ਬਾਹਰ ਨਿਕਲਣ ਲੱਗਿਆਂ ਮਾਸਕ ਦੀ ਵਰਤੋਂ ਕਰੋ।
ਸਾਡੇ ਬਜ਼ੁਰਗ ਤਾਂ ਤੂੜੀ ਬਣਾਉਣ ਜਾਂ ਪਸ਼ੂਆਂ ਨੂੰ ਪਾਉਣ ਲੱਗੇ ਆਪਣੇ ਸਾਫੇ ਦਾ ਲੜ ਮੂੰਹ ਉੱਪਰ ਵੀ ਲਪੇਟ ਲੈਂਦੇ ਸਨ । ਉਹ ਹੁਣ ਵਾਲੇ ਮਾਸਕ ਤੋਂ ਕਿਤੇ ਵੱਧ ਮੋਟਾ ਹੁੰਦਾ ਸੀ। ਉਸ ਲੜ ਨਾਲ ਮੂੰਹ ਢਕਣ ਦਾ ਮਤਲਬ ਸੀ ਕਿ ਤੂੜੀ ਦਾ ਘੱਟਾ ਅੰਦਰ ਨਾ ਜਾਵੇ।ਇਹੀ ਹੁਣ ਡਾਕਟਰ ਦੱਸ ਰਹੇ ਹਨ। ਅੱਜ ਲੋਕ ਇਸ ਵਾਇਰਸ ਦੇ ਸਹਿਮ ਕਰਕੇ ਆਤਮਹੱਤਿਆ ਕਰ ਰਹੇ ਹਨ। ਕੋਰੋਨਾ ਪਾਜ਼ੀਟੇਵ ਆਉਣ ਦਾ ਮਤਲਬ ਇਹ ਨਹੀਂ ਹੈ ਕਿ ਬੰਦਾ ਗੁਨਾਹਗਾਰ ਹੈ ,ਸਾਨੂੰ ਉਸ ਨਾਲ ਹਮਦਰਦੀ ਰੱਖਣੀ ਚਾਹੀਦੀ ਹੈ ਤੇ ਉਸ ਨੂੰ ਹੌਂਸਲਾ ਦੇਣਾ ਚਾਹੀਦਾ ਹੈ। ਜਿੱਥੇ ਬੰਦਾ ਮਾਨਸਿਕ ਤੌਰ `ਤੇ ਕਮਜ਼ੋਰ ਹੋ ਜਾਂਦਾ ਹੈ ਉੱਥੇ ਫਿਰ ਦਵਾਈ ਵੀ ਕੰਮ ਨਹੀਂ ਕਰਦੀ ਪਰ ਜੇਕਰ ਬੰਦਾ ਹੌਂਸਲੇ ਨਾਲ ਇਹ ਧਾਰ ਲਵੇ ਕਿ ਉਹ ਇਸਦਾ ਸਾਹਮਣਾ ਕਰੇਗਾ ਤਾਂ ਸਮਝੋ ਅੱਧਾ ਠੀਕ ਤਾਂ ਉਹ ਉਸੇ ਵੇਲੇ ਹੀ ਹੋ ਗਿਆ ।ਜਿੰਨਾ ਚਿਰ ਅਸੀਂ ਇਸ ਵਾਇਰਸ ਨੂੰ ਆਪਣੇ ਉੱਪਰ ਭਾਰੂ ਨਹੀਂ ਹੋਣ ਦੇਵਾਂਗੇ ਉੰਨਾ ਚਿਰ ਇਹ ਸਾਡਾ ਕੁਝ ਨਹੀਂ ਵਿਗਾੜ ਸਕਦਾ।ਹਾਂ ਸਾਨੂੰ ਇਸਨੂੰ ਛਪਾਉਣਾ ਨਹੀਂ ਚਾਹੀਦਾ।ਜੇਕਰ ਇਸ ਵਾਇਰਸ ਦੇ ਲੱਛਣ ਸਾਹਮਣੇ ਆਉਂਦੇ ਹਨ ਤਾਂ ਤੁਰੰਤ ਡਾਕਟਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਸਾਡੀਆਂ ਸਰਕਾਰਾਂ ਵੀ ਇਸ ਲਈ ਬਹੁਤ ਯਤਨ ਕਰ ਰਹੀਆਂ ਹਨ।ਦੂਜਿਆਂ ਦੇਸ਼ਾਂ ਦੇ ਮੁਕਾਬਲੇ ਸਮਾਂ ਰਹਿੰਦਿਆਂ ਹੀ ਸਾਡੇ ਦੇਸ਼ `ਚ ਤਾਲਾਬੰਦੀ ਕਰ ਦਿੱਤੀ ਸੀ।ਸੋ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਇਸ ਤਾਲਾਬੰਦੀ ਦਰਮਿਆਨ ਆਪਣੇ ਘਰਾਂ `ਚ ਰਹਿ ਕੇ ਸਰਕਾਰ ਦਾ ਸਾਥ ਦਈਏ ਅਤੇ ਆਤਮਵਿਸ਼ਵਾਸ ਤੇ ਸਹਿਜ ਬਣਾ ਕੇ ਰੱਖੀਏ ਤਾਂ ਜੋ ਇਸ ਮਹਾਮਾਰੀ `ਤੇ ਜਿੱਤ ਪ੍ਰਾਪਤ ਹੋ ਸਕੇ।
ਮਾਛੀਵਾੜਾ ਮੰਡੀ 'ਚ ਫਸਲੀ ਟੋਕਨ ਨਾ ਮਿਲਣ ਕਾਰਨ ਆੜ੍ਹਤੀਆਂ ਨੇ ਲਗਾਇਆ ਧਰਨਾ
NEXT STORY