ਤਰਨਤਾਰਨ, (ਰਮਨ)-ਥਾਣਾ ਸਦਰ ਅਧੀਨ ਆਉਂਦੇ ਪਿੰਡ ਦੁਗਲਵਾਲਾ ਵਿਖੇ ਕੁੱਤਿਆਂ ਨੂੰ ਲੈ ਕੇ ਹੋਈ ਤੂੰ-ਤੂੰ ਮੈਂ-ਮੈਂ ਦੌਰਾਨ ਇਕ ਧਿਰ ਵਲੋਂ ਕੀਤੇ ਗਏ ਫਾਇਰਾਂ ਨਾਲ ਦੋ ਵਿਅਕਤੀਆਂ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੁਲਸ ਵਲੋਂ ਕੁਲ 8 ਵਿਅਕਤੀਆਂ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਜਿਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਸ ਨੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਵਿਅਕਤੀਆਂ ਸਿਵਲ ਹਸਪਤਾਲ ਵਿਖੇ ਇਲਾਜ ਅਧਿਨ ਹਨ। ਇਸ ਝਗੜੇ ਦੌਰਾਨ ਮੁਲਜ਼ਮਾਂ ਵਲੋਂ ਕਰੀਬ 60 ਰੌਂਦ ਫਾਇਰ ਕੀਤੇ ਜਾਣ ਦਾ ਵੀ ਪਤਾ ਲੱਗਾ ਹੈ।
ਗੁਰਚੇਤ ਸਿੰਘ ਪੱੁਤਰ ਵੀਰ ਸਿੰਘ ਨਿਵਾਸੀ ਪਿੰਡ ਦੁਗਲਵਾਲਾ ਜ਼ਿਲਾ ਤਰਨਤਾਰਨ ਨੇ ਹਸਪਤਾਲ ’ਚ ਦੱਸਿਆ ਕਿ ਉਹ ਕੱੁਤਿਆਂ ਦੇ ਬੱਚਿਆਂ ਨੂੰ ਅੱਗੇ ਵੇਚਣ ਆਦਿ ਦਾ ਕਾਰੋਬਾਰ ਕਰਦਾ ਹੈ, ਜਿਸ ਨੇ ਆਪਣੇ ਘਰ ’ਚ ਮਹਿੰਗੀ ਨਸਲ ਦੇ ਕੱੁਤੇ ਰੱਖੇ ਹੋਏ ਹਨ। 27 ਸਤੰਬਰ ਨੂੰ ਉਨ੍ਹਾਂ ਦੇ ਘਰ ਗੁਰਮੀਤ ਸਿੰਘ ਪੱੁਤਰ ਸੁਖਦੇਵ ਸਿੰਘ ਵਾਸੀ ਚੋਹਲਾ ਸਾਹਿਬ ਅਤੇ ਗੁਰਜੰਟ ਸਿੰਘ ਪੱੁਤਰ ਚਰਨ ਸਿੰਘ ਵਾਸੀ ਪਿੰਡ ਚੰਬਾ ਕਲਾਂ ਕੱੁਤੇ ਵੇਖਣ ਲਈ ਆਏ ਸਨ ਅਤੇ ਬਾਅਦ ’ਚ ਵਾਪਸ ਚਲੇ ਗਏ। ਬੀਤੀ 2 ਅਕਤੂਬਰ ਨੂੰ ਉਨ੍ਹਾਂ ਦੇ ਘਰੋਂ ਰਾਤ ਸਮੇਂ ਇਕ ਪੱਗ ਕੁੱਤਾ ਅਤੇ ਇਕ ਫਰੈਂਚ ਬੁੱਲਡਾਗ ਕੱੁਤੀ ਚੋਰੀ ਹੋ ਗਈ ਸੀ, ਜਿਸ ਦੀ ਉਨ੍ਹਾਂ ਵਲੋਂ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ। ਉਸ ਨੂੰ ਸ਼ੱਕ ਹੋ ਗਿਆ ਸੀ ਕਿ ਇਹ ਚੋਰੀ ਗੁਰਮੀਤ ਸਿੰਘ ਵਲੋਂ ਕੀਤੀ ਗਈ ਹੈ। ਗੁਰਚੇਤ ਸਿੰਘ ਨੇ ਦੱਸਿਆ ਕਿ ਗੁਰਮੀਤ ਸਿੰਘ ਅਤੇ ਗੁਰਜੰਟ ਸਿੰਘ ਮੇਰੇ ਦੋਸਤ ਨਵਜੋਤ ਸਿੰਘ ਪੱੁਤਰ ਅਮਰਜੀਤ ਸਿੰਘ ਵਾਸੀ ਪਿੰਡ ਢੋਟੀਆਂ ਹਾਲ ਵਾਸੀ ਤਰਨਤਾਰਨ ਸਮੇਤ ਚੋਰੀ ਕੀਤੇ ਦੋਵੇਂ ਕੱੁਤੇ ਨਾਲ ਲੈ ਕੇ ਪਿੰਡ ਦੁਗਲਵਾਲਾ ਵਿਖੇ 9 ਅਕਤੂਬਰ ਦੀ ਰਾਤ 8 ਵਜੇ ਘਰ ਆ ਗਏ। ਉਸ ਵੇਲੇ ਘਰ ’ਚ ਉਹ ਅਤੇ ਉਸ ਦੇ ਪਿਤਾ ਵੀਰ ਸਿੰਘ, ਮਾਤਾ ਨਰਿੰਦਰਜੀਤ ਕੌਰ, ਪਤਨੀ ਰੁਪਿੰਦਰਜੀਤ ਕੌਰ ਮੌਜੂਦ ਸਨ। ਇਸ ਦੌਰਾਨ ਗੁਰਮੀਤ ਸਿੰਘ ਤੇ ਗੁਰਜੰਟ ਸਿੰਘ ਨਾਲ ਮੇਰੀ ਕੱੁਤੇ ਚੋਰੀ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੋ ਗਈ, ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਨੇ ਫੋਨ ਕਰਕੇ ਆਪਣੇ 6 ਸਾਥੀਆਂ ਨੂੰ ਬੁਲਾ ਲਿਆ। ਕੱੁਝ ਸਮੇਂ ਬਾਅਦ ਚਾਰ ਮੋਟਰਸਾਈਕਲਾਂ ’ਤੇ ਸਵਾਰ 6 ਅਣਪਛਾਤੇ ਨੌਜਵਾਨ ਮੌਕੇ ’ਤੇ ਆ ਪੱੁਜੇ, ਜਿਨ੍ਹਾਂ ਨੇ ਕਾਫੀ ਦੂਰੀ ਤੋਂ ਹੀ ਪਿਸਤੌਲ ਅਤੇ ਰਾਈਫਲਾਂ ਨਾਲ ਉਨ੍ਹਾਂ ’ਤੇ ਸ਼ਰੇਆਮ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਗੁਰਮੀਤ ਸਿੰਘ ਅਤੇ ਗੁਰਜੰਟ ਸਿੰਘ ਨੇ ਪਿਸਤੌਲ ਨਾਲ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਉਸ ’ਤੇ ਗੋਲੀਆਂ ਚਲਾਈਆਂ, ਜਿਸ ਨਾਲ ਇਕ ਗੋਲੀ ਉਸ ਦੀ ਖੱਬੀ ਲੱਤ ਹੇਠਾਂ ਲੱਗਣ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਗੁਰਚੇਤ ਸਿੰਘ ਨੇ ਦੱਸਿਆ ਕਿ ਇਸ ਫਾਇਰਿੰਗ ਦੀ ਅਾਵਾਜ਼ ਸੁਣ ਪਿੰਡ ਵਾਸੀ ਅਤੇ ਉਸ ਦੇ ਰਿਸ਼ਤੇਦਾਰ ਇਕੱਠੇ ਹੋਣ ਲੱਗ ਪਏ। ਇਸ ਦੌਰਾਨ ਮੁਲਜ਼ਮਾਂ ਵਲੋਂ ਨਵਜੋਤ ਸਿੰਘ ਦੀ ਗੱਡੀ ਦੀ ਵੀ ਭੰਨ-ਤੋੜ ਕੀਤੀ। ਗੁਰਚੇਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਵਲੋਂ ਉਨ੍ਹਾਂ ਦੇ ਨੌਕਰ ਗੁਰਮੇਲ ਸਿੰਘ ਪੱੁਤਰ ਸ਼ਮਸ਼ੇਰ ਸਿੰਘ ਵਾਸੀ ਦੁਗਲਵਾਲਾ ਦੀ ਲੱਤ ਹੇਠਾਂ ਵੀ ਗੋਲੀ ਮਾਰੀ, ਜਿਸ ਨਾਲ ਉਹ ਵੀ ਜ਼ਖਮੀ ਹੋ ਗਿਆ।
ਇਸ ਮੌਕੇ ਜ਼ਖਮੀ ਗੁਰਚੇਤ ਸਿੰਘ ਦੇ ਪਿਤਾ ਵੀਰ ਸਿੰਘ, ਸੁਖਜਿੰਦਰ ਸਿੰਘ, ਬਲਦੇਵ ਸਿੰਘ, ਮੁਖਤਾਰ ਸਿੰਘ ਮੈਂਬਰ ਪੰਚਾਇਤ ਨੇ ਦੱਸਿਆ ਕਿ ਮੁਲਜ਼ਮਾਂ ਵਲੋਂ ਉਨ੍ਹਾਂ ਨੂੰ ਮਾਰ ਦੇਣ ਦੀ ਨੀਅਤ ਨਾਲ ਕਰੀਬ 60 ਰੌਂਦ ਫਾਇਰ ਕੀਤੇ ਗਏ ਹਨ। ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਚੋਰੀ ਕੀਤੇ ਗਏ ਕੱੁਤਿਆਂ ’ਚੋਂ ਇਕ ਕੱੁੱਤੇ ਨੂੰ ਕੈਮੀਕਲ ਪਾ ਕੇ ਰੰਗ ਬਦਲਣ ਦੀ ਕੋਸ਼ਿਸ਼ ਨਾਲ ਬੀਮਾਰ ਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚੋਰੀ ਕੀਤੇ ਦੋਵੇਂ ਕੱੁਤਿਆਂ ਦੀ ਬਾਜ਼ਾਰ ’ਚ ਕੀਮਤ ਕਰੀਬ 50 ਹਜ਼ਾਰ ਰੁਪਏ ਹੈ।
ਜਲਦ ਕਾਬੂ ਕਰ ਲਏ ਜਾਣਗੇ ਸਾਰੇ ਮੁਲਜ਼ਮ
ਥਾਣਾ ਸਦਰ ਦੇ ਮੁਖੀ ਇੰਸਪੈਕਟਰ ਮਨੋਜ ਕੁਮਾਰ ਨੇ ਦੱਸਿਆ ਕਿ ਗੁਰਚੇਤ ਸਿੰਘ ਦੇ ਬਿਆਨਾਂ ਹੇਠ ਗੁਰਮੀਤ ਸਿੰਘ ਪੱੁਤਰ ਸੁਖਦੇਵ ਸਿੰਘ ਵਾਸੀ ਪਿੰਡ ਚੋਹਲਾ ਸਾਹਿਬ, ਗੁਰਜੰਟ ਸਿੰਘ ਪੱੁਤਰ ਚਰਨ ਸਿੰਘ ਵਾਸੀ ਪਿੰਡ ਚੰਬਾ ਕਲਾਂ ਤੋਂ ਇਲਾਵਾ 6 ਅਣਪਛਾਤੇ ਵਿਅਕਤੀਆਂ ਖਿਲਾਫ ਇਰਾਦਾ ਕਤਲ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
ਪਹਾੜਾਂ ’ਤੇ ਮੀਂਹ ਤੇ ਬਰਫਬਾਰੀ, ਮੈਦਾਨਾਂ ’ਚ ਮੌਸਮ ਸਾਫ
NEXT STORY