ਕੋਟਕਪੂਰਾ (ਨਰਿੰਦਰ ਬੈੜ੍ਹ) : ਨਗਰ ਕੌਂਸਲ ਦੀਆਂ ਹੋ ਰਹੀਆਂ ਚੋਣਾਂ ਦੇ ਪ੍ਰਚਾਰ ਦੇ ਆਖ਼ਰੀ ਦਿਨ ਸ਼ਹਿਰ ਦੇ ਵਾਰਡ ਨੰਬਰ-17 ’ਚ ਅਕਾਲੀ ਅਤੇ ਕਾਂਗਰਸੀ ਵਰਕਰਾਂ ’ਚ ਹੋਏ ਝਗੜੇ ਕਾਰਨ ਸ਼ਹਿਰ ਅੰਦਰ ਸਥਿਤੀ ਤਣਾਅਪੂਰਨ ਬਣ ਗਈ। ਇਸ ਦੌਰਾਨ ਜਿੱਥੇ ਕਾਂਗਰਸੀ ਆਗੂ ਗੁਰਸੇਵਕ ਸਿੰਘ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਉੱਥੇ ਆਪਣੇ ਇਕ ਵਰਕਰ ਨੂੰ ਥਾਣੇ ਵਿਚ ਬਿਠਾਏ ਜਾਣ ਦੇ ਰੋਸ ਵੱਜੋਂ ਵੱਡੀ ਗਿਣਤੀ ’ਚ ਅਕਾਲੀ ਵਰਕਰਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਮਨਤਾਰ ਸਿੰਘ ਬਰਾੜ ਦੀ ਅਗਵਾਈ ਹੇਠ ਥਾਣਾ ਸਿਟੀ ਕੋਟਕਪੂਰਾ ਦੇ ਬਾਹਰ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ। ਅਕਾਲੀ ਆਗੂਆਂ ਤੇ ਵਰਕਰਾਂ ਨੇ ਰੋਸ ਪ੍ਰਦਸ਼ਰਨ ਕਰਦਿਆਂ ਮੰਗ ਕੀਤੀ ਤਕਰਾਰਬਾਜ਼ੀ ਦੇ ਮਾਮਲੇ ’ਚ ਇਨਸਾਫ਼ ਦਿੱਤਾ ਜਾਵੇ ਅਤੇ ਬਿਨਾਂ ਵਜਾ ਥਾਣੇ ਵਿਚ ਬਿਠਾਏ ਗਏ ਉਨ੍ਹਾਂ ਦੇ ਇਕ ਵਰਕਰ ਨੂੰ ਤੁਰੰਤ ਉਨ੍ਹਾਂ ਦੇ ਹਵਾਲੇ ਕੀਤਾ ਜਾਵੇ।
ਇਸ ਮੌਕੇ ਬਰਾੜ ਨੇ ਦੱਸਿਆ ਕਿ ਕਾਂਗਰਸੀ ਵਰਕਰਾਂ ਵੱਲੋਂ ਪਾਰਟੀ ਵਰਕਰ ਸਤਪਾਲ ਸਿੰਘ ਦੀ ਕੁੱਟਮਾਰ ਕੀਤੀ ਗਈ ਅਤੇ ਪੁਲਸ ਵਲੋਂ ਬਿਨਾਂ ਕਸੂਰ ਉਸ ਨੂੰ ਹੀ ਜ਼ਬਰੀ ਥਾਣੇ ’ਚ ਲਿਆ ਕੇ ਬੰਦ ਕਰ ਦਿੱਤਾ ਗਿਆ ਹੈ, ਇਸ ਨੂੰ ਪਾਰਟੀ ਵਰਕਰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਬਰਾੜ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਬੁਰੀ ਤਰ੍ਹਾਂ ਹਾਰ ਰਹੇ ਹਨ ਅਤੇ ਹਾਰ ਦੇ ਡਰ ਕਾਰਨ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ। ਇਸ ਮੌਕੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਜਦ ਤੱਕ ਇਸ ਮਾਮਲੇ ’ਚ ਪੁਲਸ ਵਲੋਂ ਇਨਸਾਫ਼ ਨਹੀਂ ਦਿੱਤਾ ਜਾਂਦਾ, ਉਹ ਤਦ ਤੱਕ ਰੋਸ ਪ੍ਰਦਰਸ਼ਨ ਜਾਰੀ ਰੱਖਣਗੇ ਅਤੇ ਖ਼ਬਰ ਲਿਖੇ ਜਾਣ ਤੱਕ ਰੋਸ ਧਰਨਾ ਜਾਰੀ ਸੀ।
ਉਧਰ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਅਕਾਲੀ ਦਲ ਆਪਣੀ ਹਾਰ ਨੂੰ ਵੇਖ ਕੇ ਬੌਖਲਾਹਟ ਵਿਚ ਆ ਗਿਆ ਹੈ ਅਤੇ ਉਨ੍ਹਾਂ ਵੱਲੋਂ ਕਾਂਗਰਸੀ ਵਰਕਰਾਂ ’ਤੇ ਹਮਲੇ ਕਰਕੇ ਮਾਹੌਲ ਨੂੰ ਜਾਣ-ਬੁੱਝ ਕੇ ਖਰਾਬ ਕੀਤਾ ਜਾ ਰਿਹਾ ਹੈ। ਸਥਾਨਕ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ’ਚ ਦਾਖ਼ਲ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੌਂਸਲਰ ਗੁਰਸੇਵਕ ਸਿੰਘ ਨੇ ਮੰਗ ਕੀਤੀ ਹੈ ਕਿ ਉਸਦੀ ਕੁੱਟਮਾਰ ਕਰਨ ਵਾਲਿਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।ਇਸ ਸਬੰਧੀ ਡੀ.ਐੱਸ.ਪੀ. ਕੋਟਕਪੂਰਾ ਬਲਕਾਰ ਸਿੰਘ ਸੰਧੂ ਨੇ ਦੱਸਿਆ ਕਿ ਵਾਰਡ ਨੰਬਰ-17 ’ਚ ਅੱਜ ਦੋ ਧਿਰਾਂ ਆਪਸ ਵਿਚ ਲੜੀਆਂ ਹਨ ਅਤੇ ਸਤਪਾਲ ਸਿੰਘ ਅਤੇ ਉਸਦੇ ਨਾਲ ਇਕ ਹੋਰ ਵਿਅਕਤੀ ਨੇ ਕਾਂਗਰਸੀ ਉਮੀਦਵਾਰ ਦੇ ਪਤੀ ਗੁਰਸੇਵਕ ਸਿੰਘ ਨਾਲ ਕੁੱਟਮਾਰ ਕੀਤੀ ਹੈ, ਜੋ ਕਿ ਹਸਪਤਾਲ ’ਚ ਦਾਖਲ ਹੈ। ਉਨ੍ਹਾਂ ਦੱਸਿਆ ਕਿ ਸਤਪਾਲ ਸਿੰਘ ਨੂੰ ਥਾਣੇ ਬੁਲਾਇਆ ਗਿਆ ਹੈ ਅਤੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਨੂੰ ਅਦਾਲਤ ਵਲੋਂ ਝਟਕਾ
NEXT STORY