ਜ਼ੀਰਾ (ਅਕਾਲੀਆਂਵਾਲਾ) — ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਰਹਿਨੁਮਾਈ ਹੇਠ ਕਾਂਗਰਸ ਪਾਰਟੀ ਕੇਂਦਰੀ ਸੱਤਾ 'ਤੇ ਬਿਰਾਜਮਾਨ ਹੋਵੇਗੀ, ਜਿਸ ਦਾ ਸ਼ੁੱਭ ਸੰਕੇਤ ਰਾਜਸਥਾਨ 'ਚ ਹੋਈਆਂ ਜ਼ਿਮਨੀ ਚੋਣਾਂ ਦੇ ਰਹੀਆਂ ਹਨ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ ਵੱਲੋਂ ਦੇਸ਼ ਦੇ ਹਿੱਤਾਂ ਦੇ ਉਲਟ ਲਏ ਗਏ ਫੈਸਲਿਆਂ ਨਾਲ ਲੋਕਾਂ ਦਾ ਮੋਹ ਇਸ ਸਰਕਾਰ ਤੋਂ ਭੰਗ ਹੋ ਰਿਹਾ ਹੈ। ਬੇਸ਼ੱਕ ਬਜਟ 'ਚ ਅੱਛੇ ਦਿਨ ਆਉਣ ਵਾਲੇ ਵਾਅਦੇ ਨੂੰ ਛਪਾਉਣ ਦੇ ਲਈ ਲੋਕ ਭਰਮਾਊ ਐਲਾਨ ਕੀਤੇ ਗਏ ਹਨ। ਇਨ੍ਹਾਂ 'ਤੇ ਵੀ ਲੋਕ ਵਿਸ਼ਵਾਸ ਨਹੀਂ ਕਰ ਰਹੇ ਅਤੇ ਸੱਤਾ ਪ੍ਰਾਪਤੀ ਦੇ ਭਾਜਪਾ ਦੇ ਇਹ ਸੁਪਨੇ ਕਦੇ ਸੱਚ ਨਹੀਂ ਹੋਣਗੇ। ਇਹ ਵਿਚਾਰ ਸ਼ਹਿਰੀ ਕਾਂਗਰਸ ਪ੍ਰਧਾਨ ਅਸ਼ੋਕ ਕੁਮਾਰ ਕਥੂਰੀਆ ਨੇ ਜਗਬਾਣੀ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨਾਂ ਦੇ ਨਾਲ 80 ਫੀਸਦੀ ਵਪਾਰਕ ਕਾਰੋਬਾਰ ਜੁੜੇ ਹੋਏ ਹਨ ਅਤੇ ਕਿਸਾਨੀ ਦੀ ਆਮਦਨ ਦੁੱਗਣੀ ਕਰਨ ਦਾ ਅਲਾਪਿਆ ਜਾ ਰਿਹਾ ਰਾਗ ਸਚਾਈ ਤੋਂ ਕੋਹਾਂ ਦੂਰ ਨਜ਼ਰ ਆ ਰਿਹਾ ਹੈ। ਬਜਟ 'ਚ ਖੇਤੀ ਲਾਗਤ ਖਰਚਿਆਂ ਨੂੰ ਘੱਟ ਕਰਨ ਦੇ ਲਈ ਕੋਈ ਵੀ ਯੋਜਨਾ ਨਹੀਂ ਉਲੀਕੀ ਗਈ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨਾਂ ਦੀ ਕਰਜ਼ਾ ਮੁਆਫੀ ਅਤੇ ਆਏ ਦਿਨ ਹੋ ਰਹੀਆਂ ਆਤਮ ਹੱਤਿਆਵਾਂ ਦੇ ਠੋਸ ਹੱਲ ਦੇ ਲਈ ਨੀਤੀ ਨਹੀਂ ਬਣਾਈ ਗਈ। ਉਨ੍ਹਾਂ ਕਿਹਾ ਕਿ ਅੱਜ ਕਿਸਾਨੀ ਨੂੰ ਕਰਜ਼ਾ ਮੁਆਫੀ ਦੀ ਲੋੜ ਸੀ, ਨਾ ਕਿ ਕਰਜ਼ਾ ਦੇਣ ਦੇ ਲਈ ਰੱਖੇ ਗਏ ਬਜਟ ਨੂੰ ਵਧਾਉਣ ਦੀ। ਇਸ ਮੌਕੇ 'ਤੇ ਸ਼ੁਭਾਸ਼ ਚੁੱਘ, ਰਾਜ ਮਾਲਵਾ ਆਦਿ ਹਾਜ਼ਰ ਸਨ।
ਸਾਬਕਾ ਅਕਾਲੀ ਵਿਧਾਇਕ ਪ੍ਰੇਮ ਮਿੱਤਲ 'ਲੋਕ ਇਨਸਾਫ ਪਾਰਟੀ' 'ਚ ਸ਼ਾਮਲ
NEXT STORY