ਲੁਧਿਆਣਾ (ਹਿਤੇਸ਼) : ਨਗਰ ਨਿਗਮ ਦੇ 95 ਵਾਰਡਾਂ 'ਚ ਹੋਈ ਚੋਣ ਦੇ ਬਾਅਦ ਮੰਗਲਵਾਰ ਨੂੰ ਐਲਾਨ ਕੀਤੇ ਗਏ ਨਤੀਜਿਆਂ ਨੂੰ ਲੈ ਕੇ ਭਾਵੇਂ ਕਾਂਗਰਸ ਵਲੋਂ ਜ਼ਰੂਰੀ ਬਹੁਮਤ ਤੋਂ ਜ਼ਿਆਦਾ 62 ਸੀਟਾਂ ਜਿੱਤਣ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਪਰ ਸਿਆਸੀ ਮਾਹਿਰਾਂ ਵੱਲੋਂ ਬਾਕੀ ਸ਼ਹਿਰਾਂ ਦੀਆਂ ਨਗਰ ਨਿਗਮ ਚੋਣਾਂ 'ਚ ਕਾਂਗਰਸ ਨੂੰ ਮਿਲੀ ਜਿੱਤ ਨਾਲ ਮਿਲਾਨ ਕਰਦਿਆਂ ਲੁਧਿਆਣਾ ਦੇ ਅੰਕੜਿਆਂ 'ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ, ਕਿਉਂਕਿ ਖੁਦ ਕਾਂਗਰਸ ਦੇ ਵੱਡੇ ਨੇਤਾਵਾਂ ਵਲੋਂ 80 ਸੀਟਾਂ ਜਿੱਤਣ ਦਾ ਦਾਅਵਾ ਕੀਤਾ ਜਾ ਰਿਹਾ ਸੀ ਅਤੇ ਵਿਰੋਧੀਆਂ ਵਲੋਂ ਲਗਾਤਾਰ ਧੱਕੇਸ਼ਾਹੀ ਦੇ ਦੋਸ਼ ਵੀ ਲਾਏ ਜਾ ਰਹੇ ਹਨ, ਉਸ ਦੇ ਬਾਵਜੂਦ 6 ਵਾਰਡਾਂ 'ਚ ਕਾਂਗਰਸ ਤੀਜੇ ਨੰਬਰ 'ਤੇ ਰਹੀ ਹੈ। ਇਹ ਖ਼ਬਰ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਨੂੰ ਲੋਕ ਸਭਾ ਚੋਣਾਂ ਦਾ ਸੈਮੀਫਾਈਨਲ ਮੰਨ ਕੇ ਚੱਲ ਰਹੀ ਕਾਂਗਰਸ ਲਈ ਖਤਰੇ ਦੀ ਘੰਟੀ ਹੈ, ਕਿਉਂਕਿ ਪੰਜਾਬ 'ਚ ਸਰਕਾਰ ਹੋਣ ਦਾ ਅਸਰ ਪੈਣ ਕਾਰਨ ਜਿਨ੍ਹਾਂ ਵਾਰਡਾਂ 'ਚ ਕਾਂਗਰਸ ਨੂੰ ਜਿੱਤ ਮਿਲਣ ਦੀ ਸੰਭਾਵਨਾ ਤਾਂ ਪਹਿਲਾਂ ਤੋਂ ਹੀ ਲਾਈ ਜਾ ਰਹੀ ਸੀ, ਉਥੇ ਵੀ ਕਾਂਗਰਸ ਦੇ ਉਮੀਦਵਾਰ ਮੂਧੇ ਮੂੰਹ ਡਿੱਗ ਪਏ ਹਨ, ਜਿਸ ਦੇ ਮੱਦੇਨਜ਼ਰ ਕਾਂਗਰਸ ਨੂੰ 2019 'ਚ ਜਿੱਤ ਹਾਸਲ ਕਰਨ ਲਈ ਹੁਣ ਤੋਂ ਕਮਜ਼ੋਰ ਵਾਰਡਾਂ 'ਤੇ ਫੋਕਸ ਕਰਨਾ ਪਵੇਗਾ।
ਦੋ ਸੀਟਾਂ 'ਤੇ ਹੋਇਆ ਵਾਰਡ 84 ਨੂੰ ਰਿਜ਼ਰਵ ਕਰਵਾਉਣ ਦਾ ਨੁਕਸਾਨ
ਨਗਰ ਨਿਗਮ ਚੋਣਾਂ ਲਈ ਕੀਤੀ ਗਈ ਵਾਰਡਬੰਦੀ 'ਚ ਵਾਰਡ 84 ਨੂੰ ਪਹਿਲਾਂ ਜਨਰਲ ਕੈਟਾਗਿਰੀ ਪੁਰਸ਼ਾਂ ਲਈ ਰੱਖਿਆ ਗਿਆ ਸੀ ਪਰ ਬਾਅਦ ਵਿਚ ਉਸ ਵਾਰਡ ਨੂੰ ਐੱਸ. ਸੀ. ਕੈਟਾਗਿਰੀ ਲਈ ਰਿਜ਼ਰਵ ਕਰ ਦਿੱਤਾ ਗਿਆ, ਜਿਸ ਨੂੰ ਲੈ ਕੇ ਕੋਰਟ 'ਚ ਕੇਸ ਵੀ ਹੋਇਆ ਪਰ ਫਾਈਨਲ ਸੁਣਵਾਈ ਤੋਂ ਪਹਿਲਾਂ ਹੀ ਸਰਕਾਰ ਨੇ ਚੋਣ ਦਾ ਸ਼ਡਿਊਲ ਜਾਰੀ ਕਰ ਦਿੱਤਾ। ਇਹ ਸਭ ਕੁੱਝ ਜਿਸ ਆਜ਼ਾਦ ਜਿੱਤੇ ਕੌਂਸਲਰ ਅਨੀਤਾ ਕ੍ਰਿਸ਼ਨ ਖਰਬੰਦਾ ਨੂੰ ਰੋਕਣ ਲਈ ਕੀਤਾ ਗਿਆ, ਉਹ ਕਾਂਗਰਸ 'ਚ ਸ਼ਾਮਲ ਹੋ ਕੇ ਵਾਰਡ ਨੰ. 85 ਟਿਕਟ ਲੈਣ 'ਚ ਕਾਮਯਾਬ ਵੀ ਹੋਏ, ਜਿਸ ਦੇ ਬਾਵਜੂਦ ਦੋਵੇਂ ਸੀਟਾਂ 'ਤੇ ਕਾਂਗਰਸ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਡਾਬਰ ਤੇ ਤਲਵਾੜ ਦੀ ਲੜਾਈ 'ਚ ਹੱਥੋਂ ਗਿਆ ਵਾਰਡ ਨੰਬਰ-54
ਹਲਕਾ ਸੈਂਟਰਲ ਦੇ ਅਧੀਨ ਆਉਂਦੇ ਵਾਰਡ ਨੰਬਰ-54 ਤੋਂ ਪਹਿਲਾਂ ਸੰਜੇ ਤਲਵਾੜ ਲਗਾਤਾਰ ਤਿੰਨ ਵਾਰ ਕੌਂਸਲਰ ਰਹੇ ਅਤੇ ਹੁਣ ਉਹ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਨਗਰ ਨਿਗਮ ਚੋਣ ਲੜਵਾਉਣਾ ਚਾਹੁੰਦੇ ਸਨ ਪਰ ਸੁਰਿੰਦਰ ਡਾਬਰ ਨੇ ਇਸ 'ਤੇ ਇਤਰਾਜ਼ ਜਤਾਇਆ ਤਾਂ ਵਾਰਡ ਨੂੰ ਬੀ. ਸੀ. ਕੈਟਾਗਿਰੀ ਲਈ ਰਿਜ਼ਰਵ ਕਰਨ ਦਾ ਫੈਸਲਾ ਹੋਇਆ, ਜਿੱਥੇ ਕਾਂਗਰਸ ਉਮੀਦਵਾਰ ਰਮਨ ਮਸੀਹ ਨੂੰ ਜਿਤਾਉਣ ਲਈ ਤਲਵਾੜ ਗਰੁੱਪ ਨੇ ਪੂਰਾ ਜ਼ੋਰ ਵੀ ਲਾਇਆ ਪਰ ਪਿਛਲੀ ਵਾਰ ਹਾਰਨ ਵਾਲੇ ਅਕਾਲੀ ਦਲ ਦੇ ਮਨਪ੍ਰੀਤ ਮੰਨਣ ਦੀ ਰਿਸ਼ਤੇਦਾਰ ਨੂੰ ਜਿੱਤ ਮਿਲ ਗਈ।
ਬਾਗੀਆਂ ਨੇ ਡੁਬੋਈ ਕਿਸ਼ਤੀ
ਨਗਰ ਨਿਗਮ ਚੋਣਾਂ 'ਚ ਟਿਕਟ ਨਾ ਮਿਲਣ ਤੋਂ ਨਾਰਾਜ਼ ਚੱਲ ਰਹੇ ਜੋ ਲੋਕ ਆਜ਼ਾਦ ਖੜ੍ਹੇ ਨਹੀਂ ਹੋਏ, ਉਹ ਚੱਲਦੇ ਤਾਂ ਪਾਰਟੀ ਉਮੀਦਵਾਰ ਦੇ ਨਾਲ ਰਹੇ ਅਤੇ ਅੰਦਰਖਾਤੇ ਮਦਦ ਬਾਗੀ ਹੋ ਕੇ ਆਜ਼ਾਦ ਖੜ੍ਹੇ ਉਮੀਦਵਾਰ ਨੂੰ ਦਿੱਤੀ। ਇਥੋਂ ਤੱਕ ਕਿ ਕਈ ਜਗ੍ਹਾ ਤਾਂ ਬਾਗੀ ਉਮੀਦਵਾਰਾਂ ਨੂੰ ਵੱਡੇ ਨੇਤਾਵਾਂ ਦਾ ਸਮਰਥਨ ਮਿਲਿਆ ਹੋਇਆ ਸੀ।
ਨਕੋਦਰ ਦੇ ਸ਼ਹੀਦ ਊਧਮ ਸਿੰਘ ਨਗਰ ਦੇ ਵਾਸੀਆਂ ਨੂੰ ਕਦੋਂ ਮਿਲੇਗੀ ਗੰਦਗੀ ਤੋਂ ਨਿਜਾਤ
NEXT STORY