ਬੱਸੀ ਪਠਾਣਾਂ, (ਰਾਜਕਮਲ)—ਕਾਂਗਰਸ ਪਾਰਟੀ 'ਚ ਪਿਛਲੇ ਕੁਝ ਸਮੇਂ ਤੋਂ ਚੱਲ ਰਹੇ ਅੰਦਰੂਨੀ ਝਗੜੇ ਅਤੇ ਸਰਕਾਰ ਵਲੋਂ ਜ਼ਿਆਦਾਤਰ ਵਾਅਦਿਆਂ 'ਤੇ ਖਰੀ ਨਾ ਉਤਰਨ ਕਾਰਨ ਅਜਿਹਾ ਜਾਪ ਰਿਹਾ ਹੈ ਕਿ ਆਉਣ ਵਾਲਾ ਸਮਾਂ ਵਧੇਰੇ ਮੁਸ਼ਕਿਲਾਂ ਵਾਲਾ ਹੋ ਸਕਦਾ ਹੈ ਅਤੇ ਲੋਕ ਸਭਾ ਚੋਣਾਂ 'ਚ ਇਸ ਸਰਕਾਰ ਦੀ ਬੇੜੀ ਡੁੱਬਣ ਦੀ ਸੰਭਾਵਨਾ ਹੈ, ਅਜਿਹਾ ਰਾਜਨੀਤਕ ਮਾਹਿਰਾਂ ਦਾ ਮੰਨਣਾ ਹੈ। ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵਲੋਂ ਆਪਣੇ ਚੋਣ ਮੈਨੀਫੈਸਟੋ ਵਿਚ ਔਰਤਾਂ ਨੂੰ ਸਰਕਾਰੀ ਨੌਕਰੀਆਂ ਅਤੇ ਅਸੈਂਬਲੀ 'ਚ 33 ਪ੍ਰਤੀਸ਼ਤ ਕੋਟਾ ਦਿੱਤੇ ਜਾਣ ਦਾ ਦਾਅਵਾ ਕਰਦਿਆਂ ਬੇਸ਼ੱਕ ਮਹਿਲਾ ਸਸ਼ਕਤੀਕਰਨ ਨੂੰ ਮਜ਼ਬੂਤ ਕਰਨ ਦੀ ਗੱਲ ਕੀਤੀ ਗਈ ਹੈ ਪਰ ਉਸ ਦੇ ਬਾਵਜੂਦ ਲੋਕ ਸਭਾ ਚੋਣਾਂ 'ਚ ਕਿੰਨੀਆਂ ਔਰਤਾਂ ਨੂੰ ਅੱਗੇ ਲਿਆਉਂਦਿਆਂ ਲੋਕ ਸਭਾ ਦੀ ਟਿਕਟ ਦਿੱਤੀ ਜਾਵੇਗੀ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕਾਂਗਰਸ ਪਾਰਟੀ ਵਲੋਂ ਬੀਤੇ ਦਿਨੀਂ ਆਪਣੇ ਚੋਣ ਮੈਨੀਫੈਸਟੋ 'ਚ ਹਰੇਕ ਸਮਾਜ ਦੇ ਹੱਕ ਵਿਚ ਗੱਲ ਕੀਤੀ ਗਈ ਹੈ। ਇਸ ਮੈਨੀਫੈਸਟੋ ਨੂੰ ਲੈ ਕੇ ਵਿਰੋਧੀਆਂ ਵਲੋਂ ਵੀ ਤੰਜ਼ ਕੱਸੇ ਜਾ ਰਹੇ ਹਨ। ਇਸ ਦੇ ਬਾਵਜੂਦ ਲੋਕ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਉਮੀਦਵਾਰ ਦਾ ਐਲਾਨ ਕਰਨ 'ਚ ਹਰੇਕ ਸਮਾਜ ਅਤੇ ਮਹਿਲਾ ਸਮਾਜ ਨਾਲ ਕਿਸ ਤਰ੍ਹਾਂ ਪੇਸ਼ ਆਉਂਦੀ ਹੈ, ਇਹ ਪਾਰਟੀ ਵਰਕਰਾਂ ਲਈ ਇਕ ਪਹੇਲੀ ਬਣੀ ਹੋਈ ਹੈ।
ਜੇਕਰ ਪੰਜਾਬ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਸੂਬੇ ਵਿਚ ਕੁਲ 13 ਲੋਕ ਸਭਾ ਸੀਟਾਂ ਹਨ, ਜਿਨ੍ਹਾਂ 'ਚ 4 ਸੀਟਾਂ ਰਾਖਵੀਆਂ ਹਨ ਜਦੋਂਕਿ 9 ਸੀਟਾਂ ਜਨਰਲ ਹਨ ਤੇ ਮੌਜੂਦਾ ਸਮੇਂ ਕਾਂਗਰਸ ਪਾਰਟੀ ਵਲੋਂ ਸੂਬੇ 'ਚ 4 ਜਨਰਲ ਅਤੇ 2 ਰਾਖਵੀਆਂ ਸੀਟਾਂ 'ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਕਾਰਨ ਨਵੇਂ ਚਿਹਰਿਆਂ ਵਿਚ ਭਾਰੀ ਰੋਸ ਪੈਦਾ ਹੋ ਰਿਹਾ ਹੈ। ਹੁਣ ਮਹਿਲਾ ਸਮਾਜ ਦੀਆਂ ਨਜ਼ਰਾਂ ਆਗਾਮੀ 7 ਟਿਕਟਾਂ ਦੇ ਵਾਧੇ 'ਤੇ ਟਿਕੀਆਂ ਹੋਈਆਂ ਹਨ। ਜੇਕਰ ਕਾਂਗਰਸ ਵਿਚ ਨਾਰਾਜ਼ ਅਤੇ ਪਾਰਟੀ ਵਿਚ ਬਗਾਵਤੀ ਸੁਰਾਂ ਦੀ ਗੱਲ ਕੀਤੀ ਜਾਵੇ ਤਾਂ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਨੂੰ ਚੰਡੀਗੜ੍ਹ ਤੋਂ ਲੋਕ ਸਭਾ ਟਿਕਟ ਨਾ ਮਿਲਣ ਕਾਰਨ ਅਤੇ ਕੁਝ ਦਿਨ ਪਹਿਲਾਂ ਮੋਗਾ ਰੈਲੀ 'ਚ ਮੰਚ ਤੋਂ ਬੋਲਣ ਦਾ ਸਮਾਂ ਨਾ ਮਿਲਣ ਕਰਕੇ ਵੀ ਨਵਜੋਤ ਸਿੰਘ ਸਿੱਧੂ ਨਾਰਾਜ਼ ਚਲ ਰਹੇ ਹਨ।
ਇਹੋ ਕਾਰਨ ਹੈ ਕਿ ਇਕ ਦੋ ਦਿਨਾਂ ਵਿਚ ਨਵਜੋਤ ਸਿੰਘ ਸਿੱਧੂ ਵਲੋਂ ਰਾਹੁਲ ਗਾਂਧੀ ਨੂੰ ਮਿਲਣ ਦੇ ਸੰਕੇਤ ਦਿੱਤੇ ਗਏ ਹਨ। ਇਸੇ ਤਰ੍ਹਾਂ ਇਸ ਰੋਸ 'ਚ ਸ਼ਾਮਲ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਵੀ ਕੈਪਟਨ ਸਰਕਾਰ ਖਿਲਾਫ਼ ਮੋਰਚਾ ਖੋਲ੍ਹਦਿਆਂ ਨਸ਼ੇ ਰੂਪੀ ਕੋਹੜ ਨੂੰ ਖਤਮ ਨਾ ਕਰ ਸਕਣ ਅਤੇ ਜੁਝਾਰੂ ਵਰਕਰਾਂ ਦੀ ਅਣਦੇਖੀ ਕੀਤੇ ਜਾਣ ਦਾ ਦੋਸ਼ ਸਰਕਾਰ 'ਤੇ ਲਗਾ ਰਹੇ ਹਨ। ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਵੀ ਕੈਪਟਨ ਸਰਕਾਰ 'ਤੇ ਇਕ ਪਰਿਵਾਰ ਵਿਚ ਇਕ ਟਿਕਟ ਦਿੱਤੇ ਜਾਣ ਦਾ ਫਾਰਮੂਲਾ ਬਣਾਉਣ ਅਤੇ ਪਟਿਆਲਾ ਤੋਂ ਟਿਕਟ ਨਾ ਮਿਲਣ ਕਾਰਨ ਨਾਰਾਜ਼ ਲੱਗ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ ਉਨ੍ਹਾਂ ਵਲੋਂ ਸਿਰਫ਼ ਅਮਲੋਹ ਹਲਕੇ ਤੋਂ ਹੀ ਚੋਣ ਪ੍ਰਚਾਰ ਕੀਤੇ ਜਾਣ ਦੇ ਸੰਕੇਤ ਮਿਲ ਰਹੇ ਹਨ। ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਅਧੀਨ ਆਉਂਦੇ ਕਾਂਗਰਸ ਪਾਰਟੀ ਦੇ 7 ਵਿਧਾਇਕਾਂ ਵਿਚੋਂ 2 ਵਿਧਾਇਕ ਗੁਰਪ੍ਰੀਤ ਸਿੰਘ ਜੀ. ਪੀ. ਅਤੇ ਲਖਵਿੰਦਰ ਸਿੰਘ ਲੱਖਾ ਵੀ ਲੋਕ ਸਭਾ ਟਿਕਟ ਹਾਸਲ ਕਰਨ ਲਈ ਗੋਟੀਆਂ ਫਿੱਟ ਕਰਨ ਲਈ ਦਿੱਲੀ ਦਰਬਾਰ ਵਿਚ ਡਟੇ ਹੋਏ ਹਨ। ਸੂਤਰਾਂ ਦੀ ਮੰਨੀਏ ਤਾਂ ਹੋਰ 5 ਵਿਧਾਇਕਾਂ ਵਲੋਂ ਵੀ ਆਪਣੀ-ਆਪਣੀ ਡਫਲੀ ਵਜਾਉਂਦਿਆਂ ਆਪਣੇ ਪੱਧਰ 'ਤੇ ਕਿਸੇ ਹੋਰ ਉਮੀਦਵਾਰ ਨੂੰ ਇਸ ਹਲਕੇ ਤੋਂ ਟਿਕਟ ਦਿੱਤੇ ਜਾਣ ਲਈ ਦਿੱਲੀ ਦਰਬਾਰ ਨਾਲ ਸੰਪਰਕ ਕਰਕੇ ਜ਼ੋਰ ਅਜ਼ਮਾਇਸ਼ ਕਰ ਰਹੇ ਹਨ। ਇਥੇ ਇਹ ਵੀ ਗੌਰਤਲਬ ਹੈ ਕਿ ਕੈਪਟਨ ਸਰਕਾਰ ਵਲੋਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਸਮੁੱਚੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਵੀ ਵਾਅਦਾ ਕੀਤਾ ਗਿਆ ਸੀ ਪਰ ਸਰਕਾਰ ਬਣਨ ਉਪਰੰਤ ਕੇਵਲ 2-2 ਲੱਖ ਰੁਪਏ ਹੀ ਮੁਆਫ ਕੀਤੇ ਗਏ।
ਇਸ ਸਰਕਾਰ 'ਤੇ ਇਹ ਵੀ ਦੋਸ਼ ਲੱਗੇ ਕਿ ਜੋ ਕਿਸਾਨਾਂ ਦੀਆਂ ਸੂਚੀਆਂ ਬਣਾਈਆਂ ਜਾ ਰਹੀਆਂ ਹਨ ਉਨ੍ਹਾਂ ਵਿਚ ਆਪਣੇ ਚਹੇਤਿਆਂ ਨੂੰ ਪਹਿਲ ਦਿੱਤੀ ਜਾ ਰਹੀ ਹੈ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਪੰਜਾਬ ਵਿਚ ਖੁਦਕੁਸ਼ੀਆਂ ਕਰਨ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ ਅਤੇ ਪੰਜਾਬ ਦਾ ਕਿਸਾਨ ਪਹਿਲਾਂ ਤੋਂ ਵੀ ਪੱਛੜਦਾ ਜਾ ਰਿਹਾ ਹੈ। ਦੂਸਰੇ ਪਾਸੇ ਕਈ ਤਰ੍ਹਾਂ ਦੇ ਮੁਲਾਜ਼ਮ ਵਰਗ ਨਾਲ ਵੀ ਵਾਅਦੇ ਕੀਤੇ ਗਏ ਸਨ ਜੋ ਪੂਰੇ ਨਹੀਂ ਕੀਤੇ ਗਏ, ਜਿਸ ਕਾਰਨ ਕਰਮਚਾਰੀ ਆਏ ਦਿਨ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੜਕਾਂ 'ਤੇ ਉਤਰ ਰਹੇ ਹਨ। ਟਰੱਕ ਆਪ੍ਰੇਟਰਾਂ ਦੀਆਂ ਯੂਨੀਅਨਾਂ ਭੰਗ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਉਨ੍ਹਾਂ ਵਿਚ ਵੀ ਨਾਰਾਜ਼ਗੀ ਪਾਈ ਜਾ ਰਹੀ ਹੈ। ਕਾਂਗਰਸ ਸਰਕਾਰ ਵਲੋਂ ਨੌਜਵਾਨ ਵੋਟ ਬੈਂਕ ਨੂੰ ਖਿੱਚਣ ਲਈ ਉਨ੍ਹਾਂ ਸਮਾਰਟਫੋਨ ਦੇਣ ਦੀ ਗੱਲ ਆਖੀ ਪਰ ਹਾਲੇ ਤੱਕ ਇਸ ਫੋਨ ਦੀ ਟ੍ਰਿਨ-ਟ੍ਰਿਨ ਨੌਜਵਾਨਾਂ ਨੂੰ ਸੁਣਾਈ ਨਹੀਂ ਦਿੱਤੀ । ਸਰਕਾਰ ਖਿਲਾਫ਼ ਇਸ ਸਮੇਂ ਜਿਥੇ ਕਈ ਵਰਗਾਂ ਦੇ ਲੋਕ ਆਏ ਦਿਨ ਸੰਘਰਸ਼ ਕਰ ਰਹੇ ਹਨ, ਉਥੇ ਕਾਂਗਰਸੀ ਨੇਤਾਵਾਂ ਅਤੇ ਲੋਕ ਸਭਾ ਚੋਣਾਂ ਵਿਚ ਟਿਕਟ ਪਾਉਣ ਦੇ ਚਾਹਵਾਨ ਨਵੇਂ ਚਿਹਰਿਆਂ ਦੇ ਬਗਾਵਤੀ ਸੁਰ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੀ ਬੇੜੀ ਡੁਬੋ ਸਕਦੇ ਹਨ। ਜੇਕਰ ਕਾਂਗਰਸ ਪਾਰਟੀ ਨੇ ਸਮਾਂ ਰਹਿੰਦੇ ਇਸ ਅੰਦਰੂਨੀ ਝਗੜੇ ਨੂੰ ਠੀਕ ਨਾ ਕੀਤਾ ਤਾਂ ਇਸ ਦਾ ਖਮਿਆਜ਼ਾ ਪਾਰਟੀ ਨੂੰ ਆਉਣ ਵਾਲੇ ਸਮੇਂ ਵਿਚ ਭੁਗਤਣਾ ਪੈ ਸਕਦਾ ਹੈ ਜੋ ਕਿ ਕਾਂਗਰਸ ਲਈ ਖਤਰਨਾਕ ਸਿੱਧ ਹੋਵੇਗਾ।
ਸੋਸ਼ਲ ਮੀਡੀਆ 'ਤੇ ਉੱਡੀਆਂ ਅਫਵਾਹਾਂ ਕਾਰਨ 'ਚੋਣ ਕਮਿਸ਼ਨ' ਚੌਕੰਨਾ
NEXT STORY