ਚੰਡੀਗੜ੍ਹ (ਪਰਾਸ਼ਰ) : ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਨੂੰ ਕਿਹਾ ਕਿ ਬਠਿੰਡਾ ਰਿਫਾਈਨਰੀ ਵਿਚ ਜੇ. ਐੱਸ. ਟੀ. (ਜੋਜੋ ਸਰਵਿਸ ਟੈਕਸ) ਦੇ ਰੂਪ ਵਿਚ ਟਰਾਂਸਪੋਰਟਰਾਂ ਕੋਲੋਂ ਲਏ ਜਾ ਰਹੇ ਗੁੰਡਾ ਟੈਕਸ ਦੇ ਮੁੱਦੇ 'ਤੇ ਉਹ ਝੂਠੀ ਹਮਦਰਦੀ ਨਾ ਵਿਖਾਵੇ, ਸਗੋਂ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਦੇ ਹੋਏ 24 ਘੰਟੇ ਦੇ ਅੰਦਰ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰੇ। ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਦਾ ਇਸ ਮੁੱਦੇ ਬਾਰੇ ਸਟੈਂਡ ਕਿ ਇਹ ਗੁੰਡਾ ਟੈਕਸ ਕਾਂਗਰਸੀ ਵਿਧਾਇਕ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਇਕ ਰਿਸ਼ਤੇਦਾਰ ਵੱਲੋਂ ਵਸੂਲਿਆ ਜਾ ਰਿਹਾ ਹੈ, ਜਿਸ ਨੂੰ ਕੱਲ ਵਿੱਤ ਮੰਤਰੀ ਦੇ ਕੈਬਨਿਟ ਸਾਥੀ ਵੱਲੋਂ ਇਹ ਮਸਲਾ ਕੈਬਨਿਟ ਵਿਚ ਉਠਾ ਕੇ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਵਿਚ ਗਲਤਾਨ ਵਿਅਕਤੀਆਂ ਖਿਲਾਫ ਕਾਰਵਾਈ ਦੀ ਮੰਗ ਕਰ ਕੇ ਸਹੀ ਸਾਬਿਤ ਕੀਤਾ ਜਾ ਚੁੱਕਿਆ ਹੈ। ਡਾ. ਚੀਮਾ ਨੇ ਕਿਹਾ ਕਿ ਅਕਾਲੀ ਦਲ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਬੋਲੇ ਸੱਚ ਦੀ ਸ਼ਲਾਘਾ ਕਰਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਇਹ ਗੱਲ ਪਹਿਲੀ ਵਾਰ ਵਾਪਰੀ ਹੈ ਕਿ ਸੂਬੇ ਦੀ ਸਭ ਤੋਂ ਵੱਡੀ ਨਿਵੇਸ਼ਕ ਬਠਿੰਡਾ ਰਿਫਾਈਨਰੀ ਗੁੰਡਾ ਟੈਕਸ ਵਸੂਲੇ ਜਾਣ ਬਾਰੇ ਸਬੂਤ ਜਨਤਕ ਕਰ ਚੁੱਕੀ ਹੈ ਪਰ ਇਸ ਦੇ ਬਾਵਜੂਦ ਅਜੇ ਤੱਕ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸਾਰੇ ਜਾਣਦੇ ਹਨ ਕਿ ਮਨਪ੍ਰੀਤ ਬਾਦਲ ਦੀ ਗੈਰ-ਹਾਜ਼ਰੀ ਵਿਚ ਉਨ੍ਹਾਂ ਦਾ ਸਾਲਾ ਜੈਜੀਤ ਸਿੰਘ ਜੌਹਲ ਹਲਕੇ ਅੰਦਰ ਆਪਣਾ ਹੁਕਮ ਚਲਾਉਂਦਾ ਹੈ ਤੇ ਕਿਸੇ ਪੁਲਸ ਅਧਿਕਾਰੀ ਵੱਲੋਂ ਉਸ ਖ਼ਿਲਾਫ ਕਾਰਵਾਈ ਕੀਤੇ ਜਾਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਇਨ੍ਹਾਂ ਤੱਥਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਸਾਰੇ ਮਸਲੇ ਦੀ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ। ਡਾ. ਚੀਮਾ ਨੇ ਕਿਹਾ ਕਿ ਸਰਕਾਰ ਵੱਲੋਂ ਸਖ਼ਤ ਕਾਰਵਾਈ ਕਰਨ ਵਿਚ ਕੀਤੀ ਦੇਰੀ ਪਹਿਲਾਂ ਹੀ ਸੂਬੇ ਦੇ ਅਕਸ ਨੂੰ ਖਰਾਬ ਕਰ ਚੁੱਕੀ ਹੈ, ਜਿਸ ਕਰ ਕੇ ਨਵੇਂ ਨਿਵੇਸ਼ਕ ਪੰਜਾਬ ਅੰਦਰ ਪੈਸਾ ਲਾਉਣ ਤੋਂ ਪਾਸਾ ਵੱਟਣਗੇ। ਉਨ੍ਹਾਂ ਕਿਹਾ ਕਿ ਇਹ ਵੀ ਰਿਪੋਰਟਾਂ ਆਈਆਂ ਹਨ ਕਿ ਬਠਿੰਡਾ ਰਿਫਾਈਨਰੀ ਦੀ ਮੈਨੇਜਮੈਂਟ ਰਿਫਾਈਨਰੀ ਦੇ ਨਾਲ ਬਣਾਏ ਜਾਣ ਵਾਲੇ ਤਜਵੀਜ਼ਤ ਪੈਟਰੋ-ਕੈਮੀਕਲ ਪ੍ਰਾਜੈਕਟ ਵਿਚ ਨਿਵੇਸ਼ ਕਰਨ ਬਾਰੇ ਜੱਕੋਤੱਕੀ ਵਿਚ ਪੈ ਗਈ ਹੈ।
ਪਿੰਡ ਸੁੱਗਾ ਵਿਖੇ ਲੋੜਵੰਦ ਲਾਭਪਾਤਰੀਆ ਨੂੰ ਸਸਤੀ ਕਣਕ ਵੰਡੀ
NEXT STORY