ਸੰਦੌੜ(ਰਿਖੀ)—ਅਕਾਲੀ-ਭਾਜਪਾ ਸਰਕਾਰ ਵੱਲੋਂ ਚਲਾਏ ਅਤੇ ਸੁਖਬੀਰ ਸਿੰਘ ਬਾਦਲ ਦੇ ਡ੍ਰੀਮ ਪ੍ਰਾਜੈਕਟ ਰਹੇ ਇਕੋ ਛੱਤ ਹੇਠ ਦਰਜਨਾਂ ਸਹੂਲਤਾਂ ਦੇਣ ਵਾਲੇ ਸੇਵਾ ਕੇਂਦਰਾਂ ਨੂੰ ਕਾਂਗਰਸ ਸਰਕਾਰ ਨੇ ਬਰੇਕਾਂ ਲਾਉਣ ਦੀ ਪੂਰੀ ਤਿਆਰੀ ਕਰ ਲਈ ਹੈ । ਕਰੀਬ 10 ਹਜ਼ਾਰ ਦੀ ਆਬਾਦੀ 'ਤੇ ਪੰਜਾਬ ਭਰ 'ਚ ਬਣਾਏ 2142 ਸੇਵਾ ਕੇਂਦਰਾਂ ਨੂੰ ਉਨ੍ਹਾਂ ਦੇ ਹੁਣ ਤੱਕ ਦੇ ਕੀਤੇ ਲੇਖੇ-ਜੋਖੇ ਤੋਂ ਬਾਅਦ ਸਰਕਾਰ ਨੇ ਪੰਜਾਬ ਭਰ 'ਚ ਸਿਰਫ 510 ਸੇਵਾ ਕੇਂਦਰਾਂ ਨੂੰ ਚਲਦਾ ਰੱਖਣ ਦਾ ਵੱਡਾ ਫੈਸਲਾ ਲਿਆ ਹੈ । ਸਰਕਾਰ ਦੇ ਇਸ ਫੈਸਲੇ ਨਾਲ 1600 ਸੇਵਾ ਕੇਂਦਰਾਂ ਦੇ ਵੱਡੀ ਗਿਣਤੀ 'ਚ ਮੁਲਾਜ਼ਮ ਬੇਰੋਜ਼ਗਾਰ ਹੋ ਜਾਣਗੇ । ਰੱਖੇ ਜਾਣ ਵਾਲੇ ਸੇਵਾ ਕੇਂਦਰਾਂ 'ਚ ਕੰਮ ਕਰ ਰਹੇ ਮੁਲਾਜ਼ਮਾਂ ਬਾਰੇ ਵੀ ਸਥਿਤੀ ਅਜੇ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਦੀਆਂ ਸੇਵਾਵਾਂ ਜਾਰੀ ਰਹਿਣਗੀਆਂ ਜਾਂ ਨਵੇਂ ਪ੍ਰਬੰਧਕ ਆਪਣੇ ਮੁਲਾਜ਼ਮ ਭਰਤੀ ਕਰਨਗੇ?
ਨਵੇਂ ਸਿਰੇ ਤੋਂ ਹੋਵੇਗਾ ਠੇਕਾ : ਮੌਜੂਦਾ ਕੰਪਨੀ ਜੋ 2142 ਸੇਵਾ ਕੇਂਦਰ ਚਲਾ ਰਹੀ ਹੈ, ਦਾ ਠੇਕਾ ਜੁਲਾਈ ਤੱਕ ਪੂਰਾ ਹੋਣ ਵਾਲਾ ਹੈ। ਇਸ ਲਈ ਸਰਕਾਰ ਨੇ ਇਨ੍ਹਾਂ ਸੇਵਾ ਕੇਂਦਰਾਂ ਨੂੰ ਅੱਗੇ ਵੀ ਠੇਕੇਦਾਰੀ ਸਿਸਟਮ ਅਧੀਨ ਹੀ ਚਲਾਉਣ ਦਾ ਮਨ ਬਣਾਇਆ ਹੈ। ਇਸ ਲਈ ਭਾਈਵਾਲਾਂ (ਠੇਕੇਦਾਰ ਕੰਪਨੀਆਂ) ਨੂੰ ਸੱਦਾ ਦਿੱਤਾ ਗਿਆ ਹੈ, ਜਿਨ੍ਹਾਂ ਨੇ ਇਨ੍ਹਾਂ ਕੇਂਦਰਾਂ ਦਾ ਸਾਰਾ ਪ੍ਰਬੰਧ, ਖਰਚਾ ਖੁਦ ਕਰਨਾ ਹੈ ਅਤੇ ਖੁਦ ਸੇਵਾ ਚਾਰਜ ਲੈ ਕੇ ਸਰਕਾਰੀ ਫੀਸ ਸਰਕਾਰ ਨੂੰ ਅਦਾ ਕਰਨੀ ਹੈ । ਇਕੱਤਰ ਜਾਣਕਾਰੀ ਅਨੁਸਾਰ ਇਹ ਠੇਕਾ 3 ਸਾਲ ਲਈ ਹੋਵੇਗਾ ਅਤੇ 25 ਕਰੋੜ ਦਾ ਟਰਨਓਵਰ ਹੋਵੇਗਾ । ਇਨ੍ਹਾਂ ਸੇਵਾ ਕੇਂਦਰਾਂ ਤੋਂ ਸਰਕਾਰੀ ਫੀਸ ਅਤੇ ਸੇਵਾ ਚਾਰਜ ਹੀ ਵਸੂਲ ਕੀਤੇ ਜਾਣਗੇ।
ਕਿਹੜੇ ਜ਼ਿਲੇ 'ਚ ਕਿੰਨੇ ਸੇਵਾ ਕੇਂਦਰ ਰਹਿ ਜਾਣਗੇ : 2142 ਸੇਵਾ ਕੇਂਦਰਾਂ ਨੂੰ ਬੰਦ ਕਰ ਕੇ 510 ਸੇਵਾ ਕੇਂਦਰਾਂ ਦੇ ਰਹਿ ਜਾਣ 'ਤੇ ਵਿਭਾਗ ਦੀ ਸਾਈਟ 'ਤੇ ਲੋਡ ਕੀਤੀ ਸੂਚੀ ਦੇ ਅਨੁਸਾਰ ਪੰਜਾਬ ਭਰ ਨੂੰ 3 ਜ਼ੋਨਾਂ 'ਚ ਵੰਡਿਆ ਗਿਆ ਹੈ । ਜ਼ੋਨ ਨੰਬਰ ਇਕ 'ਚ 8 ਜ਼ਿਲੇ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ 'ਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਕੁੱਲ 41 ਸੇਵਾ ਕੇਂਦਰ ਚਲਦੇ ਰਹਿਣਗੇ । ਗੁਰਦਾਸਪੁਰ ਵਿਚ 53, ਹੁਸ਼ਿਆਰਪੁਰ ਵਿਚ 19, ਜਲੰਧਰ ਵਿਚ 34, ਕਪੂਰਥਲਾ ਵਿਚ 20, ਪਠਾਨਕੋਟ ਵਿਚ 11, ਸ਼ਹੀਦ ਭਗਤ ਸਿੰਘ ਨਗਰ ਵਿਚ 14 ਅਤੇ ਤਰਨਤਾਰਨ 'ਚ 21 ਸੇਵਾ ਕੇਂਦਰ ਚੱਲਦੇ ਰਹਿ ਜਾਣਗੇ । ਜ਼ੋਨ ਨੰਬਰ 2 'ਚ ਬਰਨਾਲਾ ਵਿਚ 9, ਫਤਿਹਗੜ੍ਹ ਸਾਹਿਬ ਵਿਚ 14, ਲੁਧਿਆਣਾ 'ਚ 38, ਪਟਿਆਲਾ ਵਿਚ 40, ਰੂਪ ਨਗਰ ਵਿਚ 22, ਐੱਸ. ਏ. ਐੱਸ. ਨਗਰ ਵਿਚ 30 ਅਤੇ ਸੰਗਰੂਰ ਵਿਚ 17 ਸੇਵਾ ਕੇਂਦਰ ਚਲਦੇ ਰੱਖੇ ਜਾਣੇ ਹਨ । ਜ਼ੋਨ ਨੰਬਰ 3 'ਚੋਂ ਬਠਿੰਡਾ ਵਿਚ 32, ਫਰੀਦਕੋਟ ਵਿਚ 13, ਫਾਜ਼ਿਲਕਾ ਵਿਚ 18, ਫਿਰੋਜ਼ਪੁਰ ਵਿਚ 23, ਮਾਨਸਾ ਵਿਚ 13, ਮੋਗਾ ਵਿਚ 13 ਅਤੇ ਮੁਕਤਸਰ 'ਚ 15 ਸੇਵਾ ਕੇਂਦਰ ਚਲਦੇ ਰੱਖੇ ਜਾਣੇ ਹਨ । ਇਨ੍ਹਾਂ 510 ਸੇਵਾ ਕੇਂਦਰਾਂ 'ਚ ਟਾਈਪ 1 ਜਿਹੜੇ ਜ਼ਿਲਾ ਕੰਪਲੈਕਸ 'ਚ ਹਨ, 22 ਕੇਂਦਰ, ਟਾਈਪ 2 ਜਿਹੜੇ ਸ਼ਹਿਰਾਂ 'ਚ ਹਨ 239 ਅਤੇ ਟਾਈਪ 3 ਜਿਹੜੇ ਪਿੰਡਾਂ 'ਚ ਹਨ 249 ਸੇਵਾ ਕੇਂਦਰ ਰੱਖੇ ਗਏ ਹਨ। ਸੇਵਾਵਾਂ 'ਚ ਕੀਤਾ ਜਾਵੇਗਾ ਵਾਧਾ : ਨਵੇਂ ਠੇਕੇ ਉਪਰੰਤ ਸਰਕਾਰ ਸੇਵਾ ਕੇਂਦਰਾਂ 'ਤੇ ਪਹਿਲਾਂ ਤੋਂ ਚਲਦੀਆਂ ਕਰੀਬ 72 ਸੇਵਾਵਾਂ ਸਣੇ ਹੋਰ ਬਹੁਤ ਸਾਰੀਆਂ ਸੇਵਾਵਾਂ ਚਾਲੂ ਕਰਨ ਦੇ ਮੂਡ 'ਚ ਹੈ, ਜਿਸ ਨਾਲ ਇਹ ਸੇਵਾ ਕੇਂਦਰ ਲੋਕਾਂ ਲਈ ਹੋਰ ਵੀ ਲਾਭਦਾਇਕ ਸਿੱਧ ਹੋ ਜਾਣਗੇ।
ਵਿਦਿਆਰਥੀਆਂ 'ਚ ਕਿਸੇ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ
NEXT STORY