ਚੰਡੀਗੜ੍ਹ (ਰਮੇਸ਼ ਹਾਂਡਾ) : ਚੰਡੀਗੜ੍ਹ ਖ਼ਪਤਕਾਰ ਝਗੜਾ ਨਿਵਾਰਣ ਕਮਿਸ਼ਨ ਨੇ ਆਪਣੇ ਫ਼ੈਸਲੇ ਵਿਚ ਕਿਹਾ ਹੈ ਕਿ ਭਾਵੇਂ ਕਰਮਚਾਰੀ ਪ੍ਰੋਵੀਡੈਂਟ ਫੰਡ ਦੀ ਜਮ੍ਹਾਂ ਰਾਸ਼ੀ ਲੈ ਚੁੱਕਾ ਹੈ, ਫਿਰ ਵੀ ਉਹ ਨੌਕਰੀ ’ਚ ਰਹਿੰਦੇ ਹੋਏ ਸੋਧੀ ਹੋਈ ਪੈਨਸ਼ਨ ਦਾ ਹੱਕਦਾਰ ਹੈ। ਜਸਟਿਸ ਰਾਜਸ਼ੇਖਰ ਅੱਤਰੀ ਅਤੇ ਰਾਜੇਸ਼ ਕੇ ਆਰੀਆ ’ਤੇ ਆਧਾਰਿਤ ਬੈਂਚ ਨੇ ਕਿਹਾ ਕਿ ਪ੍ਰੋਵੀਡੈਂਟ ਫੰਡ ਦਫ਼ਤਰ ਪਟੀਸ਼ਨਰਾਂ ਨੂੰ ਉਲਝਾਉਂਦਾ ਰਿਹਾ ਅਤੇ ਟਾਲ-ਮਟੋਲ ਲਈ ਨਵੇਂ-ਨਵੇਂ ਹੱਥ-ਕੰਡੇ ਲੱਭਦਾ ਰਿਹਾ, ਜਦੋਂ ਕਿ ਮੁਲਾਜ਼ਮਾਂ ਨੂੰ ਸਮੇਂ ਸਿਰ ਉਨ੍ਹਾਂ ਦਾ ਹੱਕ ਮਿਲਣਾ ਚਾਹੀਦਾ ਸੀ। ਬੈਂਚ ਨੇ ਸਪੱਸ਼ਟ ਕੀਤਾ ਕਿ ਹੁਕਮਾਂ ਦੇ 45 ਦਿਨਾਂ ਦੇ ਅੰਦਰ ਤਿੰਨਾਂ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਰਿਵਾਈਜ਼ ਪੈਨਸ਼ਨ ਰਾਸ਼ੀ ਜੋ ਵੀ ਹੁਣ ਤੱਕ ਬਣਦੀ ਹੈ, 9 ਫ਼ੀਸਦੀ ਵਿਆਜ ਸਮੇਤ ਉਨ੍ਹਾਂ ਨੂੰ ਦਿੱਤੀ ਜਾਵੇ। ਅਦਾਲਤ ਨੇ ਕਿਹਾ ਕਿ ਜੇਕਰ ਪਟੀਸ਼ਨ ਕਰਤਾਵਾਂ ਨੂੰ ਨਿਰਧਾਰਿਤ ਸਮੇਂ ਦੇ ਅੰਦਰ ਰਕਮ ਨਹੀਂ ਦਿੱਤੀ ਗਈ ਤਾਂ ਪ੍ਰੋਵੀਡੈਂਟ ਫੰਡ ਕਮਿਸ਼ਨਰ ਇਸ ਦਾ ਜ਼ਿੰਮੇਵਾਰ ਹੋਵੇਗਾ, ਜਿਸ ਦੀ ਤਨਖ਼ਾਹ ਤੋਂ 12 ਫ਼ੀਸਦੀ ਵਿਆਜ ਵਸੂਲਿਆ ਜਾਵੇਗਾ। ਅਦਾਲਤ ਨੇ ਹੁਕਮਾਂ ’ਚ ਕਿਹਾ ਕਿ ਪਟੀਸ਼ਨਰਾਂ ਨੇ ਆਪਣੇ ਹੱਕਾਂ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ, ਜਿਸ ਦੌਰਾਨ ਉਨ੍ਹਾਂ ਨੂੰ ਮਾਨਸਿਕ ਤਸ਼ੱਦਦ ਵੀ ਝੱਲਣੀ ਪਈ, ਜਿਸ ਦੇ ਬਦਲੇ ’ਚ ਤਿੰਨਾਂ ਨੂੰ ਪ੍ਰਤੀਵਾਦੀ 50-50 ਹਜ਼ਾਰ ਰੁਪਏ ਮੁਆਵਜ਼ਾ ਦੇਣਗੇ ਅਤੇ ਕਾਨੂੰਨੀ ਖ਼ਰਚ ਦੇ ਬਦਲੇ ’ਚ ਤਿੰਨਾਂ ਨੂੰ 35-35 ਹਜ਼ਾਰ ਰੁਪਏ ਵੱਖਰੇ ਤੋਂ ਪ੍ਰੋਵੀਡੈਂਟ ਫੰਡ ਸੰਗਠਨ ਨੂੰ ਦੇਣਾ ਪਵੇਗਾ।
30 ਸਾਲਾਂ ਤੱਕ ਕੰਮ ਕੀਤਾ ਅਤੇ ਪ੍ਰੋਵੀਡੈਂਟ ਫੰਡ ਕਟਵਾਉਂਦੇ ਰਹੇ
ਖ਼ਪਤਕਾਰ ਕਮਿਸ਼ਨ ਨੇ ਉਪਰੋਕਤ ਹੁਕਮ ਪੰਜਾਬ ਸਟੇਟ ਕੋ-ਆਪਰੇਟਿਵ ਫੈਡਰੇਸ਼ਨ ਸ਼ੂਗਰ ਮਿੱਲਜ਼ ਲਿਮਟਿਡ ਵਿਚ ਕੰਮ ਕਰਦੇ ਕ੍ਰਿਸ਼ਨ ਮੁਰਾਰੀ, ਹਰਦੀਪ ਸਿੰਘ ਅਤੇ ਦੀਪਕ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਦਿੱਤੇ ਹਨ। ਤਿੰਨ੍ਹਾਂ ਨੇ ਸ਼ੂਗਰ ਮਿੱਲ ਲਿਮਟਿਡ ਵਿਚ 30 ਸਾਲਾਂ ਤੱਕ ਕੰਮ ਕੀਤਾ ਅਤੇ ਪ੍ਰੋਵੀਡੈਂਟ ਫੰਡ ਕਟਵਾਉਂਦੇ ਰਹੇ, ਜਿਨ੍ਹਾਂ ਨੇ ਪ੍ਰੋਵੀਡੈਂਟ ਫੰਡ ਪੈਨਸ਼ਨ ਸਕੀਮ ਲਈ ਹੋਈ ਸੀ। 22 ਅਗਸਤ, 2014 ਨੂੰ ਸਰਕਾਰ ਨੇ ਪੈਨਸ਼ਨ ਰਾਸ਼ੀ 6500 ਰੁਪਏ ਤੋਂ ਵਧਾ ਕੇ 15000 ਰੁਪਏ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਹੀ ਪਟੀਸ਼ਨਰ ਹਾਇਰ ਪੈਨਸ਼ਨ ਦੀ ਮੰਗ ਨੂੰ ਲੈ ਕੇ ਲਗਾਤਾਰ ਪੱਤਰ ਵਿਹਾਰ ਕਰਦੇ ਰਹੇ ਪਰ ਪ੍ਰੋਵੀਡੈਂਟ ਫੰਡ ਸੰਗਠਨ ਉਨ੍ਹਾਂ ਨੂੰ ਟਾਲਦਾ ਰਿਹਾ।
ਸੰਗਠਨ ਨੇ ਇਹ ਕਹਿੰਦੇ ਹੋਏ ਤਿੰਨ੍ਹਾਂ ਦੀਆਂ ਹਾਇਰ ਪੈਨਸ਼ਨ ਦੀਆਂ ਅਰਜ਼ੀਆਂ ਨੂੰ ਇਸ ਆਧਾਰ ’ਤੇ ਰੱਦ ਕਰ ਦਿੱਤਾ ਕਿ ਉਨ੍ਹਾਂ ਨੇ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਹਾਇਰ ਪੈਨਸ਼ਨ ਲਈ ਅਰਜ਼ੀ ਨਹੀਂ ਦਿੱਤੀ ਸੀ, ਜਦੋਂ ਕਿ ਅਦਾਲਤ ਨੇ ਪਾਇਆ ਕਿ ਤਿੰਨੇ ਕਰਮਚਾਰੀ 2017 ਤੋਂ ਹੀ ਵਧੀ ਹੋਈ ਪੈਨਸ਼ਨ ਦੀ ਮੰਗ ਕਰ ਰਹੇ ਸਨ ਪਰ ਪ੍ਰੋਵੀਡੈਂਟ ਫੰਡ ਸੰਗਠਨ ਉਨ੍ਹਾਂ ਨੂੰ ਟਾਲਦਾ ਰਿਹਾ ਸੀ। ਪ੍ਰਤੀਵਾਦੀ ਕੋ-ਆਪਰੇਟਿਵ ਸ਼ੂਗਰ ਮਿੱਲ ਨੂੰ ਉਕਤ ਮਾਮਲੇ ਤੋਂ ਬਾਹਰ ਕਰ ਦਿੱਤਾ ਗਿਆ ਕਿਉਂਕਿ ਉਨ੍ਹਾਂ ਵੱਲੋਂ ਕੋਈ ਖ਼ਾਮੀ ਨਹੀਂ ਪਾਈ ਗਈ।
ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਖ਼ਤਰੇ ਦੀ ਘੰਟੀ, ਸਾਵਧਾਨ ਰਹਿਣ ਲੋਕ
NEXT STORY