ਹੁਸ਼ਿਆਰਪੁਰ, (ਘੁੰਮਣ)- ਜਿਉਂ-ਜਿਉਂ ਸਰਕਾਰ ਵੱਲੋਂ ਲਾਕਡਾਊਨ ਦੀਆਂ ਪਾਬੰਦੀਆਂ ਵਿਚ ਛੋਟ ਦਿੱਤੀ ਜਾ ਰਹੀ ਹੈ, ਤਿਉਂ-ਤਿਉਂ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਗਰਾਫ਼ ਅਸਮਾਨ ਨੂੰ ਛੂਹ ਰਿਹਾ ਹੈ। ਜ਼ਿਲੇ ਵਿਚ ਅੱਜ 1616 ਸੈਂਪਲਾਂ ਦੀ ਰਿਪੋਰਟ ’ਚ ਪਾਏ ਗਏ 138 ਨਵੇਂ ਕੇਸਾਂ ਵਿਚ 76 ਪਾਜ਼ੇਟਿਵ ਮਰੀਜ਼ ਹੁਸ਼ਿਆਰਪੁਰ ਦੇ ਸ਼ਹਿਰੀ ਖੇਤਰ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਦਸੂਹਾ ਤੋਂ 10, ਚੱਕੋਵਾਲ ਤੇ ਹਾਰਟਾ ਬਡਲਾ ਤੋਂ 9-9, ਭੂੰਗਾ ਅਤੇ ਪੋਸੀ ਤੋਂ 6-6, ਮੁਕੇਰੀਆਂ ਤੇ ਟਾਂਡਾ ਤੋਂ 5-5, ਪਾਲਦੀ ਤੋਂ 4, ਹਾਜੀਪੁਰ, ਬੁੱਢਾਬਡ਼, ਮੰਡੇ ਮੰਡੇਰ ਅਤੇ ਗਡ਼੍ਹਸ਼ੰਕਰ ਤੋਂ 2-2 ਮਰੀਜ਼ ਸ਼ਾਮਲ ਹਨ। ਇਸਦੇ ਨਾਲ ਹੀ ਜ਼ਿਲੇ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 2476 ਹੋ ਗਈ ਹੈ। ਸ਼ਹਿਰ ਵਿਚ ਅੱਜ 2 ਵਿਅਕਤੀਆਂ ਦੀ ਮੌਤ ਹੋ ਗਈ। ਇਨ੍ਹਾਂ ਵਿਚ 68 ਸਾਲ ਦੀ ਔਰਤ ਵਾਸੀ ਗੋਕਲ ਨਗਰ ਅਤੇ 66 ਸਾਲ ਦੀ ਇਕ ਹੋਰ ਔਰਤ ਨਿਵਾਸੀ ਗੁਰੂ ਨਾਨਕ ਐਵੇਨਿਊ, ਜੋ ਕਿ ਜਲੰਧਰ ’ਚ ਜ਼ੇਰੇ ਇਲਾਜ ਸਨ, ਦੀ ਮੌਤ ਤੋਂ ਬਾਅਦ ਹੁਣ ਜ਼ਿਲੇ ’ਚ ਮ੍ਰਿਤਕਾਂ ਦੀ ਕੱੁਲ ਗਿਣਤੀ 72 ਤੱਕ ਪਹੁੰਚ ਗਈ ਹੈ।
ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਅੱਜ 1706 ਨਵੇਂ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ। ਜ਼ਿਲੇ ਵਿਚ ਹੁਣ ਤੱਕ ਲਏ ਗਏ 72,248 ਸੈਂਪਲਾਂ ਵਿਚੋਂ 67,934 ਦੀ ਰਿਪੋਰਟ ਨੈਗੇਟਿਵ ਆਈ ਹੈ, 2099 ਸੈਂਪਲਾਂ ਦੀ ਰਿਪੋਰਟ ਦਾ ਅਜੇ ਇੰਤਜ਼ਾਰ ਹੈ ਅਤੇ 1613 ਮਰੀਜ਼ ਰਿਕਵਰ ਕਰ ਚੁੱਕੇ ਹਨ। ਜਦਕਿ ਐਕਟਿਵ ਕੇਸਾਂ ਦੀ ਗਿਣਤੀ 791 ਹੋ ਗਈ ਹੈ।
ਸਾਵਧਾਨੀ ਨਾ ਵਰਤੀ ਤਾਂ ਭੁਗਤਣੇ ਪੈਣਗੇ ਗੰਭੀਰ ਨਤੀਜੇ : ਡਾ. ਬੱਗਾ
ਸੇਵਾ ਮੁਕਤ ਸਿਵਲ ਸਰਜਨ ਤੇ ਪ੍ਰਮੁੱਖ ਸਮਾਜ ਸੇਵਕ ਡਾ. ਅਜੈ ਬੱਗਾ ਦਾ ਕਹਿਣਾ ਹੈ ਕਿ ਭਾਵੇਂ ਸਰਕਾਰ ਵੱਲੋਂ ਲਾਕਡਾਊਨ ਦੀਆਂ ਪਾਬੰਦੀਆਂ ਵਿਚ ਛੋਟ ਦਿੱਤੀ ਜਾ ਰਹੀ ਹੈ, ਪ੍ਰੰਤੂ ਇਸਦੇ ਬਾਵਜੂਦ ਹਰ ਵਿਅਕਤੀ ਨੂੰ ਸਾਵਧਾਨੀ ਵਰਤਣ ਦੀ ਲੋਡ਼ ਹੈ। ਉਨ੍ਹਾਂ ਨੇ ਕਿਹਾ ਕਿ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਬਾਜ਼ਾਰਾਂ ਅਤੇ ਭੀਡ਼-ਭਡ਼ੱਕੇ ਵਾਲੇ ਖੇਤਰਾਂ ਵਿਚ ਜਾਣ ਤੋਂ ਪ੍ਰਹੇਜ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਅਕਸਰ ਦੇਖਣ ਵਿਚ ਆ ਰਿਹਾ ਹੈ ਕਿ ਸਮਾਜਿਕ ਅਤੇ ਰਾਜਨੀਤਕ ਪ੍ਰੋਗਰਾਮਾਂ ਵਿਚ ਸਮਾਜਿਕ ਦੂਰੀ ਨੂੰ ਨਜ਼ਰ-ਅੰਦਾਜ਼ ਕੀਤਾ ਜਾ ਰਿਹਾ ਹੈ ਅਤੇ ਅਕਸਰ ਲੋਕ ਬਿਨਾਂ ਮਾਸਕ ਵੀ ਦੇਖੇ ਜਾ ਸਕਦੇ ਹਨ, ਜੋ ਕਿ ਹਰਗਿਜ਼ ਠੀਕ ਨਹੀਂ। ਅਜਿਹੀਆਂ ਗਲਤੀਆਂ ਹੀ ਕੋਰੋਨਾ ਦੇ ਕਹਿਰ ਨੂੰ ਵਧਾ ਰਹੀਆਂ ਹਨ। ਜੇਕਰ ਹੁਣ ਵੀ ਸਾਵਧਾਨੀ ਨਾ ਵਰਤੀ ਗਈ ਤਾਂ ਸਾਨੂੰ ਇਸਦੇ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਪਵੇਗਾ। ਡਾ. ਬੱਗਾ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਕਿਸੇ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਵੀ ਆ ਜਾਵੇ ਤਾਂ ਉਸਨੂੰ ਨਫ਼ਰਤ ਦੀ ਨਜ਼ਰ ਨਾਲ ਨਾ ਦੇਖਿਆ ਜਾਵੇ, ਸਗੋਂ ਹਮਦਰਦੀ ਕਰਦੇ ਹੋਏ ਕੋਰੋਨਾ ’ਤੇ ਫਤਿਹ ਪਾਉਣ ਲਈ ਉਸਦਾ ਹੌਸਲਾ ਬੁਲੰਦ ਕੀਤਾ ਜਾਵੇ।
ਪੰਜਾਬ 'ਚ ਵੀਰਵਾਰ ਨੂੰ ਫਿਰ ਵੱਡੀ ਗਿਣਤੀ 'ਚ ਸਾਹਮਣੇ ਆਏ ਕੋਰੋਨਾ ਦੇ ਮਾਮਲੇ, 88 ਮਰੀਜ਼ਾਂ ਦੀ ਹੋਈ ਮੌਤ
NEXT STORY