ਕਪੂਰਥਲਾ,(ਮਹਾਜਨ)- ਕਪੂਰਥਲਾ ਵਾਸੀਆਂ ਨੇ ਕੁਝ ਦਿਨ ਪਹਿਲਾਂ ਜ਼ਿਲੇ 'ਚ ਜੀਰੋ ਕੋਰੋਨਾ ਪਾਜ਼ੇਟਿਵ ਕੇਸ ਕਾਰਨ ਰਾਹਤ ਦਾ ਸਾਹ ਲਿਆ ਸੀ। ਹੁਣ ਫਿਰ ਤੋਂ ਕੋਰੋਨਾ ਮਹਾਮਾਰੀ ਨੇ ਇਸਨੂੰ ਆਪਣੀ ਲਪੇਟ 'ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਐਤਵਾਰ ਨੂੰ ਜ਼ਿਲ੍ਹਾ ਕਪੂਰਥਲਾ 'ਚ ਤਿੰਨ ਨਵੇਂ ਕੋਰੋਨਾ ਪਾਜ਼ੇਟਿਵ ਕੇਸ ਆਉਣ ਨਾਲ ਲੋਕਾ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਕਪੂਰਥਲਾ ਦੇ ਮੁਹੱਲਾ ਨਰੋਤਮ ਵਿਹਾਰ 'ਚ ਇੱਕ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਨਾਲ ਲੱਗਦੇ ਇਲਾਕਾ ਨਿਵਾਸੀ ਡਰੇ ਤੇ ਸਹਿਮੇ ਹੋਏ ਹਨ ਕਿਉਂਕਿ ਇਸ ਤੋਂ ਪਹਿਲਾਂ ਵੀ ਇੱਕ ਕੋਰੋਨਾ ਪਾਜ਼ੇਟਿਵ ਇਸੇ ਏਰੀਆ ਦਾ ਹੀ ਸੀ। ਐਤਵਾਰ ਨੂੰ ਇਸ ਖੇਤਰ 'ਚ ਕੇਸ ਪਾਜ਼ੇਟਿਵ ਆਉਣ ਤੋਂ ਬਾਅਦ ਲੋਕਾਂ 'ਚ ਕਈ ਤਰ੍ਹਾਂ ਦੀ ਚਰਚਾਵਾਂ ਹੋ ਰਹੀਆਂ ਹਨ ਤੇ ਸਭ ਇਸੇ ਡਰ ਦੇ ਮਾਹੌਲ 'ਚ ਹਨ ਕਿ ਉਨ੍ਹਾਂ ਦਾ ਕੋਈ ਜਾਨਕਾਰ ਸਖਸ਼ ਕੋਰੋਨਾ ਪਾਜ਼ੇਟਿਵ ਵਿਅਕਤੀ ਦੇ ਸੰਪਰਕ 'ਚ ਕਿਸੇ ਢੰਗ ਨਾਲ ਨਾ ਆਇਆ ਹੋਵੇ।
ਦੂਜਾ ਪਾਜ਼ੇਟਿਵ ਇੱਕ ਹਵਾਲਾਤੀ ਜੋ ਥਾਣਾ ਸੁਭਾਨਪੁਰ 'ਚ ਦਰਜ ਧੋਖਾਧੜੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ, ਜੋ ਬੁਖਾਰ ਦੀ ਸ਼ਿਕਾਇਤ ਲੈ ਕੇ ਸਿਵਲ ਹਸਪਤਾਲ ਕਪੂਰਥਲਾ ਪਹੁੰਚਿਆ ਸੀ। ਉਕਤ ਹਵਾਲਾਤੀ ਕਰਤਾਰਪੁਰ ਦਾ ਰਹਿਣ ਵਾਲਾ ਹੈ। ਹਵਾਲਾਤੀ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਥਾਣਾ ਸੁਭਾਨਪੁਰ ਦੀ ਪੁਲਸ 'ਚ ਵੀ ਦਹਿਸ਼ਤ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸਿਹਤ ਵਿਭਾਗ ਵੱਲੋਂ ਥਾਣੇ ਦੇ ਕਰਮਚਾਰੀਆਂ ਤੇ ਥਾਣਾ ਮੁਖੀ ਸਮੇਤ ਉੱਚ ਅਧਿਕਾਰੀਆਂ ਜੋ ਕਿ ਹਵਾਲਾਤੀ ਦੇ ਸੰਪਰਕ 'ਚ ਆਏ ਤੇ ਉਸਦੇ ਨਾਲ ਹਵਾਲਾਤ 'ਚ ਬੰਦ ਬਾਕੀ ਹਵਾਲਾਤੀਆਂ ਨੂੰ ਵੀ ਕੋਰੋਨਾ ਜਾਂਚ ਦੇ ਘੇਰੇ 'ਚ ਲਿਆਂਦਾ ਜਾਵੇਗਾ।
ਤੀਜਾ ਕੋਰੋਨਾ ਪਾਜ਼ੇਟਿਵ ਪਿੰਡ ਫੱਤੂਢੀਂਗਾ ਵਾਸੀ ਧਾਲੀਵਾਲ ਬੇਟ ਦਾ 36 ਸਾਲਾ ਵਿਅਕਤੀ ਹੈ, ਜੋ ਪਿਛਲੀ ਦਿਨੀ 9 ਜੂਨ ਨੂੰ ਪੂਣੇ (ਮਹਾਰਾਸ਼ਟਰ) ਤੋਂ ਵਾਪਸ ਆਇਆ ਸੀ। ਤਿੰਨੋਂ ਕੋਰੋਨਾ ਮਰੀਜਾਂ ਨੂੰ ਕਪੂਰਥਲਾ ਸਥਿਤ ਆਈਸੋਲੇਸ਼ਨ ਸੈਂਟਰ 'ਚ ਭਰਤੀ ਕੀਤਾ ਗਿਆ ਹੈ। ਕੋਰੋਨਾ ਪਾਜ਼ੇਟਿਵ ਮਰੀਜ ਦਾ ਪਤਾ ਲੱਗਣ ਤੇ ਨਰੋਤਮ ਵਿਹਾਰ 'ਚ ਪੁਲਸ ਟੀਮ ਮੌਕੇ 'ਤੇ ਪੁੱਜੀ।
ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ 72 ਦਿਨ ਬੀਤ ਜਾਣ ਤੋਂ ਬਾਅਦ ਵੀ ਲਾਕਡਾਊਨ ਦੌਰਾਨ ਕੋਰੋਨਾ ਸੈਂਪਲਾਂ ਦੀ ਗਿਣਤੀ 'ਚ ਇਜਾਫਾ ਹੋ ਰਿਹਾ ਹੈ ਤੇ ਇਸਦੇ ਤਹਿਤ ਲਾਕਡਾਊਨ ਦੇ ਦੌਰਾਨ ਲਏ ਗਏ ਸੈਂਪਲਾਂ ਦੀ ਕੁੱਲ ਗਿਣਤੀ 5936 ਹੋ ਗਈ ਹੈ। ਜਿਸ 'ਚ 4830 ਨੈਗਟਿਵ, ਪਾਜ਼ੇਟਿਵ 45 ਚੱਲ ਰਹੇ ਹਨ। ਜਿਨ੍ਹਾਂ 'ਚ 5 ਕੋਰੋਨਾ ਪੀੜਤਾਂ ਦਾ ਇਲਾਜ ਸਥਾਨਕ ਆਈਸੋਲੇਸ਼ਨ ਵਾਰਡ 'ਚ ਚੱਲ ਰਿਹਾ ਹੈ, ਉੱਥੇ ਹੀ 3 ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ 37 ਕੋਰੋਨਾ ਮਰੀਜ ਠੀਕ ਹੋ ਕੇ ਆਪਣੇ ਘਰ ਵਾਪਸ ਜਾ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ 168 ਸੈਂਪਲ ਲਏ ਗਏ ਹਨ, ਜਿਸ 'ਚ ਮਾਡਰਨ ਜੇਲ੍ਹ 'ਚ 2 ਕੈਦੀਆਂ ਦੇ ਸੈਂਪਲ ਲਏ ਗਏ, ਉੱਥੇ ਹੀ ਇਨ੍ਹਾਂ ਸੈਂਪਲਾਂ ਚ 13 ਪੁਲਸ ਕਰਮਚਾਰੀਆਂ ਦੇ ਸੈਂਪਲ ਵੀ ਸ਼ਾਮਲ ਹੈ, ਇਨ੍ਹਾਂ ਤੋਂ ਇਲਾਵਾ ਹੋਰ ਸੈਂਪਲ ਖਾਂਸੀ, ਜੁਕਾਮ, ਦਮਾ, ਟੀ.ਬੀ, ਗਰਭਵਤੀ ਮਹਿਲਾਵਾਂ ਦੇ ਸੈਂਪਲ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਰਿਪੋਰਟ ਸੋਮਵਾਰ ਤੱਕ ਆਉਣ ਦੀ ਸੰਭਾਵਨਾ ਹੈ। ਐਤਵਾਰ ਤੱਕ ਪੈਂਡਿੰਗ ਸੈਂਪਲਾ ਦੀ ਗਿਣਤੀ 413 ਤੱਕ ਪਹੁੰਚ ਗਈ ਹੈ, ਅੱਜ ਆਏ 247 ਸੈਂਪਲਾਂ ਦੀ ਰਿਪੋਰਟ 'ਚ 244 ਨੈਗਟਿਵ, 3 ਪਾਜੀਟਿਵ ਮਰੀਜ ਪਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ 168 ਸੈਂਪਲ ਲਏ ਗਏ ਹਨ, ਜਿਨ੍ਹਾਂ ਚੋਂ ਕਪੂਰਥਲਾ ਤੋਂ 35, ਭੁਲੱਥ ਤੋਂ 7, ਸੁਲਤਾਨਪੁਰ ਲੋਧੀ ਤੋਂ 20, ਕਾਲਾ ਸੰਘਿਆ ਤੋਂ 30, ਪਾਂਛਟਾਂ ਤੋਂ 22, ਟਿੱਬਾ ਤੋਂ 34, ਫੱਤੂਢੀਂਗਾ ਤੋਂ 20 ਸੈਂਪਲ ਲਏ ਗਏ ਹਨ। ਉਨ੍ਹਾਂ ਜ਼ਿਲ੍ਹਾ ਕਪੂਰਥਲਾ ਵਾਸੀਆਂ ਨੂੰ ਮਾਸਕ ਪਹਿਨਣ ਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨ ਦੀ ਅਪੀਲ ਕੀਤੀ।
ਸੰਗਰੂਰ 'ਚ ਕੋਰੋਨਾ 'ਬਲਾਸਟ', ਇਕੋ ਦਿਨ 'ਚ 17 ਮਾਮਲੇ ਆਏ ਸਾਹਮਣੇ
NEXT STORY