ਜੇਕਰ ਮੈਂ ਕੱਲ ਰਾਤ ਮਿਤੀ 3 ਅਪ੍ਰੈਲ ਦਿਨ ਸ਼ੁੱਕਰਵਾਰ ਦੀ ਗੱਲ ਕਰਾਂ ਤਾਂ ਮੈਨੂੰ ਅਤੇ ਮੇਰੇ ਘਰਵਾਲੀ ਨੂੰ ਰਾਤ ਦੇ 11 ਵਜੇ ਤੱਕ ਕਈ ਫ਼ੋਨ ਆਏ ਕੀ ਅੱਜ ਚੰਦ ਪੁੱਠਾ ਚੜ੍ਹਿਆ ਹੋਇਆ ਹੈ। ਉਸਨੂੰ ਅਰਗ ਦਿਉ ,ਦੀਵਾ ਜਗਾਉ, ਧਰਤੀ ’ਤੇ ਬਹੁਤ ਭਾਰ ਹੈ, ਮੈਂ ਜਦੋਂ ਉਨ੍ਹਾਂ ਦੇ ਫ਼ੋਨ ਸੁਣਨ ਤੋਂ ਬਾਅਦ ਬਾਹਰ ਜਾਕੇ ਵੇਖਿਆ ਤਾਂ ਚੰਦ ਉਪਰੋਂ ਅੱਧਾ ਸੀ ਤੇ ਥੱਲੇ ਤੋਂ ਪੂਰਾ ਸੀ,ਜਾਂ ਕਹਿ ਸਕਦੇ ਹਾਂ ਚੰਦ ਉਪਰੋਂ ਬੱਦਲੀ ਥੱਲੇ ਆ ਗਿਆ ਤੇ ਹੇਠਲੇ ਪਾਸੇ ਤੋਂ ਨਹੀਂ ਆਇਆ, ਪਰ ਲੋਕਾਂ ਨੇ ਉਸ ਰਾਤ ਲਈ ਚੰਦ ਨੂੰ ਪੁੱਠਾ ਸਿੱਧ ਕਰ ਦਿੱਤਾ ਤੇ ਧਰਤੀ ’ਤੇ ਭਾਰ ਹੈ ਵਾਲੀ ਗੱਲ ਵੀ ਮੰਨਕੇ ਬੈਠ ਗਏ। ਪਰ ਮੈਂ ਇਹ ਸਾਰੀਆਂ ਗੱਲਾਂ ਦਾ ਖੰਡਨ ਕਰਦਾ ਹੋਇਆ ਇਸ ਗੱਲ ’ਤੇ ਵੀ ਸਹਿਮਤੀ ਪ੍ਰਗਟ ਕਰਦਾ ਹਾਂ ਕੀ ਧਰਤੀ ’ਤੇ ਭਾਰ ਤਾਂ ਜ਼ਰੂਰ ਹੈ, ਜਨਸੰਖਿਆ ਦਾ ਭਾਰ ਹੈ, ਸਾਡੇ ਲਾਲਚੀ ਅਤੇ ਵਾਸੀਪੁਣੇ ਦਾ ਭਾਰ ਹੈ। ਇਨਸਾਨ ਨੂੰ ਇਨਸਾਨ ਮਾਰ ਰਿਹਾ, ਉਹਦਾ ਭਾਰ ਹੈ, ਜੰਮਣ ਤੋਂ ਪਹਿਲਾਂ ਹੀ ਅਸੀਂ ਧੀਆਂ ਦੀ ਬਲ਼ੀ ਦੇ ਰਹੇ ਹਾਂ, ਉਨ੍ਹਾਂ ਦਾ ਭਾਰ ਹੈ, ਬਹੁਤ ਬਿਨਾਂ ਹੀ ਕਸੂਰੋਂ ਦਾਜ ਦੀ ਬਲ਼ੀ ਚੜਾ ਦਿੱਤੀਆਂ ਜਾਂਦੀਆਂ ਹਨ, ਉਨ੍ਹਾਂ ਦਾ ਭਾਰ ਹੈ।
ਅਸੀਂ ਕੁਦਰਤ ਤੋਂ ਅੱਗੇ ਜਾਣ ਦੀ ਕੋਸ਼ਿਸ਼ ਕੀਤੀ, ਉਸ ਗੱਲ ਦਾ ਭਾਰ ਹੈ, ਜੋ ਅਸੀਂ ਕੀ ਸਾਰੀ ਦੁਨੀਆਂ ਇਸ ਗੱਲ ਦਾ ਸੰਤਾਪ ਹੰਢਾ ਰਹੀ ਹੈ ਕੀ ਅੱਜ ਅਸੀਂ ਇਕ ਵਾਇਰਸ ਕੋਰੋਨਾ ਨਾਲ ਪੂਰਾ ਵਿਸ਼ਵ ਦੁੱਖ ਭੋਗ ਰਿਹਾ ਹੈ। ਨਾਲ ਹੀ ਇਹ ਵੀ ਗੱਲ ਮੰਨਣੀ ਪਏਗੀ ਕੀ ਕਿਤੇ ਨਾ ਕਿਤੇ ਇਨਸਾਨ ਦੀ ਵੀ ਗ਼ਲਤੀ ਹੈ, ਜਿਸ ਕਰਕੇ ਇਹ ਕੁਦਰਤ ਰਾਣੀ ਆਪਣੇ ਇਨਸਾਨਾਂ ਨਾਲ ਨਾਰਾਜ਼ਗੀ ਪ੍ਰਗਟ ਕਰ ਰਹੀ ਹੈ। ਵੇਖੋ ਪਿਆਰੇ ਦੋਸਤੋਂ ਗ਼ਲਤੀ ਤਾਂ ਸਾਡੇ ਹੀ ਇਨਸਾਨਾਂ ਦੀ ਹੈ, ਕੀ ਅਸੀਂ ਅੱਜ ਜੋ ਇਹ ਮਹਾਮਾਰੀ ਵਾਲਾ ਦੁੱਖ ਭੋਗ ਰਹੇ ਹਾਂ, ਇਹ ਸਭ ਕੁਦਰਤ ਤੋਂ ਅੱਗੇ ਜਾਣ ਦਾ ਹੀ ਨਤੀਜਾ ਹੈ, ਅਸੀਂ ਕੁਦਰਤ ਨੂੰ ਸਮਝਣ ਦੀ ਵਜਾਏ ਉਸ ਨਾਲ ਛੇੜਛਾੜ ਕਰਨ ਗੱਲ ਪਏ, ਉਸਦਾ ਅੰਦਰੋਂ ਢਿੱਡ ਫਰੋਲਣ ਲੱਗ ਪਏ, ਅਸੀਂ ਕੁਦਰਤ ਦੀ ਰਜ਼ਾ ਵਿਚ ਰਹਿਣ ਦੀ ਵਜਾਏ ਉਸਨੂੰ ਆਪਣੇ ਅਨੁਸਾਰ ਚੱਲਣ ਲਈ ਸ਼ਾਇਦ ਪ੍ਰੇਰਿਤ ਕਰ ਰਹੇ ਹਾਂ, ਤੇ ਨਤੀਜ਼ੇ ਆਪ ਸਭ ਦੇ ਸਾਹਮਣੇ ਹੀ ਹਨ। ਹੁਣ ਅਸੀਂ ਕੁਦਰਤ ਨੂੰ ਮਨਾਉਣ ਦਾ ਯਤਨ ਕਰ ਰਹੇ ਹਾਂ ਜਾਂ ਆਪਣੇ ਹੀ ਔਗੁਣ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਵੇਂ ਕੀ ਪਹਿਲਾ ਥਾਲੀਆ ਅਤੇ ਸ਼ੰਕ, ਤਾਲੀਆ ਵਜਾਕੇ ਤੇ ਹੁਣ ਅੱਗੇ 5 ਅਪ੍ਰੈਲ ਨੂੰ ਸਾਰੇ ਆਪਣੇ ਆਪਣੇ ਘਰਾਂ ਵਿੱਚ ਦੀਵੇ ਜਾਂ ਮੋਮਬੱਤੀਆਂ ਜਗਾਕੇ ਅਸੀਂ ਆਪਣੀ ਮੂਰਖਤਾ ਦਾ ਪ੍ਰਤੀਕ ਦੇਵਾਂਗੇ।
ਉਹ ਵੀ ਸਾਡੇ ਪ੍ਰਧਾਨ ਮੰਤਰੀ ਜੀ ਦੇ ਕਹਿਣ ਉੱਤੇ ਜਿਵੇਂ ਉਹ ਕਹਿਣਗੇ ਅਸੀਂ ਤੁਸੀਂ ਉਹਵੇਂ ਹੀ ਕਰਦੇ ਜਾਵਾਂਗੇ ਸ਼ਾਇਦ ਕਰ ਵੀ ਰਹੇ ਹਾਂ, ਕਿਉਂਕਿ ਜੋ ਸ਼ਰਧਾ ਅਤੇ ਪਾਗਲਪਣ ਹੁੰਦਾ ਹੈ, ਉੱਥੇ ਇਨਸਾਨਾਂ ਦੀ ਸਮਝਣ ਸ਼ਕਤੀ ਕੰਮ ਕਰਨਾ ਬੰਦ ਕਰ ਦਿੰਦੀ ਹੈ। ਜਿਸਦਾ ਸਬੂਤ ਆਪ ਸਭ ਦੇ ਸਾਹਮਣੇ ਹੀ ਹੈ। ਪ੍ਰਧਾਨ ਮੰਤਰੀ ਜੀ ਆਖ਼ਰ ਸਿੱਧ ਕੀ ਕਰਨਾ ਚਾਹੁੰਦੇ ਹਨ, ਕੀ ਵਾਇਰਸ ਕੋਈ ਮੱਖੀ-ਮੱਛਰ ਹੈ ਜੋ ਸ਼ੋਰ ਸ਼ਰਾਬੇ ਜਾਂ ਚਾਨਣ ਜਾਂ ਧੂੰਏ ਨਾਲ਼ ਭੱਜ ਜਾਵੇਗਾ। ਦੋ ਗੱਲਾਂ ਤਾਂ ਜਰੂਰ ਨੇ ਜੋ ਸਾਨੂੰ ਗੰਭੀਰਤਾ ਨਾਲ ਸੋਚਣੀਆਂ ਪੈਣਗੀਆਂ ਕੀ ਜਾਂ ਤਾਂ ਅਸੀਂ ਸਾਰੇ ਮੂਰਖ ਹਾਂ ਜਾਂ ਸਾਨੂੰ ਮੂਰਖ ਬਣਾਇਆ ਜਾ ਰਿਹਾ ਹੈ, ਜਾਂ ਕਹਿ ਸਕਦੇ ਹਾਂ ਕੀ ਸਾਡੀ ਸਭ ਦੀ ਅੱਜ ਦੀ ਮਾਨਸਿਕਤਾ ਏਦਾਂ ਦੀ ਬਣਾਕੇ ਕੋਈ ਹੋਰ ਕੰਮ ਸਿੱਧਾ ਕੀਤਾ ਜਾ ਰਿਹਾ ਹੋਣਾ। ਇਹ ਅੱਗੇ ਸਮਾਂ ਹੀ ਦੱਸੇਗਾ ਕੀ ਸਾਨੂੰ ਕੋਰੋਨਾ ਨੇ ਡਰਾਕੇ ਪਿੱਛੋਂ ਸਾਡਾ ਕੀ ਕਿ ਕੀ ਖੋਹ ਲਿਆ ਤੇ ਅਸੀਂ ਆਪਣਾ ਕੀ ਕੀ ਗਵਾ ਬੈਠੇ। ਤੁਸੀਂ ਥੋੜ੍ਹਾ ਜਿਹੇ ਦਿਮਾਗ਼ ਨਾਲ ਸੋਚਣਾ ਕੀ ਕੋਈ ਸਾਨੂੰ ਉੱਲੂ ਬਣਾ ਰਿਹਾ ਹੈ ਅਤੇ ਅਸੀਂ ਉੱਲੂ ਬਣਦੇ ਜਾ ਰਹੇ ਹਾਂ, ਜਾਂ ਪੀ ਕੇ ਫ਼ਿਲਮ ਦੇ ਵਾਂਗ ਕੋਈ ਫ਼ਿਰਕੀ ਲੈ ਰਿਹਾ ਹੈ ਤੇ ਅਸੀਂ ਸਮਝ ਨਹੀਂ ਪਾ ਰਹੇ।
ਤੁਸੀਂ ਆਪ ਹੀ ਸੋਚਣਾ ਕੀ ਇਕ ਪਾਸੇ ਤਾਂ ਅਸੀਂ ਸਾਰੇ ਕੋਰੋਨਾ ਵਰਗੀ ਮਹਾਮਾਰੀ ਨਾਲ਼ ਜੂਝ ਰਹੇ ਹਾਂ ਤੇ ਦੂਸਰੇ ਪਾਸੇ ਇਸਦੇ ਪੁਖ਼ਤਾ ਇੰਤਜ਼ਾਮ ਕਰਨ ਦੀ ਵਜਾਏ ਸਾਥੋਂ ਕੀ ਕੀ ਕਰਨ ਲਈ ਕਿਹਾ ਜਾ ਰਿਹਾ ਹੈ। ਕੀ ਸਰਕਾਰ ਆਪਣੇ ਵਲੋਂ ਬਣਦੇ ਕੋਈ ਇੰਤਜ਼ਾਮ ਕਰ ਰਹੀ ਹੈ, ਨਹੀਂ ਸਿਰਫ਼ ਸਾਡੇ ਦੇਸ਼ ਦੇ ਲੋਕਾਂ ਨਾਲ ਸਿਆਸਤ ਹੋ ਰਹੀ ਹੈ ਤੇ ਅਸੀਂ ਬਿਨਾ ਸੋਚੇ ਸਮਝੇ ਇਸਦੇ ਸ਼ਿਕਾਰ ਹੁੰਦੇ ਜਾ ਰਹੇ ਹਾਂ। ਪ੍ਰਧਾਨ ਮੰਤਰੀ ਚਾਹੇ ਮੁੱਖ ਮੰਤਰੀ ਹੋਵੇ, ਉਨ੍ਹਾਂ ਨੇ ਲੋਕਾਂ ਕੋਲੋਂ ਫ਼ੰਡ ਦੇ ਨਾਮ ਉੱਤੇ ਪੈਸਾ ਤਾਂ ਇਕੱਠਾ ਕਰ ਲਿਆ ਪਰ ਆਮ ਲੋਕਾਂ ਤੱਕ ਸਹੂਲਤਾਂ ਕੀ ਪਹੁੰਚੀਆਂ ਕੁਝ ਵੀ ਨਹੀਂ, ਕਿਸੇ ਹਸਪਤਾਲ ਵਿਚ ਕੋਈ ਸੁਧਾਰ ਕਰਨ ਦੀ ਕਿਰਨ ਸਾਹਮਣੇ ਆਈ। ਕਿਸੇ ਲੋੜਬੰਦਾਂ ਤੱਕ ਸਰਕਾਰ ਨੇ ਕੋਈ ਪਹੁੰਚ ਕੀਤੀ ਨਹੀਂ !ਪਰ ਇਕ ਡਰਦੇ ਨਾਮ ਉੱਤੇ ਲੋਕਾਂ ਨੂੰ ਘਰੋਂ ਘਰੀਂ ਬਿਠਾਕੇ ਰੱਖਿਆ ਹੋਇਆ ਹੈ। ਅਸੀਂ ਬੈਠੇ ਹਾਂ, ਦਿੱਲੀ ਵਿਚ ਆਪ ਦੀ ਸਰਕਾਰ ਦੇ ਬਿਆਨਾਂ ਤੋਂ ਥੋੜੀ ਬਹੁਤੀ ਮਨ ਨੂੰ ਸੰਤੁਸ਼ਟੀ ਹੁੰਦੀ ਹੈ, ਕਿਉਂਕਿ ਉਹ ਮੁੱਖ ਮੰਤਰੀ ਗਰੀਬਾਂ ਦੀ ਵੀ ਗੱਲ ਕਰਦਾ ਹੈ, ਅਮੀਰਾਂ ਦੀ ਵੀ, ਤੇ ਆਪਣੇ ਵਲੋਂ ਬਣਦੀਆਂ ਸਹੂਲਤਾਂ ਵੀ ਮੁਹੱਈਆਂ ਕਰਵਾ ਰਿਹਾ ਹੈ ਤੇ ਸਾਡੇ ਵਾਲੇ ਅਜੇ ਅਨਾਜ਼ ਜੋ ਰਾਸ਼ਨ ਦੇਣਾ ਹੈ, ਉਸ ਤੇ ਆਪਣੀਆਂ ਫੋਟੋਆਂ ਲਗਵਾ ਰਹੇ ਨੇ ਕੀ ਮੈਂ ਮੁੱਖ ਮੰਤਰੀ ਹਾਂ ਅਤੇ ਮੈਂ ਪ੍ਰਧਾਨ ਮੰਤਰੀ ਹਾਂ ਜਿਵੇਂ ਕੋਈ ਇਨ੍ਹਾਂ ਨੂੰ ਜਾਣਦਾ ਹੀ ਨਾ ਹੋਵੇ, ਸਾਡੇ ਲੋਕ ਅਤੇ ਨੇਤਾ ਸਾਰੇ ਦੇ ਸਾਰੇ ਵਿਖਾਵੇ ਵਿਚ ਪੈ ਗਏ।
ਕਈ ਥਾਵੇਂ ਤਾਂ ਵੇਖਿਆ ਕੀ ਇਕ ਕੇਲਾ ਦੇਣ ਲਈ ਵੀ 5-7 ਜਣੇ ਖੜ੍ਹੇ ਫੋਟੋਆਂ ਖਿੱਚਵਾ ਰਹੇ ਨੇ, ਉਹ ਮਰਜ਼ੋ ਪਾਣੀ ਵਿਚ ਡੁੱਬਕੇ, ਸੋ ਸਾਰੇ ਹੀ ਮੁੱਖ ਮੰਤਰੀ ਅਤੇ ਮੰਤਰੀ ਸਾਹਿਬਾਨਾਂ ਖ਼ਾਸਕਰ ਕਰਕੇ ਮੋਦੀ ਸਾਬ ਜੀ ਨੂੰ ਬੇਨਤੀ ਕਰਦੇ ਹਾਂ ਕੀ, ਜੋ ਮਹਾਮਾਰੀ ਪੱਖੋਂ ਹਾਲਾਤ ਵਿਗੜੇ ਹੋਏ ਨੇ ਸਿਰਫ਼ ਅਤੇ ਸਿਰਫ਼ ਉਸੇ ਉੱਤੇ ਕੰਮ ਕਰੋ ਬਾਕੀ ਦੀਆਂ ਨੌਟੰਕੀ ਬੰਦ ਕਰਕੇ ਲੋਕਾਂ ਪ੍ਰਤੀ ਆਪਣੇ ਬਣਦੇ ਫਰਜ਼ ਅਦਾ ਕਰੋ ਉਨ੍ਹਾਂ ਲਈ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰੋ। ਖਾਣ-ਪੀਣ ਵਾਲੀਆ ਵਸਤਾਂ ਉੱਤੇ ਹੋ ਰਹੀ ਕਾਲਾ ਬਾਜ਼ਾਰੀ ਬੰਦ ਕਰਵਾਉ, ਤੇ ਲੋਕਾਂ ਤੇ ਲੋਕਾਈ ਪ੍ਰਤੀ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉ ਜੇਕਰ ਨਹੀਂ ਨਿਭਾ ਸਕਦੇ ਕਿਰਪਾ ਕਰਕੇ ਭਾਰਤੀ ਤੇ ਪੰਜਾਬ ਵਾਸੀਆਂ ਨੂੰ ਉੱਲੂ ਬਣਾਉਣਾ ਜਾਂ ਉੱਲੂ ਸਮਝਣਾ ਬੰਦ ਕਰੋ। ਇਸ ਵਾਰ ਸਿਆਸਤ ਨਹੀਂ ਜੇਕਰ ਕਰਨੀ ਹੀ ਹੈ ਤਾਂ ਮਨੁੱਖਤਾ ਦੀ ਸੇਵਾ ਜੇ ਮਨੁੱਖ ਰਹਿਣਗੇ ਤਾਂ ਤੁਸੀਂ ਹੋ, ਮਨੁੱਖਤਾ ਨਾਲ ਹੀ ਸੋਡੋ ਸਾਰਿਆ ਦੇ ਰਾਜ ਭਾਗ ਨੇ, ਅੱਗੇ ਤੁਹਾਡੀ ਮਰਜ਼ੀ ਹੈ ਸਾਡੀ ਤਾਂ ਅਰਜ਼ੀ ਹੈ।
ਗੁਰਪ੍ਰੀਤ ਸਿੰਘ ਜਖਵਾਲੀ
98550 36444
ਡੇਰਾਬੱਸੀ 'ਚ ਵਿਅਕਤੀ ਦੀ ਮੌਤ, ਪੁਲਸ ਨੇ ਕਬਜ਼ੇ 'ਚ ਲਈ ਲਾਸ਼
NEXT STORY