ਵੈੱਬ ਡੈਸਕ- ਜਾਇਦਾਦ ਦੀ ਵੰਡ ਨੂੰ ਲੈ ਕੇ ਅਕਸਰ ਲੋਕਾਂ ਦੇ ਮਨ 'ਚ ਇਹ ਡਰ ਰਹਿੰਦਾ ਹੈ ਕਿ ਜੇਕਰ ਵਸੀਅਤ ਕੋਰਟ ਦੇ ਸਟੈਂਪ ਪੇਪਰ 'ਤੇ ਨਹੀਂ ਲਿਖੀ ਗਈ, ਤਾਂ ਉਹ ਮਹਿਜ਼ ਰੱਦੀ ਦਾ ਟੁਕੜਾ ਹੈ। ਕਈ ਬਜ਼ੁਰਗ ਆਪਣੀ ਆਖਰੀ ਇੱਛਾ ਸਾਦੇ ਕਾਗਜ਼ 'ਤੇ ਲਿਖ ਤਾਂ ਦਿੰਦੇ ਹਨ, ਪਰ ਪਰਿਵਾਰ ਵਾਲੇ ਉਸ ਨੂੰ ਕਾਨੂੰਨੀ ਤੌਰ 'ਤੇ ਕਮਜ਼ੋਰ ਮੰਨ ਲੈਂਦੇ ਹਨ। ਪਰ ਅਸਲੀਅਤ ਇਹ ਹੈ ਕਿ ਭਾਰਤੀ ਕਾਨੂੰਨ ਸਾਦੇ ਕਾਗਜ਼ 'ਤੇ ਹੱਥ ਨਾਲ ਲਿਖੀ ਵਸੀਅਤ ਨੂੰ ਵੀ ਉਨੀ ਹੀ ਅਹਿਮੀਅਤ ਦਿੰਦਾ ਹੈ ਜਿੰਨੀ ਕਿਸੇ ਰਜਿਸਟਰਡ ਦਸਤਾਵੇਜ਼ ਨੂੰ, ਬਸ਼ਰਤੇ ਇਕ ਜ਼ਰੂਰੀ ਕਾਨੂੰਨੀ ਸ਼ਰਤ ਪੂਰੀ ਕੀਤੀ ਗਈ ਹੋਵੇ।
ਕਾਨੂੰਨ ਦੀ ਨਜ਼ਰ 'ਚ ਸਾਦੇ ਕਾਗਜ਼ ਦੀ ਤਾਕਤ
ਭਾਰਤੀ ਉਤਰਾਧਿਕਾਰ ਐਕਟ (Indian Succession Act) ਦੇ ਨਿਯਮ ਬਹੁਤ ਲਚਕਦਾਰ ਹਨ। ਵਸੀਅਤ ਬਣਾਉਣ ਲਈ ਤੁਹਾਨੂੰ ਨਾ ਤਾਂ ਮਹਿੰਗੇ ਵਕੀਲ ਦੀ ਲੋੜ ਹੈ ਅਤੇ ਨਾ ਹੀ ਕਿਸੇ ਵਿਸ਼ੇਸ਼ ਫਾਰਮ ਜਾਂ ਸਟੈਂਪ ਪੇਪਰ ਦੀ। ਜੇਕਰ ਕੋਈ ਵਿਅਕਤੀ ਆਪਣੇ ਪੂਰੇ ਹੋਸ਼-ਓ-ਹਵਾਸ 'ਚ ਇਕ ਸਧਾਰਨ ਪੰਨੇ 'ਤੇ ਇਹ ਲਿਖ ਦਿੰਦਾ ਹੈ ਕਿ ਉਸ ਤੋਂ ਬਾਅਦ ਉਸ ਦੀ ਜਾਇਦਾਦ ਦਾ ਮਾਲਕ ਕੌਣ ਹੋਵੇਗਾ, ਤਾਂ ਉਹ ਇਕ ਪੱਕਾ ਕਾਨੂੰਨੀ ਦਸਤਾਵੇਜ਼ ਮੰਨਿਆ ਜਾਂਦਾ ਹੈ। ਇਸ ਨੂੰ ਰਜਿਸਟਰ ਕਰਵਾਉਣਾ ਵੀ ਲਾਜ਼ਮੀ ਨਹੀਂ ਹੈ, ਯਾਨੀ ਘਰ ਬੈਠੇ ਲਿਖੀ ਗਈ ਚਿੱਠੀ ਵੀ ਵਸੀਅਤ ਦਾ ਕੰਮ ਕਰ ਸਕਦੀ ਹੈ।
ਇਕ ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ
ਸਾਦੇ ਕਾਗਜ਼ 'ਤੇ ਲਿਖੀ ਗਈ ਇਸ ਵਸੀਅਤ ਦੀ ਸਭ ਤੋਂ ਵੱਡੀ ਤਾਕਤ 'ਗਵਾਹਾਂ' ਦੇ ਦਸਤਖਤ ਹੁੰਦੇ ਹਨ। ਕਾਨੂੰਨ ਅਨੁਸਾਰ, ਵਸੀਅਤ ਲਿਖਣ ਵਾਲੇ ਦੇ ਸਾਈਨ ਦੇ ਨਾਲ-ਨਾਲ ਘੱਟੋ-ਘੱਟ 2 ਚਸ਼ਮਦੀਦ ਗਵਾਹਾਂ ਦੇ ਦਸਤਖਤ ਉਸ 'ਤੇ ਹੋਣੇ ਲਾਜ਼ਮੀ ਹਨ। ਜੇਕਰ ਵਸੀਅਤ 'ਤੇ ਗਵਾਹਾਂ ਦੀ ਗਵਾਹੀ ਦਰਜ ਨਹੀਂ ਹੈ, ਤਾਂ ਉਹ ਕਾਗਜ਼ ਅਦਾਲਤ 'ਚ ਟਿਕ ਨਹੀਂ ਸਕੇਗਾ ਅਤੇ ਉਸ ਦੀ ਕਾਨੂੰਨੀ ਕੀਮਤ ਸਿਫ਼ਰ (ਜ਼ੀਰੋ) ਹੋ ਜਾਂਦੀ ਹੈ।
ਗਵਾਹ ਨਾ ਹੋਣ 'ਤੇ ਕੀ ਹੋਵੇਗਾ?
ਜੇਕਰ ਕਿਸੇ ਬਜ਼ੁਰਗ ਨੇ ਆਪਣੀ ਇੱਛਾ ਤਾਂ ਲਿਖ ਦਿੱਤੀ ਪਰ ਉਸ 'ਤੇ ਗਵਾਹਾਂ ਦੇ ਸਾਈਨ ਨਹੀਂ ਕਰਵਾਏ, ਤਾਂ ਉਨ੍ਹਾਂ ਦੀ ਮੌਤ ਤੋਂ ਬਾਅਦ ਉਸ ਕਾਗਜ਼ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਵੇਗਾ। ਅਜਿਹੀ ਸਥਿਤੀ 'ਚ, ਜਾਇਦਾਦ ਦੀ ਵੰਡ ਉਸ ਕਾਗਜ਼ ਦੇ ਹਿਸਾਬ ਨਾਲ ਨਹੀਂ, ਸਗੋਂ ਕਾਨੂੰਨ ਦੇ ਆਮ ਨਿਯਮਾਂ ਮੁਤਾਬਕ ਹੋਵੇਗੀ। ਇਸ ਦਾ ਮਤਲਬ ਹੈ ਕਿ ਵਸੀਅਤ 'ਚ ਜਿਸ ਨੂੰ ਜ਼ਿਆਦਾ ਹਿੱਸਾ ਦੇਣ ਦੀ ਇੱਛਾ ਸੀ, ਉਸ ਨੂੰ ਕੁਝ ਨਹੀਂ ਮਿਲੇਗਾ ਅਤੇ ਜਾਇਦਾਦ ਸਾਰੇ ਕਾਨੂੰਨੀ ਵਾਰਸਾਂ 'ਚ ਬਰਾਬਰ ਵੰਡ ਦਿੱਤੀ ਜਾਵੇਗੀ। ਇਸ ਲਈ, ਵਸੀਅਤ ਚਾਹੇ ਹੱਥ ਨਾਲ ਲਿਖੋ ਜਾਂ ਟਾਈਪ ਕਰਵਾਓ, ਦੋ ਗਵਾਹਾਂ ਦੇ ਸਾਈਨ ਲੈਣਾ ਕਦੇ ਨਾ ਭੁੱਲੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
WhatsApp ਚੈਟ ਦੇ ਆਧਾਰ 'ਤੇ ਨਹੀਂ ਮਿਲੇਗਾ ਤਲਾਕ! ਹਾਈ ਕੋਰਟ ਦਾ ਵੱਡਾ ਫੈਸਲਾ
NEXT STORY