ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ) – ਸਿਵਲ ਹਸਪਤਾਲ ਬਰਨਾਲਾ ਵਿਚ ਕੋਰੋਨਾ ਦਾ ਇਕ ਹੋਰ ਸ਼ੱਕੀ ਮਰੀਜ਼ ਆਉਣ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਅੱਜ ਸਵੇਰੇ ਮਹਿਲ ਕਲਾਂ ਦੇ ਪਿੰਡ ਕੁਰੜ ਵਿਚ 25 ਸਾਲਾ ਲੜਕੀ ਕੋਰੋਨਾ ਦੀ ਸ਼ੱਕੀ ਮਰੀਜ ਦੇ ਰੂਪ ਵਿਚ ਸਿਵਲ ਹਸਪਤਾਲ ਵਿਚ ਦਾਖਲ ਹੋਈ ਹੈ। ਇਹ ਲੜਕੀ ਅਮ੍ਰਿਤਸਰ ਵਿਚ ਆਈਲੈਟਸ ਦੀ ਕੋਚਿੰਗ ਲੈਂਦੀ ਸੀ ਅਤੇ ਪਿਛਲੇ ਇਕ ਹਫਤੇ ਤੋਂ ਖਾਂਸੀ ਅਤੇ ਬੁਖਾਰ ਤੋਂ ਪੀੜਤ ਸੀ। ਡਾਕਟਰਾਂ ਵਲੋਂ ਇਸਦੇ ਸੈਂਪਲ ਟੈਸਟ ਲਈ ਭੇਜੇ ਜਾ ਰਹੇ ਹਨ। ਹੁਣ ਤੱਕ ਬਰਨਾਲਾ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ ਕੁੱਲ ਛੇ ਸ਼ੱਕੀ ਮਰੀਜ਼ ਸਾਹਮਣੇ ਆਏ ਸਨ ਜਿਨ੍ਹਾਂ ਵਿੱਚੋਂ ਪੰਜ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ ਅਤੇ ਇੱਕ ਦੀ ਰਿਪੋਰਟ ਅਜੇ ਪੈਂਡਿੰਗ ਹੈ।
ਪ੍ਰਾਈਵੇਟ ਬੱਸਾਂ ਰਹੀਆਂ ਪੂਰੀ ਤਰ੍ਹਾਂ ਬੰਦ, ਸਰਕਾਰੀ ਬੱਸਾਂ ਵੀ ਕੁਝ ਹੀ ਰੂਟਾਂ ’ਤੇ ਚੱਲੀਆਂ
ਪੰਜਾਬ ਸਰਕਾਰ ਵਲੋਂ ਬੱਸਾਂ ਨੂੰ ਬੰਦ ਕਰਨ ਮਗਰੋਂ ਪ੍ਰਾਈਵੇਟ ਬੱਸਾਂ ਬੱਸ ਸਟੈਂਡ ’ਤੇ ਹੀ ਖੜ੍ਹੀਆ ਰਹੀਆਂ। ਜਦੋਂ ਕਿ ਸਰਕਾਰੀ ਬੱਸਾਂ ਬਰਨਾਲਾ ਤੋਂ ਪਟਿਆਲਾ, ਸਿਰਸਾ, ਮਾਨਸਾ, ਲੁਧਿਆਣਾ, ਮੋਗਾ ਅਤੇ ਬਠਿੰਡਾ ਦੇ ਰੂਟਾਂ ਤੇ ਚੱਲੀਆਂ। ਇਹਨਾਂ ਬੱਸਾਂ ਵਿਚ ਵੀ 20 ਤੋਂ ਜਿਆਦਾ ਸਵਾਰੀਆਂ ਨਹੀਂ ਬੈਠ ਸਕਦੀਆਂ ਸਨ ਅਤੇ ਜੇਕਰ 10 ਤੋਂ 15 ਸਵਾਰੀਆਂ ਹੁੰਦੀਆਂ ਸਨ ਤਾਂ ਹੀ ਬੱਸਾਂ ਚਲਦੀਆਂ ਸਨ। ਬੱਸ ਸਟੈਂਡ ’ਤੇ ਸਿਰਸਾ ਜਾਣ ਲਈ ਬੈਠੀ ਜਸ਼ੀਨਾ ਨੇ ਦੱਸਿਆ ਕਿ ਮੈਂ ਬੱਸ ਰਾਹੀਂ ਸਿਰਸਾ ਜਾਣਾ ਹੈ ਪਰ ਸਵਾਰੀ ਨਾ ਹੋਣ ਕਾਰਨ ਬੱਸ ਅਜੇ ਜਾਣ ਨੂੰ ਤਿਆਰ ਨਹੀਂ ਹੈ। ਬੱਸਾਂ ਬੰਦ ਹੋਣ ਨਾਲ ਪ੍ਰਾਈਵੇਟ ਬੱਸ ਆਪਰੇਟਰਾਂ ਨੂੰ ਭਾਰੀ ਆਰਥਿਕ ਨੁਕਸਾਨ ਉਠਾਉਣਾ ਪੈ ਰਿਹਾ ਹੈ।
ਸੋਸ਼ਲ ਮੀਡੀਆਂ ਤੇ ਚੱਲ ਰਹੀਆਂ ਪੋਸਟਾਂ ਅਤੇ ਟੀ. ਵੀ ਖਬਰਾਂ ਕਾਰਨ ਲੋਕ ਚਿੰਤਤ
ਕੋਰੋਨਾ ਵਾਇਰਸ ਤੇ ਪ੍ਰਤੀ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਪੋਸਟਾਂ ਅਤੇ ਟੀ ਵੀ ਖਬਰਾਂ ਕਾਰਨ ਲੋਕ ਚਿੰਤਤ ਹੁੰਦੇ ਜਾ ਰਹੇ ਹਨ। ਪਰ ਨਾਲ ਹੀ ਸੁਚੇਤ ਵੀ ਹੋ ਰਹੇ ਹਨ। ਜਨਤਾ ਕਰਫਿਊ ਤੋਂ ਪਹਿਲਾਂ ਹੀ ਲੋਕਾਂ ਨੇ ਆਪਣੇ ਘਰਾਂ ਵਿਚ ਰਹਿਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਮੁੱਖ ਬਾਜ਼ਾਰ ਅਤੇ ਹੋਰ ਬਾਜ਼ਾਰ ਖੁੱਲ੍ਹੇ ਹਨ। ਪ੍ਰਸ਼ਾਸ਼ਨ ਵਲੋਂ ਕੋਰੋਨਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਨਿਆਦੀ ਵੀ ਕੀਤੀ ਜਾ ਰਹੀ ਹੈ।
ਘਰ ਵਿਚ ਹੀ ਰਹਿਣ ਦਾ ਕਰੋ ਯਤਨ – ਡਾ. ਮਨਪ੍ਰੀਤਸਿਵਲ ਹਸਪਤਾਲ ਤੇ ਮੈਡੀਸਨ ਸਪੈਸ਼ਲਿਸਟ ਡਾ. ਮਨਪ੍ਰੀਤ ਸਿੱਧੂ ਨੇ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ ਘਰ ਤੇ ਰਹਿਣ ਦਾ ਹੀ ਪ੍ਰਯੋਗ ਕੀਤਾ ਜਾਵੇ। ਜ਼ਰੂਰਤ ਅਨੁਸਾਰ ਯਾਤਰਾਵਾਂ ਅਤੇ ਆਵਾਜਾਈ ਤੋਂ ਬਚਿਆ ਜਾਵੇ। ਘਰ ਵਿਚ ਵੜਣ ਤੋਂ ਪਹਿਲਾਂ ਆਪਦੇ ਹੱਥ ਧੋ ਲਵੋ। ਜੇਕਰ ਕੋਈ ਵਿਅਕਤੀ ਵਿਦੇਸ਼ ਤੋਂ ਆ ਰਿਹਾ ਹੈ ਤਾਂ ਕੋਰੋਨਾ ਵਾਇਰਸ ਤੋਂ ਪੀੜਿਤ ਨਹੀਂ ਹੈ ਫਿਰ ਵੀ ਉਸਨੂੰ ਆਪਣਾ ਚੈਕਅਪ ਕਰਵਾਉਣਾ ਜ਼ਰੂਰੀ ਹੈ।
ਕੋਰੋਨਾ ਤੋਂ ਡਰਨ ਦੀ ਨਹੀਂ ਸਗੋਂ ਸਾਵਧਾਨ ਰਹਿਣ ਦੀ ਜ਼ਰੂਰਤ-ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕਿਹਾ ਕਿ ਕੋਰੋਨਾ ਤੋਂ ਆਮ ਲੋਕਾਂ ਨੂੰ ਡਰਨ ਦੀ ਨਹੀਂ ਬਲਕਿ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਅਗਲੇ ਕੁਝ ਦਿਨਾਂ ਤੱਕ ਘਰ ਵਿਚ ਰਹਿਕੇ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ। ਉਹਨਾਂ ਕਿਹਾ ਵਾਇਰਸ ਨੂੰ ਰੋਕਣ ਵਿਚ ਜ਼ਿਲੇ ਦੇ ਆਮ ਨਾਗਰਿਕਾਂ ਨੂੰ ਸਭ ਤੋਂ ਵੱਡਾ ਸਹਿਯੋਗ ਦੇਣਾ ਹੋਵੇਗਾ। ਤਾਂ ਹੀ ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਜਨਤਾ ਦਾ ਸਭ ਤੋਂ ਵੱਡਾ ਸਹਿਯੋਗ ਇਹੀ ਹੈ ਕਿ ਅਗਲੇ ਕੁਝ ਦਿਨਾਂ ਤੱਕ ਆਪਣੇ ਘਰਾਂ ਵਿਚ ਹੀ ਰਹਿਣ ਅਤੇ ਬਹੁਤ ਜ਼ਿਆਦਾ ਜ਼ਰੂਰੀ ਹੋਣ ਤੇ ਹੀ ਬਾਹਰ ਨਿਕਲੋ। ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਵੱਡੇ ਪੱਧਰ ਤੇ ਤਿਆਰੀ ਕੀਤੀ ਹੈ ਅਤੇ ਇਸ ਦੌਰਾਨ ਕਿਸੇ ਵੀ ਨਾਗਰਿਕ ਨੂੰ ਕੋਈ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਜਨਤਾ ਕਰਫਿਊ ਨੂੰ ਹਰ ਹਾਲ ’ਚ ਕਾਮਯਾਬ ਬਣਾਇਆ ਜਾਵੇਗਾ : ਜ਼ਿਲਾ ਪੁਲਸ ਮੁਖੀ
ਜਲੰਧਰ ਤੋਂ ਚੰਡੀਗੜ੍ਹ ਜਾਣਾ ਚਾਹੁੰਦੇ ਹੋ ਤਾਂ ਪੜ੍ਹੋ ਇਹ ਖਬਰ (ਵੀਡੀਓ)
NEXT STORY