ਜਲੰਧਰ (ਚੋਪੜਾ)— ਪੰਜਾਬ 'ਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਮੁਫਤ ਰੇਲ ਯਾਤਰਾ ਦੀ ਸਹੂਲਤ ਮੁਹੱਈਆ ਕਰਾਉਣ ਲਈ ਚਲਾਈਆਂ 50 ਲੇਬਰ ਐਕਸਪ੍ਰੈਸ ਰੇਲ ਗੱਡੀਆਂ ਦੀ ਸਫਲਤਾ ਤੋਂ ਬਾਅਦ ਉੱਤਰ ਪ੍ਰਦੇਸ਼ ਵਿਖੇ 10 ਜ਼ਿਲਿਆਂ ਦੇ ਪ੍ਰਵਾਸੀ ਮਜ਼ਦੂਰਾਂ ਲਈ ਰੋਜ਼ਾਨਾ ਮੁਫਤ ਬੱਸਾਂ ਚਲਾਉਣ ਦਾ ਫੈਸਲਾ ਲਿਆ ਗਿਆ ਹੈ ।
ਇਸ ਸਬੰਧੀ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪ੍ਰਵਾਸੀਆਂ ਨੂੰ ਵਾਪਸ ਭੇਜਣ ਲਈ ਇਹ ਬੱਸਾਂ ਗੌਤਮ ਬੁੱਧ ਨਗਰ, ਮੇਰਠ, ਗਾਜ਼ੀਆਬਾਦ, ਅਲੀਗੜ੍ਹ, ਬੁਲੰਦ ਸ਼ਹਿਰ, ਮੁਜ਼ੱਫਰ ਨਗਰ, ਬਾਗਪਤ, ਸਹਾਰਨਪੁਰ, ਮਥੁਰਾ ਅਤੇ ਹੇਪੁਰ ਲਈ ਚਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਵਧੀਕ ਕਮਿਸ਼ਨਰ ਨਗਰ ਨਿਗਮ ਬਬੀਤਾ ਕਲੇਰ ਅਤੇ ਸਹਾਇਕ ਕਮਿਸ਼ਨਰ ਰਣਦੀਪ ਸਿੰਘ ਗਿੱਲ ਇਨ੍ਹਾਂ 10 ਜ਼ਿਲਿਆਂ ਦੇ ਜ਼ਿਲਾ ਮੈਜਿਸਟਰੇਟਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੀਆਂ ਥਾਵਾਂ ਬਾਰੇ ਜਾਣਕਾਰੀ ਹਾਸਲ ਕਰਣਗੇ, ਜਿਥੇ ਇਹ ਬੱਸਾਂ ਭੇਜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਕੱਤਰ ਰੀਜ਼ਨਲ ਟਰਾਂਸਪੋਰਟ ਅਥਾਰਟੀ ਬਰਜਿੰਦਰ ਸਿੰਘ ਬੱਸਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਗੇ ਅਤੇ ਬੱਸਾਂ ਦੇ ਰਵਾਨਾ ਹੋਣ ਦੀ ਸਮਾਂ ਸੂਚੀ ਦਾ ਫੈਸਲਾ ਕਰਨਗੇ।
ਇਸ ਤੋਂ ਇਲਾਵਾ ਬੱਸ ਅੱਡੇ 'ਤੇ ਜਿਥੋਂ ਬੱਸਾਂ ਰਵਾਨਾ ਹੋਣਗੀਆਂ ਉਥੇ ਇਕ ਨੋਡਲ ਅਧਿਕਾਰੀ ਵੀ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਵੱਲੋਂ ਸਿਹਤ ਵਿਭਾਗ ਦੀ ਟੀਮ ਵੀ ਤਾਇਨਾਤ ਕੀਤੀ ਜਾਵੇਗੀ ਤਾਂ ਜੋ ਪ੍ਰਵਾਸੀ ਮਜ਼ਦੂਰਾਂ ਦੀ ਸਕਰੀਨਿੰਗ ਕੀਤੀ ਜਾ ਸਕੇ । ਉਨ੍ਹਾਂ ਕਿਹਾ ਕਿ ਪ੍ਰਵਾਸੀਆਂ ਨੂੰ ਬੱਸ ਵਿਚ ਰਵਾਨਗੀ ਤੋਂ ਚਾਰ ਘੰਟੇ ਪਹਿਲਾਂ ਪਹੁੰਚਣ ਲਈ ਮੋਬਾਇਲ 'ਤੇ ਮੈਸੇਜ ਜਾਂ ਫੋਨ 'ਤੇ ਜਾਣਕਾਰੀ ਦਿੱਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਸਿਰਫ 30 ਪ੍ਰਵਾਸੀਆਂ ਨੂੰ ਹੀ ਬੱਸ 'ਚ ਜਾਣ ਦੀ ਇਜ਼ਾਜ਼ਤ ਹੋਵੇਗੀ । ਮੈਡੀਕਲ ਸਕਰੀਨਿੰਗ ਦੀਆਂ ਤਿੰਨ ਕਾਪੀਆਂ ਨੋਡਲ ਅਧਿਕਾਰੀ ਵੱਲੋਂ ਤਿਆਰ ਕੀਤੀਆਂ ਜਾਣਗੀਆਂ ਅਤੇ ਇਕ ਕਾਪੀ ਬੱਸ ਦੇ ਕੰਡਕਟਰ ਨੂੰ ਦਿੱਤੀ ਜਾਵੇਗੀ ਅਤੇ ਇਕ ਕਾਪੀ ਸਬੰਧਤ ਜ਼ਿਲੇ ਦੇ ਨੋਡਲ ਅਧਿਕਾਰੀ ਨੂੰ ਭੇਜੀ ਜਾਵੇਗੀ । ਉਨ੍ਹਾਂ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਭੋਜਨ ਅਤੇ ਪਾਣੀ ਮੁਹੱਈਆ ਕਰਵਾਉਣ ਲਈ ਪੁਖਤਾ ਪ੍ਰਬੰਧ ਕੀਤੇ ਜਾਣਗੇ । ਸਥਾਨਕ ਬੱਸ ਸਟੇਸ਼ਨ 'ਤੇ ਕਿਸੇ ਵੀ ਅਣ-ਅਧਿਕਾਰਤ ਵਿਅਕਤੀ ਦੇ ਦਾਖਲੇ ਨੂੰ ਰੋਕਣ ਲਈ ਸੁਰੱਖਿਆ ਦੇ ਵੀ ਪ੍ਰਬੰਧ ਕੀਤੇ ਜਾਣਗੇ ।
ਕੋਰੋਨਾ ਨੇ ਲਿਆ ਦਿੱਤੀ ਮੌਸਮ 'ਚ ਵੱਡੀ ਤਬਦੀਲੀ, ਮਈ ਮਹੀਨੇ 'ਚ ਹੀ ਟੁੱਟ ਗਏ ਗਰਮੀ ਦੇ ਰਿਕਾਰਡ
NEXT STORY