ਕਪੂਰਥਲਾ (ਵਿਪਨ, ਓਬਰਾਏ)— ਸਿੱਖਿਆ ਵਿਭਾਗ ਦੀਆਂ ਗਲਤ ਨੀਤੀਆਂ ਤੋਂ ਤੰਗ ਆ ਕੇ ਕਪੂਰਥਲਾ 'ਚ ਇਕ ਅਧਿਆਪਕ ਅੱਧੀ ਰਾਤ ਨੂੰ ਮੋਬਾਇਲ ਟਾਵਰ 'ਤੇ ਚੜ੍ਹ ਗਿਆ। ਕਪੂਰਥਲਾ ਦੀ ਅਫਸਰ ਕਾਲੋਨੀ ਨੇੜੇ ਟਾਵਰ 'ਤੇ ਇਕ ਈ. ਜੀ. ਐੱਸ. ਅਧਿਆਪਕ ਲਾਕ ਡਾਊਨ 'ਚ ਆਰਥਿਕ ਤੰਗੀ ਤੋਂ ਤੰਗ ਆ ਕੇ ਨਿਸ਼ਾਂਤ ਆਪਣੇ ਸਮੇਤ 7800 ਅਧਿਆਪਕਾਂ ਨੂੰ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਦੇਰ ਰਾਤ 12 ਵਜੇ ਟਾਵਰ 'ਤੇ ਚੜ੍ਹ ਗਿਆ। ਪੂਰੀ ਰਾਤ ਟਾਵਰ 'ਤੇ ਰਹੇ ਇਸ ਵਿਅਕਤੀ ਨੂੰ ਸਵੇਰੇ ਸਵਾ ਦਸ ਦੇ ਕਰੀਬ ਪ੍ਰਸ਼ਾਸਨ ਵੱਲੋਂ ਮੀਟਿੰਗ ਦਾ ਭਰੋਸਾ ਦੇ ਕੇ ਹੇਠਾਂ ਉਤਾਰਿਆ ਗਿਆ।
ਮਹੀਨੇ ਦਾ 6 ਹਜ਼ਾਰ ਰੁਪਏ ਕਮਾਉਣ ਵਾਲੇ ਨਿਸ਼ਾਂਤ ਦਾ ਕਹਿਣਾ ਹੈ ਕਿ ਕੋਵਿਡ-19 ਦੇ ਕਾਰਨ ਮੱਧਮ ਵਰਗ ਨੂੰ ਸਭ ਤੋਂ ਵਧ ਨੁਕਸਾਨ ਹੋਇਆ ਹੈ। ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਪੈ ਚੁੱਕੇ ਹਨ। ਗੁਜ਼ਾਰਾ ਕਰਨਾ ਔਖਾ ਹੋ ਚੁੱਕਾ ਹੈ। ਇਸ ਦੌਰਾਨ ਉਸ ਨੇ ਸੂਬਾ ਸਰਕਾਰ, ਜ਼ਿਲਾ ਪ੍ਰਸ਼ਾਸਨ ਅਤੇ ਸਿੱਖਿਆ ਮੰਤਰੀ ਨੂੰ ਚਿਤਾਵਨੀ ਵੀ ਦਿੱਤੀ ਕਿ ਜੇਕਰ ਪੱਕੇ ਕਰਨ ਦਾ ਹੁਕਮ ਜਾਰੀ ਨਾ ਕੀਤਾ ਤਾਂ ਉਸ ਦੀ ਲਾਸ਼ ਹੀ ਹੇਠਾਂ ਆਵੇਗੀ।
ਮਿਲੀ ਜਾਣਕਾਰੀ ਮੁਤਾਬਕ ਜਿਸ ਮੋਬਾਇਲ ਟਾਵਰ 'ਤੇ ਉਕਤ ਅਧਿਆਪਕ ਚੜ੍ਹਿਆ, ਉਥੋਂ ਐੱਸ. ਐੱਸ. ਪੀ, ਐੱਸ. ਡੀ. ਐੱਮ. ਅਤੇ ਹੋਰ ਕਈ ਅਧਿਕਾਰੀਆਂ ਦੇ ਘਰ ਕੁਝ ਹੀ ਫੁੱਟ ਦੀ ਦੂਰੀ 'ਤੇ ਹਨ। ਟਾਵਰ 'ਤੇ ਚੜ੍ਹੇ ਅਧਿਆਪਕ ਨੂੰ ਦੇਖ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਮੌਕੇ 'ਤੇ ਫਾਇਕ ਬ੍ਰਿਗੇਡ ਸਮੇਤ ਪੁਲਸ ਭਾਰੀ ਮਾਤਰਾ 'ਚ ਇਕੱਠੀ ਹੋਈ। ਨਿਸ਼ਾਂਤ ਦੀ ਮੰਗ ਹੈ ਕਿ ਉਸ ਦੇ ਸਮੇਤ 7800 ਦੇ ਕਰੀਬ ਈ. ਜੀ. ਐੱਸ. ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਵੇ। ਲਾਕ ਡਾਊਨ ਦੌਰਾਨ ਉਸ ਨੇ ਕਦੇ ਸਬਜ਼ੀ ਵੇਚੀ ਤਾਂ ਕਦੇ ਫਲ ਪਰ ਘਰ ਦਾ ਗੁਜ਼ਾਰਾ ਨਾ ਚਲਿਆ ਤਾਂ ਆਖਿਰਕਾਰ ਉਸ ਦਾ ਗੁੱਸਾ ਫੁਟ ਗਿਆ ਅਤੇ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਮੋਬਾਇਲ ਦੇ ਟਾਵਰ 'ਤੇ ਚੜ੍ਹ ਗਿਆ।
ਐੱਸ. ਡੀ. ਐੱਮ. ਕਪੂਰਥਲਾ ਵੀ. ਪੀ. ਐੱਸ. ਬਾਜਵਾ ਨੇ ਦੱਸਿਆ ਕਿ ਰਾਤ 12 ਵਜੇ ਦੇ ਕਰੀਬ ਟਾਵਰ 'ਤੇ ਚੜ੍ਹੇ ਅਧਿਆਪਕ ਨਿਸ਼ਾਂਤ ਨੂੰ ਲਗਾਤਾਰ ਹੇਠਾਂ ਉਤਾਰਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਅਤੇ ਸਵੇਰੇ ਸਵਾ ਦਸ ਦੇ ਕਰੀਬ ਮੀਟਿੰਗ ਦਾ ਭਰੋਸਾ ਦੇ ਕੇ ਉਸ ਨੂੰ ਹੇਠਾਂ ਉਤਾਰਿਆ ਗਿਆ।
ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਘਰ ਭੇਜਣ ਦੇ ਮਾਮਲੇ 'ਚ ਕਿਸਾਨ ਡੀ. ਸੀ. ਦਫਤਰਾਂ ਅੱਗੇ ਦੇਣਗੇ ਧਰਨੇ
NEXT STORY