ਜਲੰਧਰ (ਜ. ਬ.)–ਪੱਕਾ ਬਾਗ ਸਥਿਤ ਕੌਂਸਲਰ ਰਾਧਿਕਾ ਪਾਠਕ ਦੇ ਪਤੀ ਅਨੂਪ ਪਾਠਕ ਨੇ ਮੰਗਲਵਾਰ ਦੁਪਹਿਰੇ ਪੱਖੇ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਸਮੇਂ ਕੌਂਸਲਰ ਰਾਧਿਕਾ ਪਾਠਕ ਅਤੇ ਉਨ੍ਹਾਂ ਦੇ ਦੋਵੇਂ ਲੜਕੇ ਕਰਨ ਪਾਠਕ ਅਤੇ ਅਰਜੁਨ ਪਾਠਕ ਆਪਣੇ ਕੰਮਾਂ ਵਿਚ ਰੁੱਝੇ ਹੋਏ ਸਨ, ਜਦਕਿ ਅਨੂਪ ਪਾਠਕ ਇਕੱਲੇ ਹੀ ਘਰ ਵਿਚ ਮੌਜੂਦ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 4 ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਦੌਰਾਨ ਇਕ ਖ਼ੁਦਕੁਸ਼ੀ ਨੋਟ ਮਿਲਿਆ, ਜਿਸ ਵਿਚ ਮ੍ਰਿਤਕ ਨੇ 3 ਲੋਕਾਂ ਇੰਦਰਜੀਤ ਚੌਧਰੀ, ਅਮਰੀਕ ਸੰਧੂ ਅਤੇ ਰਵਿੰਦਰ ਸਿੰਘ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਦੱਸਿਆ ਸੀ। ਸੂਚਨਾ ਦੇ ਆਧਾਰ ’ਤੇ ਪਹੁੰਚੇ ਏ. ਸੀ. ਪੀ. ਬਲਵਿੰਦਰ ਇਕਬਾਲ ਸਿੰਘ ਕਾਹਲੋਂ ਅਤੇ ਥਾਣਾ ਨੰਬਰ 4 ਦੇ ਇੰਚਾਰਜ ਰਾਜੇਸ਼ ਕੁਮਾਰ ਨੇ ਖ਼ੁਦਕੁਸ਼ੀ ਨੋਟ ਕਬਜ਼ੇ ਵਿਚ ਲੈ ਕੇ ਅਨੂਪ ਪਾਠਕ ਦੇ ਬੇਟੇ ਕਰਨ ਪਾਠਕ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ ਵਿਚ ਧਾਰਾ 306 ਅਤੇ 34 ਤਹਿਤ ਮਾਮਲਾ ਦਰਜ ਕਰ ਲਿਆ। ਪੁਲਸ ਦਾ ਕਹਿਣਾ ਹੈ ਕਿ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਸ ਨੇ ਅਨੂਪ ਪਾਠਕ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ।
ਇਹ ਵੀ ਪੜ੍ਹੋ : ਸਿੱਧੂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ, ਪਟਿਆਲਾ ਪੁੱਜੇ ਪਰਗਟ ਤੇ ਰਾਜਾ ਵੜਿੰਗ
ਕੀ ਲਿਖਿਆ ਸੀ ਖ਼ੁਦਕੁਸ਼ੀ ਨੋਟ ਵਿਚ
ਪੁਲਸ ਨੂੰ ਮਿਲੇ 4 ਪੰਨਿਆਂ ਦੇ ਖ਼ੁਦਕੁਸ਼ੀ ਨੋਟ ਵਿਚ ਅਨੂਪ ਪਾਠਕ ਨੇ ਲਿਖਿਆ ਕਿ ਸਵੇਰੇ ਉਨ੍ਹਾਂ ਦੇ ਘਰ ਕੁਝ ਅਣਪਛਾਤੇ ਵਿਅਕਤੀ ਆਏ, ਜਿਨ੍ਹਾਂ ਉਨ੍ਹਾਂ ਦੇ ਸਿਰ ’ਤੇ ਰਿਵਾਲਵਰ ਤਾਣ ਦਿੱਤੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਾਰਨ ਦੀ ਧਮਕੀ ਦਿੱਤੀ। ਜਦੋਂ ਉਨ੍ਹਾਂ ਪੁੱਛਿਆ ਕਿ ਉਹ ਕੌਣ ਹਨ ਤਾਂ ਉਕਤ ਵਿਅਕਤੀਆਂ ਨੇ ਅਮਰੀਕ ਸੰਧੂ ਨਾਲ ਵੀਡੀਓ ਕਾਲ ਕਰਵਾ ਦਿੱਤੀ। ਵੀਡੀਓ ਕਾਲ ਵਿਚ ਅਮਰੀਕ ਸਿੰਘ ਨੇ ਉਨ੍ਹਾਂ ਨੂੰ ਡਰਾਇਆ-ਧਮਕਾਇਆ ਅਤੇ ਜ਼ਲੀਲ ਕੀਤਾ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਅਸਤੀਫ਼ੇ 'ਤੇ ਮੁੱਖ ਮੰਤਰੀ ਚੰਨੀ ਦਾ ਬਿਆਨ ਆਇਆ ਸਾਹਮਣੇ, ਜਾਣੋ ਕੀ ਬੋਲੇ
ਅਨੂਪ ਪਾਠਕ ਨੇ ਸੰਧੂ ਨੂੰ ਕਿਹਾ ਕਿ ਉਹ ਬੈਠ ਕੇ ਗੱਲ ਕਰ ਲੈਂਦੇ ਹਨ ਤਾਂ ਉਲਟਾ ਸੰਧੂ ਨੇ ਕਿਹਾ ਕਿ ਜਿਹੜਾ ਮਾਡਲ ਟਾਊਨ ਵਿਚ ਮਕਾਨ ਹੈ, ਜਿਸ ਦਾ ਹਾਈ ਕੋਰਟ ਵਿਚ ਕੇਸ ਚੱਲ ਰਿਹਾ ਹੈ, ਉਸ ਤੋਂ ਉਹ ਪਿੱਛੇ ਹਟ ਜਾਣ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਉਨ੍ਹਾਂ ਦੇ ਦਾਦੇ ਦੀ ਜ਼ਮੀਨ ਨੂੰ ਹੜੱਪਣ ਦੀ ਕੋਸ਼ਿਸ਼ ਤਾਂ ਕਰ ਹੀ ਰਹੇ ਹਨ ਅਤੇ ਉਪਰੋਂ ਸਾਰੇ ਪਰਿਵਾਰ ਨੂੰ ਖ਼ਤਮ ਕਰਨ ਦੀਆਂ ਧਮਕੀਆਂ ਵੀ ਦੇ ਰਹੇ ਹਨ। ਪਾਠਕ ਨੇ ਖ਼ੁਦਕੁਸ਼ੀ ਨੋਟ ਵਿਚ ਉਨ੍ਹਾਂ ਨਾਲ ਹੋ ਰਹੀ ਧੱਕੇਸ਼ਾਹੀ ਬਾਰੇ ਲਿਖਿਆ ਅਤੇ ਕਿਹਾ ਕਿ ਉਹ ਕਮਜ਼ੋਰ ਹੋ ਗਏ ਹਨ। ਜਿਹੜੇ ਲੋਕ ਉਨ੍ਹਾਂ ਦੇ ਪਰਿਵਾਰ ਨੂੰ ਧਮਕੀਆਂ ਦੇ ਰਹੇ ਹਨ, ਉਨ੍ਹਾਂ ਕੋਲੋਂ ਡਰ ਕੇ ਉਹ ਖ਼ੁਦਕੁਸ਼ੀ ਕਰ ਰਹੇ ਹਨ। ਉਨ੍ਹਾਂ ਪੁਲਸ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ। ਜਿਹੜੇ ਲੋਕਾਂ ਨੇ ਉਨ੍ਹਾਂ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕੀਤਾ, ਉਨ੍ਹਾਂ ’ਤੇ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।ਥਾਣਾ ਨੰਬਰ 4 ਦੇ ਇੰਚਾਰਜ ਰਾਜੇਸ਼ ਕੁਮਾਰ ਨੇ ਦੱਸਿਆ ਕਿ ਅਨੂਪ ਪਾਠਕ ਦੇ ਬੇਟੇ ਕਰਨ ਪਾਠਕ ਦੇ ਬਿਆਨਾਂ ਦੇ ਆਧਾਰ ’ਤੇ ਉਨ੍ਹਾਂ ਦੇ ਪਿਤਾ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਨੋਟ: ਅਨੂਪ ਪਾਠਕ ਵੱਲੋਂ ਖ਼ੁਦਕੁਸ਼ੀ ਵਰਗੇ ਚੁੱਕੇ ਗਏ ਕਦਮ ਨੂੰ ਤੁਸੀਂ ਕਿਵੇਂ ਵੇਖਦੇ ਹੋ, ਕੁਮੈਂਟ ਕਰਕੇ ਦੱਸੋ
ਵਿਧਾਨ ਸਭਾ ਹਲਕਾ ਭਦੌੜ ’ਚ ਸਿਆਸੀ ਹਲਚਲ ਹੋਣ ਦੀ ਚਰਚਾ
NEXT STORY