ਔਰਤਾਂ ਦੇ ਸਾਥੀਆਂ ਨੇ ਪਿਸਤੌਲ ਦੀ ਨੋਕ 'ਤੇ ਮੰਗੇ 20 ਲੱਖ
ਬਠਿੰਡਾ(ਵਰਮਾ)-ਧੁੱਪ 'ਚ ਖੜ੍ਹੀਆਂ 2 ਔਰਤਾਂ ਨੇ ਕਾਰ ਸਵਾਰ ਨੂੰ ਹੱਥ ਦੇ ਕੇ ਲਿਫਟ ਮੰਗੀ ਅਤੇ ਉਸ ਨੂੰ ਘਰ ਤੱਕ ਛੱਡਣ ਲਈ ਕਿਹਾ ਤੇ ਫਸ ਗਿਆ ਬਲੈਕਮੇਲਿੰਗ 'ਚ, ਮਾਮਲਾ ਪੁਲਸ ਤੱਕ ਪਹੁੰਚ ਗਿਆ। ਇਹ ਘਟਨਾ ਡੱਬਵਾਲੀ ਰੋਡ 'ਤੇ ਸਥਿਤ ਜੋਧਪੁਰ ਦੀ ਹੈ ਜਦ ਗਿੱਦੜਬਾਹਾ ਵਾਸੀ ਨਵਨੀਤ ਕੁਮਾਰ ਪੁੱਤਰ ਗਿਆਨ ਚੰਦ ਆਪਣੀ ਕਾਰ ਵਿਚ ਸਵਾਰ ਹੋ ਕੇ ਮਹਾਰਾਜਾ ਰਣਜੀਤ ਸਿੰਘ ਕਾਲਜ ਕੋਲ ਪੇਮੈਂਟ ਲਿਜਾ ਰਿਹਾ ਸੀ ਤਾਂ ਜੋਧਪੁਰ ਕੋਲ ਖੜ੍ਹੀਆਂ 2 ਔਰਤਾਂ ਨੇ ਲਿਫਟ ਮੰਗੀ। ਪੁਲਸ ਨੂੰ ਦਰਜ ਕਰਵਾਈ ਰਿਪੋਰਟ 'ਚ ਉਸ ਨੇ ਦੱਸਿਆ ਕਿ ਔਰਤਾਂ ਨੇ ਉਸ ਨੂੰ ਬੇਨਤੀ ਕੀਤੀ ਕਿ ਉਸ ਨੂੰ ਗਣਪਤੀ ਇਨਕਲੇਵ ਦੇ ਪਿੱਛੇ ਸਾਈਂ ਨਗਰ ਛੱਡ ਦੇਣ ਤਾਂ ਮਿਹਰਬਾਨੀ ਹੋਵੇਗੀ। ਅੱਤ ਦੀ ਧੁੱਪ 'ਚ ਬਿਰਧ ਔਰਤਾਂ 'ਤੇ ਤਰਸ ਖਾ ਕੇ ਉਹ ਉਨ੍ਹਾਂ ਨੂੰ ਘਰ ਛੱਡਣ ਚਲਾ ਗਿਆ। ਘਰ ਪਹੁੰਚਦੇ ਹੀ ਉਕਤ ਔਰਤ ਨੇ ਉਸ ਨੂੰ ਪਾਣੀ ਪੀ ਕੇ ਜਾਣ ਲਈ ਕਿਹਾ। ਨਵਨੀਤ ਜਿਵੇਂ ਹੀ ਘਰ 'ਚ ਗਿਆ, ਉਥੇ ਔਰਤਾਂ ਦੇ 2 ਹੋਰ ਸਾਥੀ ਮੌਜੂਦ ਸਨ ਜਿਨ੍ਹਾਂ ਜਬਰੀ ਘਰ 'ਚ ਮੌਜੂਦ ਲੜਕੀ ਨਾਲ ਫੋਟੋ ਖਿੱਚ ਲਈ ਅਤੇ ਪਿਸਤੌਲ ਦੇ ਜ਼ੋਰ 'ਤੇ 20 ਲੱਖ ਰੁਪਏ ਦੀ ਮੰਗ ਕੀਤੀ। ਮਨ੍ਹਾ ਕਰਨ 'ਤੇ ਅਣਪਛਾਤੇ ਵਿਅਕਤੀਆਂ ਨੇ ਉਸ ਨਾਲ ਕੁੱਟਮਾਰ ਵੀ ਕੀਤੀ, ਬਦਨਾਮੀ ਕਾਰਨ ਸੌਦਾ 5 ਲੱਖ 'ਚ ਤੈਅ ਹੋਇਆ। ਪੈਸੇ ਲਿਆਉਣ ਦਾ ਬਹਾਨਾ ਕਰ ਕੇ ਨਵਨੀਤ ਕੁਮਾਰ ਨੇ ਪੁਲਸ ਥਾਣਾ ਕੈਨਾਲ ਥਾਣੇ ਜਾ ਕੇ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ 2 ਅਣਪਛਾਤੀਆਂ ਔਰਤਾਂ ਤੇ 2 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ।
ਫਿਲਮੀ ਅੰਦਾਜ਼ ਵਿਚ ਜਦ ਔਰਤਾਂ ਤੇ ਉਨ੍ਹਾਂ ਦੇ ਸਾਥੀਆਂ ਨੂੰ ਭਿਣਕ ਲੱਗੀ ਤਾਂ ਉਨ੍ਹਾਂ ਨੇ ਆਪਣੀ ਨਾਬਾਲਿਗ ਲੜਕੀ ਨੂੰ ਹਸਪਤਾਲ 'ਚ ਦਾਖਲ ਕਰ ਕੇ ਨਵਨੀਤ ਕੁਮਾਰ ਤੇ ਉਸ ਦੇ ਜੀਜਾ ਪ੍ਰਿਤਪਾਲ ਵਾਸੀ ਘੁੱਦਾ ਦੇ ਵਿਰੁੱਧ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰਵਾ ਦਿੱਤਾ। ਬਿਨਾਂ ਜਾਂਚ ਪੜਤਾਲ ਕੀਤੇ ਪੁਲਸ ਨੇ ਡਾਕਟਰ ਦੀ ਰਿਪੋਰਟ ਦੇ ਆਧਾਰ 'ਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ। ਪੁਲਸ ਕੋਲ ਡਾਕਟਰ ਦੀ ਐੱਮ. ਐੱਲ. ਆਰ. ਰਿਪੋਰਟ ਤਾਂ ਚਲੀ ਗਈ ਪਰ ਜਬਰ-ਜ਼ਨਾਹ ਦੀ ਪੁਸ਼ਟੀ ਲਈ ਡਾਕਟਰਾਂ ਨੇ ਉਸ ਦੀ ਮੈਡੀਕਲ ਜਾਂਚ ਲਈ ਟੀਮ ਗਠਿਤ ਕਰ ਦਿੱਤੀ, ਜਿਸ ਦੀ ਰਿਪੋਰਟ ਆਉਣੀ ਬਾਕੀ ਹੈ।
ਲੁੱਟ-ਖਸੁੱਟ ਕਰਨ ਵਾਲੇ ਤਾਂਤਰਿਕ ਬਾਬਿਆਂ ਦਾ ਪਰਦਾਫਾਸ਼
NEXT STORY