ਮਾਨਸਾ(ਜੱਸਲ)-ਮਾਨਸਾ ਸ਼ਹਿਰ ਦੇ 2 ਸ਼ਰਾਬ ਦੇ ਠੇਕੇਦਾਰਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਗੋਲੀਆਂ ਚੱਲਣ ਤੇ ਸ਼ਰਾਬ ਦੇ ਠੇਕੇਦਾਰ ਮੁਨੀਸ਼ ਕੁਮਾਰ ਵੱਲੋਂ ਇਸ ਘਟਨਾ ਨੂੰ ਅੰਜਾਮ ਦੇਣ ਉਪਰੰਤ ਆਪਣੀ ਹੀ ਪਤਨੀ, ਮਾਸੂਮ ਪੁੱਤਰ ਤੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਦਾ ਮਾਮਲਾ ਬੁਝਾਰਤ ਬਣਿਆ ਹੋਇਆ ਹੈ। ਇਸ ਮਾਮਲੇ ਦੀ ਪੁਲਸ ਬਰੀਕੀ ਨਾਲ ਜਾਂਚ ਕਰਨ ਵਿਚ ਜੁੱਟ ਗਈ ਹੈ। ਇਸ ਦੋਹਰੀ ਘਟਨਾ ਦਾ ਅਸਲੀ ਕਾਰਨ ਤਾਂ ਪੁਲਸ ਦੀ ਜਾਂਚ ਤੋਂ ਬਾਅਦ ਸਾਹਮਣੇ ਆਵੇਗਾ। ਫਿਲਹਾਲ ਥਾਣਾ ਸਿਟੀ 1 ਮਾਨਸਾ ਦੀ ਪੁਲਸ ਨੇ ਮ੍ਰਿਤਕ ਸ਼ਰਾਬ ਠੇਕੇਦਾਰ ਮੁਨੀਸ਼ ਕੁਮਾਰ ਗੋਇਲ ਅਤੇ ਠੇਕੇਦਾਰ ਭੀਮ ਸੈਨ ਹੈਪੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪਿਤਾ ਦੀ ਗੋਲੀ ਨਾਲ ਜ਼ਖ਼ਮੀ ਹੋਏ ਪੁੱਤਰ ਦੀ ਵੀ ਹੋਈ ਮੌਤ
ਸ਼ਹਿਰ ਦੇ ਪ੍ਰਸਿੱਧ ਠੇਕੇਦਾਰ ਮੁਨੀਸ਼ ਕੁਮਾਰ ਵੱਲੋਂ ਖੁਦਕੁਸ਼ੀ ਕਰ ਲੈਣ ਦੇ ਮਾਮਲੇ 'ਚ ਜ਼ਖ਼ਮੀ ਹੋਏ ਪੁੱਤਰ ਕੇਸ਼ਵ ਗੋਇਲ ਦੀ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਵਿਚ ਇਲਾਜ ਅਧੀਨ ਮੌਤ ਹੋ ਗਈ ਹੈ। ਹਮਲੇ ਦਾ ਸ਼ਿਕਾਰ ਹੋਏ ਠੇਕੇਦਾਰ ਭੀਮ ਸੈਨ ਹੈਪੀ ਦੀ ਹਾਲਤ ਆਮ ਦੱਸੀ ਜਾ ਰਹੀ ਹੈ।
ਕੀ ਸੀ ਮਾਮਲਾ?
ਸ਼ਰਾਬ ਦੇ ਠੇਕੇਦਾਰ ਮੁਨੀਸ਼ ਕੁਮਾਰ ਨੇ ਕਿਸੇ ਗੱਲ ਨੂੰ ਲੈ ਕੇ ਦੂਸਰੇ ਸ਼ਰਾਬ ਦੇ ਠੇਕੇਦਾਰ ਭੀਮ ਸੈਨ ਹੈਪੀ 'ਤੇ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਈਆਂ ਸਨ। ਭੀਮ ਸੈਨ ਹੈਪੀ ਨੂੰ ਸਿਵਲ ਹਸਪਤਾਲ ਮਾਨਸਾ ਲਿਜਾਇਆ ਗਿਆ। ਜਿਥੋਂ ਡੀ. ਐੱਮ. ਸੀ. ਲੁਧਿਆਣਾ ਵਿਚ ਰੈਫਰ ਕਰ ਦਿੱਤਾ ਗਿਆ ਤੇ ਉਹ ਬਚ ਗਿਆ ਪਰ ਗੋਲੀਆਂ ਚਲਾਉਣ ਵਾਲਾ ਮੁਨੀਸ਼ ਕੁਮਾਰ ਇਸ ਘਟਨਾ ਨੂੰ ਅੰਜਾਮ ਦੇਣ ਉਪਰੰਤ ਆਪਣੇ ਘਰ ਆ ਗਿਆ ਤੇ ਘਰ ਆ ਕੇ ਉਸ ਨੇ ਖੁਦਕੁਸ਼ੀ ਕਰਨੀ ਚਾਹੀ ਤਾਂ ਉਸ ਦੀ ਪਤਨੀ ਸੋਨੀਆ ਨੇ ਉਸ ਨੂੰ ਰੋਕਿਆ ਤਾਂ ਇਸ ਦੌਰਾਨ ਇਕ ਗੋਲੀ ਉਸ ਦੇ ਪੁੱਤਰ ਕੇਸ਼ਵ ਦੇ ਸਿਰ ਵਿਚ ਜਾ ਲੱਗੀ। ਇਸ ਘਟਨਾ ਵਿਚ ਉਸ ਦੀ ਪਤਨੀ ਸੋਨੀਆ ਤਾਂ ਬਚ ਗਈ ਪਰ ਮਾਸੂਮ ਬੇਟੇ ਨੂੰ ਗੋਲੀਆਂ ਲੱਗਣ 'ਤੇ ਉਸ ਨੂੰ ਡੀ. ਐੱਮ. ਸੀ. ਲੁਧਿਆਣਾ 'ਚ ਲਿਆਂਦਾ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਖੁਦਕੁਸ਼ੀ ਕਰਨ ਵਾਲੇ ਦਾ ਇਕ ਹੋਰ ਪੁੱਤਰ ਚੰਡੀਗੜ੍ਹ ਵਿਖੇ ਪੜ੍ਹ ਰਿਹਾ ਹੈ।
ਮ੍ਰਿਤਕ ਪਿਤਾ-ਪੁੱਤਰ ਦਾ ਸਸਕਾਰ ਅੱਜ
ਇਸ ਘਟਨਾ 'ਚ ਜ਼ਖ਼ਮੀ ਹੋਏ ਮੁਨੀਸ਼ ਦੇ ਪੁੱਤਰ ਕੇਸ਼ਵ ਗੋਇਲ ਦੀ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਵਿਚ ਇਲਾਜ ਅਧੀਨ ਮੌਤ ਹੋ ਗਈ, ਜਿਸ ਉਪਰੰਤ ਮ੍ਰਿਤਕ ਪਿਤਾ-ਪੁੱਤਰ ਦਾ ਸਸਕਾਰ 1 ਨਵੰਬਰ ਨੂੰ ਸਵੇਰੇ 11 ਵਜੇ ਰਾਮਬਾਗ ਸ਼ਮਸ਼ਾਨਘਾਟ ਮਾਨਸਾ ਵਿਖੇ ਕੀਤਾ ਜਾਵੇਗਾ।
ਕੀ ਕਹਿਣਾ ਹੈ ਥਾਣਾ ਸਿਟੀ ਮੁਖੀ ਦਾ
ਥਾਣਾ ਸਿਟੀ 1 ਮਾਨਸਾ ਦੇ ਮੁਖੀ ਹਰਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਮ੍ਰਿਤਕ ਮੁਨੀਸ਼ ਕੁਮਾਰ ਦੀ ਮਾਤਾ ਮੂਰਤੀ ਦੇਵੀ ਦੇ ਬਿਆਨਾਂ 'ਤੇ ਖੁਦਕੁਸ਼ੀ ਲਈ ਮਜਬੂਰ ਕਰਨ ਨੂੰ ਲੈ ਕੇ ਠੇਕੇਦਾਰ ਭੀਮ ਸੈਨ ਹੈਪੀ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ, ਓਧਰ ਠੇਕੇਦਾਰ ਭੀਮ ਸੈਨ ਹੈਪੀ ਦੇ ਮੁਲਾਜ਼ਮ ਜਤਿੰਦਰ ਕੁਮਾਰ ਦੇ ਬਿਆਨਾਂ ਤੇ ਮ੍ਰਿਤਕ ਸ਼ਰਾਬ ਠੇਕੇਦਾਰ ਮੁਨੀਸ਼ ਕੁਮਾਰ ਗੋਇਲ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ
NEXT STORY