ਜਲੰਧਰ(ਸ਼ੋਰੀ)-ਮਾਡਲ ਹਾਊਸ ਰੋਡ ਦੇ ਨੇੜੇ ਪੈਂਦੇ ਤਿਲਕ ਨਗਰ 'ਚ ਅੱਜ ਛੋਟੇ ਬੱਚੇ ਤੋਂ ਗੁਆਂਢੀਆਂ ਵਿਚ ਹਿੰਸਕ ਟਕਰਾਅ ਹੋ ਗਿਆ। ਇਸ ਦੌਰਾਨ ਇਲਾਕੇ ਵਿਚ ਇੱਟਾਂ ਤੇ ਹਥਿਆਰ ਵੀ ਚੱਲੇ, ਹਥਿਆਰ ਨਾਲ ਲੋਕਾਂ ਨੇ ਇਕ-ਦੂਜੇ 'ਤੇ ਹਮਲਾ ਕਰਕੇ ਗੁੰਡਾਗਰਦੀ ਤੱਕ ਕੀਤੀ, ਜਿਸ ਕਾਰਨ ਇਲਾਕੇ ਦਾ ਮਾਹੌਲ ਵੀ ਖਰਾਬ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੂੰ ਦੇਖ ਕੇ ਕੁਝ ਹਮਲਾਵਰ ਫਰਾਰ ਹੋ ਗਏ। ਪੁਲਸ ਨੇ ਦੋਵੇਂ ਧਿਰਾਂ ਦੇ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਪਹਿਲੀ ਧਿਰ ਦੇ ਜ਼ਖ਼ਮੀ ਰਾਕੇਸ਼ ਪੁੱਤਰ ਹਰਬੰਸ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢੀਆਂ ਦਾ ਛੋਟਾ ਬੱਚਾ ਉਨ੍ਹਾਂ ਦੇ ਘਰ ਦੇ ਬਾਹਰ ਸ਼ੋਰ ਮਚਾ ਰਿਹਾ ਸੀ। ਉਸਦੀ ਪਤਨੀ ਸੁਰੇਸ਼ ਰਾਣੀ ਨੇ ਬੱਚੇ ਨੂੰ ਰੋਕਿਆ ਤਾਂ ਬੱਚੇ ਦੀ ਮਾਂ ਸੁਰੇਸ਼ ਨਾਲ ਝਗੜਾ ਕਰਨ ਲੱਗੀ। ਕੁਝ ਦੇਰ ਬਾਅਦ ਗੁਆਂਢੀ ਮੁਕੇਸ਼ ਆਪਣੇ ਹਥਿਆਰ ਨਾਲ ਲੈਸ ਸਾਥੀਆਂ ਨਾਲ ਉਨ੍ਹਾਂ ਦੇ ਘਰ ਆ ਕੇ ਕੁੱਟਮਾਰ ਕਰਨ ਲੱਗਾ ਅਤੇ ਇਸ ਦੌਰਾਨ ਉਸਦੀ ਪਤਨੀ ਤੇ ਪੁੱਤਰ ਤੇਜਪਾਲ 'ਤੇ ਵੀ ਹਥਿਆਰ ਨਾਲ ਹਮਲਾ ਕੀਤਾ। ਦੂਜੀ ਧਿਰ ਦੇ ਜ਼ਖ਼ਮੀ ਮੁਕੇਸ਼ ਪੁੱਤਰ ਕਰਤਾਰ ਚੰਦ ਨੇ ਪਹਿਲੀ ਧਿਰ 'ਤੇ ਹਮਲਾ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਦੋ ਸਾਲ ਦੇ ਬੱਚੇ ਨੂੰ ਗੁਆਂਢੀ ਔਰਤ ਗਾਲਾਂ ਕੱਢਣ ਲੱਗੀ। ਉਸਦੀ ਪਤਨੀ ਰਿੰਪੀ ਵਲੋਂ ਵਿਰੋਧ ਜਤਾਉਣ 'ਤੇ ਗੁਆਂਢੀਆਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ 'ਤੇ ਹਮਲਾ ਕੀਤਾ। ਥਾਣਾ ਭਾਰਗੋ ਕੈਂਪ ਦੇ ਐੱਸ.ਐੱਚ.ਓ. ਜੀਵਨ ਸਿੰਘ ਦਾ ਕਹਿਣਾ ਹੈ ਕਿ ਪੁਲਸ ਜ਼ਖ਼ਮੀਆਂ ਦੇ ਬਿਆਨ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰੇਗੀ। ਇਲਾਕੇ ਵਿਚ ਗੁੰਡਾਗਰਦੀ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਹੋਵੇਗੀ।
ਜਲੂਸ ਕੱਢਣ ਤੇ ਪੰਜ ਜਾਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਪਾਬੰਦੀ
NEXT STORY