ਲੁਧਿਆਣਾ(ਮਹੇਸ਼)- ਸਲੇਮ ਟਾਬਰੀ ਇਲਾਕੇ ’ਚ ਬੁੱਧਵਾਰ ਨੂੰ ਖੁੱਲ੍ਹੇਆਮ ਗੁੰਡਾਗਰਦੀ ਦਾ ਨੰਗਾ-ਨਾਚ ਹੋਇਆ। ਹਥਿਆਰਾਂ ਨਾਲ ਲੈੱਸ ਪਿਤਾ-ਪੁੱਤਰਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਹੀ ਪਰਿਵਾਰ ਦੇ 5 ਲੋਕਾਂ ’ਤੇ ਜਾਨਲੇਵਾ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜ਼ਖਮੀਆਂ ’ਚ 50 ਸਾਲਾਂ ਇਕ ਔਰਤ ਵੀ ਹੈ। ਜ਼ਖਮੀਆਂ ਦੀ ਪਛਾਣ ਨਿਊਂ ਕਰਤਾਰ ਨਗਰ ਦੇ ਜਜਨ ਭਾਰਦਵਾਜ (52), ਜਜਨ ਦੇ ਤਿੰਨ ਪੁੱਤਰ ਅੰਕੁਸ਼ ਭਾਰਦਵਾਜ (28), ਪੰਕਜ ਭਾਰਦਵਾਜ (22) ਸੌਰਵ ਭਾਰਦਵਾਜ (20) ਤੇ ਜਜਨ ਦੀ ਭਰਜਾਈ ਸੁਦੇਸ਼ ਕੁਮਾਰੀ ਦੇ ਤੌਰ ’ਤੇ ਹੋਈ ਹੈ। ਇਹ ਘਟਨਾ ਨੇਡ਼ੇ ਇਕ ਸੀ. ਸੀ. ਟੀ. ਵੀ. ’ਚ ਕੈਦ ਹੋ ਗਈ, ਜਿਸ ’ਚ ਪਿਓ-ਪੁੱਤ ਤੇਜ਼ਧਾਰ ਹਥਿਆਰਾਂ ਨਾਲ ਪੀਡ਼ਤ ’ਤੇ ਹਮਲਾ ਕਰ ਰਹੇ ਹਨ। ਪੰਕਜ ਨੇ ਦੱਸਿਆ ਕਿ ਉਸ ਦੀ ਪਿਤਾ ਦੀ ਮਾਰਕੀਟ ’ਚ ਹਲਵਾਈ ਦੀ ਦੁਕਾਨ ਹੈ, ਜਿੱਥੇ ਉਹ ਵੀ ਆਪਣੇ ਪਿਤਾ ਨਾਲ ਹੱਥ ਵੰਡਾਉਂਦਾ ਹੈ। ਗੁਆਂਢ ’ਚ ਮੁਲਜ਼ਮ ਪਰਮਜੀਤ ਦਾ ਸਟੂਡੀਓ ਹੈ। ਉਸ ਨਾਲ ਉਨ੍ਹਾਂ ਦੀ ਪਿਛਲੇ 2 ਸਾਲ ਤੋਂ ਪੁਰਾਣੀ ਰੰਜਿਸ਼ ਚੱਲ ਰਹੀ ਹੈ ਅਤੇ ਅਦਾਲਤ ਵਿਚ ਕੇਸ ਵੀ ਵਿਚਾਰ ਅਧੀਨ ਹੈ। ਉਸ ਨੇ ਦੋਸ਼ ਲਾਉਂਦਿਆਂ ਕਿਹਾ ਕਿ ਅੱਜ ਸਵੇਰੇ ਕਰੀਬ 6 ਵਜੇ ਉਹ ਦੁਕਾਨ ਖੋਲ੍ਹ ਕੇ ਸਾਫ-ਸਫਾਈ ਦਾ ਕੰਮ ਰਿਹਾ ਸੀ ਤਾਂ ਪਰਮਜੀਤ ਯੋਜਨਾ ਮੁਤਾਬਕ ਆਪਣੀ ਕਾਰ ਵਿਚ ਆਇਆ ਅਤੇ ਉਸ ਦੇ ਨਾਲ ਬਿਨਾਂ ਕਾਰਨ ਹੀ ਗਾਲੀ-ਗਲੋਚ ਕਰਨ ਲੱਗਾ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਕੁਝ ਹੀ ਮਿੰਟਾਂ ’ਚ ਮੁਲਜ਼ਮ ਦੇ ਦੋਨੋਂ ਪੁੱਤਰ ਹਥਿਆਰਾਂ ਨਾਲ ਲੈੱਸ ਹੋ ਕੇ ਐਕਟਿਵਾ ’ਤੇ ਪਹੁੰਚ ਗਏ। ਉਸ ਸਮੇਂ ਪਰਮਜੀਤ ਨੇ ਕਿਹਾ ਕਿ ਅੱਜ ਉਸ ਨੂੰ ਜਿਊਂਦਾ ਨਹੀਂ ਛੱਡਣਾ ਹੈ। ਇਸ ਦੇ ਬਾਅਦ ਸਾਰੇ ਮੁਲਜ਼ਮ ਉਸ ਦੀ ਦੁਕਾਨ ਵਿਚ ਦਾਖਲ ਹੋਏ ਅਤੇ ਉਸ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਪਰਮਜੀਤ ਨੇ ਹਥੌਡ਼ੀ ਨਾਲ ਤੇ ਉਸ ਦੇ ਪੁੱਤਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਸਿਰ ’ਤੇ ਕਈ ਵਾਰ ਕੀਤੇ। ਇਸ ਦੇ ਬਾਅਦ ਮੁਲਜ਼ਮਾਂ ਨੇ ਉਸ ਨੂੰ ਦੁਕਾਨ ਦੇ ਬਾਹਰ ਖਿੱਚ ਕੇ ਵੀ ਖੁਲ੍ਹੇਆਮ ਹਥਿਆਰਾਂ ਨਾਲ ਜ਼ਖਮੀ ਕੀਤਾ ਅਤੇ ਉਸ ਦੇ ਗਲੇ ’ਚੋਂ ਪਹਿਨੀ ਹੋਈ ਸੋਨੇ ਦੀ ਚੇਨ, ਅੰਗੂਠੀ ਤੇ ਕਾਊਂਟਰ ’ਤੇ ਪਈ 7,000 ਰੁਪਏ ਦੀ ਨਕਦੀ ਵੀ ਚੁੱਕ ਕੇ ਲੈ ਗਏ। ਇਸ ਦੌਰਾਨ ਹਮਲੇ ਦੀ ਖ਼ਬਰ ਮਿਲਣ ’ਤੇ ਜਦੋਂ ਉਸ ਦੇ ਪਿਤਾ, ਤਾਈ ਅਤੇ ਭਰਾ ਦੁਕਾਨ ਵੱਲ ਆ ਰਹੇ ਸਨ ਤਾਂ ਮੁਲਜ਼ਮਾਂ ਨੇ ਰਸਤੇ ਵਿਚ ਉਨ੍ਹਾਂ ਨੂੰ ਘੇਰ ਕੇ ਉਨ੍ਹਾਂ ’ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਉਨ੍ਹਾਂ ਨੂੰ ਵੀ ਜ਼ਖਮੀ ਕਰ ਦਿੱਤਾ। ਇਸ ਦੌਰਾਨ ਮੁਲਜ਼ਮਾਂ ਨੇ ਉਸ ਦੀ ਤਾਈ ਦੇ ਕੱਪਡ਼ੇ ਤੱਕ ਪਾਡ਼ ਦਿੱਤੇ ਅਤੇ ਪੂਰੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਪੰਕਜ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਪੀ. ਸੀ. ਆਰ. ਮੁਲਾਜ਼ਮ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਮੁਲਜ਼ਮਾਂ ਦੀ ਕਾਰ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਪਰ ਮੁਲਜ਼ਮ ਸਾਥੀਆਂ ਸਣੇ ਮੌਕੇ ’ਤੋਂ ਫਰਾਰ ਹੋ ਗਏ। ਪੀਡ਼ਤਾ ਦਾ ਦੋਸ਼ ਹੈ ਕਿ ਮੁਲਜ਼ਮ ’ਤੇ ਕਈ ਪ੍ਰਭਾਵਸ਼ਾਲੀ ਲੋਕਾਂ ਦਾ ਹੱਥ ਹੈ। ਜਿਸ ਕਾਰਨ ਅਜੇ ਤੱਕ ਇਕ ਵੀ ਮੁਲਜ਼ਮ ਨੂੰ ਫਡ਼ਿਆ ਨਹੀਂ ਗਿਆ।
ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਥਾਣਾ ਮੁਖੀ
ਇੰਸ. ਵਿਜੇ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ’ਚ ਪਰਮਜੀਤ ਸ਼ਰਮਾ, ਉਸ ਦੇ ਦੋਨੋਂ ਪੁੱਤਰਾਂ ਅਤੁਲ ਸ਼ਰਮਾ, ਅੰਕੁਸ਼ ਸ਼ਰਮਾ ਤੇ ਇਨ੍ਹਾਂ ਦੇ 2 ਅਣਪਛਾਤੇ ਸਾਥੀਆਂ ’ਤੇ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਇਲਾਕੇ ਵਿਚ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕਰਨਗੇ ਅਤੇ ਜੋ ਕਾਨੂੰਨ ਨੂੰ ਹੱਥ ’ਚ ਲਵੇਗਾ, ਉਸ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ, ਚਾਹੇ ਉਹ ਕਿੰਨੀ ਵੀ ਉੱਚੀ ਪਹੁੰਚ ਹੀ ਕਿਉਂ ਨਾ ਰੱਖਦਾ ਹੋਵੇ।
ਨਾਜਾਇਜ਼ ਸ਼ਰਾਬ ਸਣੇ 2 ਕਾਬੂ
NEXT STORY